ਐਮ.ਪੀ. ਬਿੱਟੂ, ਐਮ.ਐਲ.ਏ. ਤਲਵਾੜ, ਕੌਸਲਰ ਮਮਤਾ ਆਸ਼ੂ ਤੇ ਡੀ.ਸੀ. ਵੱਲੋਂ ਕੀਤਾ ਉਦਘਾਟਨ
ਦਵਿੰਦਰ ਡੀ ਕੇ ,ਲੁਧਿਆਣਾ, 14 ਮਈ 2021
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਸਹਿਯੋਗ ਸਦਕਾ ਅੱਜ ਲੁਧਿਆਣਾ ਸ਼ਹਿਰ ਵਿੱਚ ਲੈਵਲ-1 ਅਤੇ ਲੈਵਲ-2 ਮਰੀਜ਼ਾਂ ਦੇ ਇਲਾਜ਼ ਲਈ 220 ਬੈਡਾਂ ਵਾਲੇ ਕੋਵਿਡ ਕੇਅਰ ਸੈਂਟਰਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਕੇਂਦਰਾਂ ਦਾ ਉਦਘਾਟਨ ਅੱਜ ਲੁਧਿਆਣਾ ਦੇ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ, ਵਿਧਾਇਕ ਸ੍ਰੀ ਸੰਜੇ ਤਲਵਾੜ, ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਹਿਰ ਦੇ ਹੰਬੜਾਂ ਰੋਡ ਅਤੇ ਮੁੰਡੀਆਂ ਇਲਾਕੇ ਵਿੱਚ ਕੀਤਾ।
ਸਥਾਨਕ ਹੰਬੜਾਂ ਰੋਡ ‘ਤੇ ਕੋਵਿਡ ਕੇਅਰ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਸ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਹਰੇਕ ਕੇਂਦਰ ਵਿੱਚ 110 ਬੈਡ (55 ਮਰਦਾਂ ਅਤੇ 55 ਔਰਤਾਂ ਹੋਣਗੇ। ਉਨ੍ਹਾਂ ਰਾਧਾ ਸੁਆਮੀ ਸਤਸੰਗ ਬਿਆਸ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੂੰ ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਦੀ ਸ਼ੁਰੂਆਤ ਲਈ ਸਹਿਯੋਗ ਦਿੱਤਾ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿਚ ਸਿਹਤ ਦੇ ਬੁਨਿਆਦੀ ਢਾਂਚੇੇ ਦੇ ਪਸਾਰ ਲਈ, ਜੋ ਕੋਵਿਡ ਮਹਾਂਮਾਰੀ ਨਾਲ ਪ੍ਰਭਾਵਿਤ ਹੋਇਆ ਹੈ, ਇਹ ਕੋਵਿਡ ਕੇਅਰ ਸੈਂਟਰ ਲੈਵਲ-1 ਅਤੇ ਲੈਵਲ-2 ਦੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਬੈਡਾਂ ਲਈ ਆਕਸੀਜਨ ਦੀ ਸਪਲਾਈ ਵੀ ਯਕੀਨੀ ਬਣਾਈ ਜਾਵੇਗੀ।
ਸ੍ਰੀਮਤੀ ਮਮਤਾ ਆਸ਼ੂ ਨੇ ਰਾਧਾ ਸੁਆਮੀ ਸਤਸੰਗ ਬਿਆਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕੋਵਿਡ-19 ਦੇ ਵਿਰੁੱਧ ਲੜਨ ਵਿਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਉਨ੍ਹਾਂ ਲੋੜਵੰਦਾਂ ਲਈ ਪਨਾਹ ਅਤੇ ਲੰਗਰ ਮੁਹੱਈਆ ਕਰਵਾ ਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਸੀ।
ਸਥਾਨਕ ਮੁੰਡਿਆਂ ਵਿਖੇ ਫੋਰਟਿਸ ਹਸਪਤਾਲ ਨਾਲ ਲੱਗਦੇ ਕੋਵਿਡ ਕੇਅਰ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਕਿਹਾ ਕਿ ਮਹਾਂਮਾਰੀ ਦੀ ਵਿਨਾਸ਼ਕਾਰੀ ਦੂਜੀ ਲਹਿਰ ਦਾ ਅਸਰਦਾਰ ਢੰਗ ਨਾਲ ਮੁਕਾਬਲਾ ਕਰਨ ਲਈ ਇਹ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਹੂਲਤਾਂ ਕੋਵਿਡ ਕੇਅਰ ਸੈਂਟਰ ਸ਼ੁਰੂ ਕਰਨ ਲਈ ਇਕ ਆਦਰਸ਼ ਜਗ੍ਹਾ ਹਨ ਅਤੇ ਇਸ ਵਿਚ ਲੈਵਲ-1 ਅਤੇ ਲੈਵਲ-2 ਦੇ ਮਰੀਜ਼ਾਂ ਲਈ ਆਕਸੀਜਨ ਬੈੱਡ ਹੋਣਗੇ। ਇਥੇ ਵੀ ਇਲਾਜ ਲਈ ਆਕਸੀਜਨ ਸਪਲਾਈ ਯਕੀਨੀ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਕਸੀਜਨ ਦੀ ਸਪਲਾਈ ਜਾਂ ਆਕਸੀਜਨ ਵਾਲੇ ਬੈਡਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਫਲੂ ਵਰਗੀ ਜਾਂ ਕੋਵਿਡ ਲੱਛਣ ਹੋਣ ਤਾਂ ਉਹ ਖੁਦ ਦਾ ਟੈਸਟ ਕਰਵਾਉਣ। ਉਨ੍ਹਾਂ ਲੁਧਿਆਣਾ ਉਦਯੋਗ ਦਾ ਵੀ ਧੰਨਵਾਦ ਕੀਤਾ ਕਿਉਂਕਿ ਪਿਛਲੇ 10 ਦਿਨਾਂ ਵਿਚ ਉਨ੍ਹਾਂ ਕੋਵਿਡ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜਨ ਲਈ 835 ਸਿਲੰਡਰ ਪ੍ਰਸ਼ਾਸਨ ਨੂੰ ਸਪੁਰਦ ਕੀਤੇ ਹਨ।
ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਵਿੱਚ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਏ.ਡੀ.ਸੀ. (ਡੀ) ਸ੍ਰੀ ਸੰਦੀਪ ਕੁਮਾਰ, ਜੁਆਇੰਟ ਸੀ.ਪੀ. ਸ੍ਰੀ ਜੇ. ਐਲਨਚੇਜ਼ੀਅਨ, ਏ.ਡੀ.ਸੀ. (ਜਨਰਲ) ਸ੍ਰੀ ਅਮਰਜੀਤ ਬੈਂਸ, ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਗਿੱਲ ਤੋਂ ਇਲਾਵਾ ਹੋਰ ਵੀ ਸ਼ਾਮਲ ਸਨ।