ਯੋਗੀ ਅਦਿੱਤਿਆਨਾਥ ਨੂੰ ਆਪਣੇ ਸੂਬੇ ਦੇ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਸਲਾਹ
ਹਰਪ੍ਰੀਤ ਕੌਰ , ਸੰਗਰੂਰ 16 ਮਈ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ‘ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਕੀਤਾ ਟਵੀਟ ਅਤਿ ਨਿੰਦਣਯੋਗ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਕੀਤਾ।
ਪ੍ਰਿੰ. ਕੁਲਦੀਪ ਸਿੰਘ ਚੂੜਲ ਨੇ ਕਿਹਾ ਕਿ ਯੋਗੀ ਅਦਿਤਿਆਨਾਥ ਨੂੰ ਪੰਜਾਬ ਦੇ ਮਾਮਲਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਤਰ ਪ੍ਰਦੇਸ਼ ਦੀ ਭਾਜਪਾ ਦੀ ਵੰਡ-ਪਾਊ ਤੇ ਵਿਨਾਸ਼ਕਾਰੀ ਸਰਕਾਰ ਨਾਲੋਂ ਕਿਤੇ ਵਧੀਆ ਮਾਹੌਲ ਹੈ ਜਦੋਂ ਕਿ ਉਤਰ ਪ੍ਰਦੇਸ਼ ਵਿੱਚ ਪਿਛਲੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਭਾਜਪਾ ਸਰਕਾਰ ਨੇ ਫਿਰਕੂ ਵਿਵਾਦਾਂ ਨੂੰ ਸਰਗਰਮੀ ਨਾਲ ਅੱਗੇ ਵਧਾਇਆ ਹੈ।
ਉਹਨਾਂ ਕਿਹਾ ਕਿ ਯੋਗੀ ਅਦਿਤਿਆਨਾਥ ਪੰਜਾਬ ਦੇ ਸਿਧਾਂਤਾਂ, ਇਤਿਹਾਸ , ਸਿੱਖ ਧਰਮ ਅਤੇ ਗੁਰੂ ਸਾਹਿਬਾਨ ਨਾਲ ਮਲੇਰਕੋਟਲਾ ਦੇ ਇਤਿਹਾਸਕ ਰਿਸ਼ਤੇ ਤੋਂ ਅਣਜਾਣ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਾਜਪਾ ਆਗੂ ਆਪਣੇ ਇਸ ਨੇਤਾ ਨੂੰ ਮਲੇਰਕੋਟਲਾ ਦੇ ਇਤਿਹਾਸ ਤੋਂ ਜਾਣੂ ਜ਼ਰੂਰ ਕਰਵਾਉਣ ਜੋ ਕਿ ਧਾਰਮਿਕ ਪਹਿਰਾਵਾ ਪਹਿਨ ਕੇ ਘੱਟ ਗਿਣਤੀਆਂ ਖ਼ਿਲਾਫ਼ ਹਮੇਸ਼ਾ ਜ਼ਹਿਰ ਉਗਲਦਾ ਰਹਿੰਦਾ ਹੈ ।
ਉਨ੍ਹਾਂ ਕਿਹਾ ਕਿ ਯੋਗੀ ਦੀ ਭਾਰਤੀ ਸੰਵਿਧਾਨ ‘ਚ ਸ਼ਰਧਾ ਜੱਗ ਜਾਹਿਰ ਹੈ ਕਿ ਕਿਵੇਂ ਉਤਰ ਪ੍ਰਦੇਸ਼ ਵਿੱਚ ਉਸ ਦੀ ਹੀ ਸਰਕਾਰ ਵੱਲੋਂ ਰੋਜ਼ ਹੀ ਬੇਰਹਿਮੀ ਨਾਲ ਗੈਰ ਸੰਵਿਧਾਨਕ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਕਿਹਾ ਕਿ ਯੋਗੀ ਅਦਿੱਤਿਆਨਾਥ ਸਰਕਾਰ ਅਤੇ ਭਾਜਪਾ ਦੇ ਫਿਰਕੂ ਨਫਰਤ ਫੈਲਾਉਣ ਦੇ ਟਰੈਕ ਰਿਕਾਰਡ ਨੂੰ ਦੇਖਦਿਆਂ ਅਜਿਹੀਆਂ ਟਿੱਪਣੀਆਂ ਸਰਾਸਰ ਬੇਤੁਕੀਆਂ ਤੇ ਬੋਲੜੀਆਂ ਹਨ। ਯੋਗੀ ਅਦਿਤਿਆਨਾਥ ਦੀਆਂ ਵੰਡ-ਪਾਊ ਨੀਤੀਆਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਉਤਰ ਪ੍ਰਦੇਸ਼ ਵਿੱਚ ਮੁਗਲ ਸਰਾਏ ਦਾ ਨਾਮ ਪੰਡਿਤ ਦੀਨ ਦਿਆਲ ਉਪਾਧਿਆ ਨਗਰ, ਅਲਾਹਬਾਦ ਦਾ ਨਾਮ ਪ੍ਰਯਾਗਰਾਜ ਅਤੇ ਫੈਜ਼ਾਬਾਦ ਦਾ ਨਾਮ ਅਯੋਧਿਆ ਬਦਲਣ ਸਮੇਤ ਵੱਖ-ਵੱਖ ਸ਼ਹਿਰਾਂ ਦੇ ਨਾਮ ਬਦਲਣਾ ਯੋਗੀ ਸਰਕਾਰ ਵੱਲੋਂ ਇਤਿਹਾਸ ਨੂੰ ਮੁੜ ਲਿਖਣ ਦੀ ਕੋਸ਼ਿਸ਼ ਹੈ ਜਿਸ ਨੂੰ ਭਾਰਤ ਦੇ ਸ਼ਾਂਤੀ ਪਸੰਦ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮਲੇਰਕੋਟਲਾ ਬਾਰੇ ਟਵੀਟ ਇਕ ਭੜਕਾਊ ਸੰਕੇਤ ਤੋਂ ਇਲਾਵਾ ਹੋਰ ਕੁਝ ਨਹੀਂ ਸੀ, ਜਿਸ ਦਾ ਉਦੇਸ਼ ਪੰਜਾਬ ਵਿਚ ਸੰਪੂਰਨ ਇਕਜੁੱਟਤਾ ਨਾਲ ਰਹਿ ਰਹੇ ਭਾਈਚਾਰਿਆਂ ਵਿਚ ਟਕਰਾਅ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਬਦਅਮਨੀ ਫੈਲਾਉਣ ਦੀ ਸਾਜਿਸ਼ ਹੈ । ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਇਹ ਭੁੱਲ ਗਏ ਹਨ ਕਿ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜੇ ਇਹ ਸੰਕੇਤ ਦਿੰਦੇ ਹਨ ਕਿ ਦੇਸ਼ ਭਰ ‘ਚ ਭਾਜਪਾ ਦੇ ਸਿਆਸੀ ਹਾਲਾਤ ਠੀਕ ਨਹੀਂ ਹਨ। ਯੋਗੀ ਅਦਿੱਤਿਆਨਾਥ ਨੂੰ ਆਪਣਾ ਧਿਆਨ ਖੁਦ ਦੇ ਸੂਬੇ ਨੂੰ ਬਚਾਉਣ ‘ਤੇ ਲਗਾਉਣਾ ਚਾਹੀਦਾ ਹੈ ਜਿਥੇ ਕੋਵਿਡ ਦੇ ਹਾਲਾਤ ਸਪੱਸ਼ਟ ਤੌਰ ‘ਤੇ ਕਾਬੂ ਤੋਂ ਬਾਹਰ ਹਨ ਜਿੱਥੇ ਮਹਾਂਮਾਰੀ ਤੋਂ ਪੀੜਤ ਲੋਕਾਂ ਦੀਆਂ ਲਾਸ਼ਾਂ ਨਦੀਆਂ ਵਿੱਚ ਸੁੱਟੀਆਂ ਮਿਲ ਰਹੀਆਂ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਮਾਣ ਸਤਿਕਾਰ ਨਾਲ ਅੰਤਿਮ ਸਸਕਾਰ/ਦਫ਼ਨਾਉਣ ਦੀਆਂ ਰਸਮਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।
ਪ੍ਰਿੰ. ਚੂੜਲ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਆਪਣੇ ਸੂਬੇ ਦੇ ਲੋਕਾਂ ਦੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਵੀ ਨਹੀਂ ਕਰ ਸਕਦਾ ਜਿੱਥੇ ਉਨ੍ਹਾਂ ਨਾਲ ਅਜਿਹੇ ਸ਼ਰਮਨਾਕ ਵਤੀਰੇ ਅਤੇ ਅਪਮਾਨ ਨਾਲ ਪੇਸ਼ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ, ਤਾਂ ਅਜਿਹੇ ਮੁੱਖ ਮੰਤਰੀ ਨੂੰ ਆਪਣੇ ਅਹੁਦੇ ‘ਤੇ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ।”