ਕੇਂਦਰ ਸਰਕਾਰ ਕਿਸਾਨੀ ਮਸਲਿਆਂ ਨੂੰ ਲੈ ਕੇ ਗੰਭੀਰ ਨਹੀਂ -ਕਿਸਾਨ ਆਗੂ
‘ਲੜਾਂਗੇ ਸਾਥੀ’ ਗਰੁੱਪ ਨੇ ‘ਇੱਕ ਮੰਤਰੀ,ਇੱਕ ਕੁਰਸੀ ਤੇ 15 ਅਗੱਸਤ’ ਨਾਟਕ ਪੇਸ਼ ਕੀਤਾ।
ਪਰਦੀਪ ਕਸਬਾ , ਬਰਨਾਲਾ: 9 ਮਈ, 2021
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ ਰੋਹ ਤੇ ਉਤਸ਼ਾਹ ਅੱਜ 221ਵੇਂ ਦਿਨ ਵੀ ਬਰਕਰਾਰ ਰਿਹਾ। ਅੱਜ ਧਰਨੇ ਵਿੱਚ ਮੋਰਚੇ ਵੱਲੋਂ 10 ਤੇ 12 ਤਰੀਕ ਨੂੰ ਦਿੱਲੀ ਵੱਲ ਵਹੀਰਾਂ ਘੱਤਣ ਵਾਲੇ ਸੱਦੇ ਦਾ ਮੁੱਦਾ ਭਾਰੂ ਰਿਹਾ। ਅੱਜ ਇਨਾਇਤ ਅਲੀ ਦੀ ਨਿਰਦੇਸ਼ਨਾ ਹੇਠ ‘ਲੜਾਂਗੇ ਸਾਥੀ ਥੀਏਟਰ ਗਰੁੱਪ ਪਟਿਆਲਾ’ ਨੇ ਇੱਕ ਮੰਤਰੀ, ਇੱਕ ਕੁਰਸੀ ਤੇ 15 ਅਗੱਸਤ’ ਨਾਟਕ ਪੇਸ਼ ਕੀਤਾ। ਸਾਡੇ ਮੁਲਕ ਦੀਆਂ ਅਜੋਕੀਆਂ ਹਾਲਤਾਂ ਦੀ ਤਰਜਮਾਨੀ ਕਰਦੇ ਨਾਟਕ ਨੂੰ ਦਰਸ਼ਕਾਂ ਨੇ ਇਕਚਿੱਤ ਹੋ ਕੇ ਸੁਣਿਆ ਤੇ ਦੇਖਿਆ।
ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ, ਗੁਰਨਾਮ ਸਿੰਘ ਠੀਕਰੀਵਾਲਾ, ਮੇਲਾ ਸਿੰਘ ਕੱਟੂ, ਮਨਜੀਤ ਰਾਜ,ਹਰਚਰਨ ਸਿੰਘ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਬਲਵੀਰ ਕੌਰ ਕਰਮਗੜ,ਜਸਪਾਲ ਕੌਰ, ਅਮਰਜੀਤ ਕੌਰ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਕੁਲਵੰਤ ਸਿੰਘ ਮਾਨ ਤੇ ਗੁਰਦਰਸ਼ਨ ਸਿੰਘ ਦਿਉਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਸਮੱਸਿਆ ਨੂੰ ਵਿਗਿਆਨਕ ਢੰਗ ਨਾਲ ਨਜਿੱਠਣ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਕਰੋਨਾ ਨੂੰ ਸਿਆਸੀ ਮੰਤਵਾਂ ਲਈ ਵਰਤਣ ਦੇ ਚੱਕਰ ਵਿੱਚ ਸਮੱਸਿਆ ਨੂੰ ਗੰਭੀਰ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਸਰਕਾਰ ਆਕਸੀਜਨ, ਵੈਕਸ਼ੀਨ, ਵੈਂਟੀਲੇਟਰ, ਦਵਾਈਆਂ, ਮੈਡੀਕਲ ਸਟਾਫ ਤੇ ਹੋਰ ਸਬੰਧਤ ਸਹੂਲਤਾਂ ਦੀ ਪੂਰਤੀ ਪੱਖੋਂ ਹੀ ਨਾਕਾਮ ਨਹੀਂ ਹੋਈ ਸਗੋਂ ਬਿਮਾਰੀ ਦੀ ਸਹੀ ਜਾਣਕਾਰੀ ਦੇਣ ਪੱਖੋਂ ਵੀ ਫੇਲ੍ਹ ਹੋਈ ਹੈ। ਲੋਕਾਂ ਨੂੰ ਬਿਮਾਰੀ ਸਬੰਧੀ ਵਿਗਿਆਨਕ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸਰਕਾਰਾਂ ਦਾ ਪੂਰਾ ਜ਼ੋਰ ਸਿਰਫ਼ ਲੌਕਡਾਊਨ ਲਾ ਕੇ ਲੋਕਾਂ ਨੂੰ ਘਰਾਂ ਅੰਦਰ ਬੰਦ ਕਰਨ ‘ਤੇ ਲੱਗਿਆ ਹੋਇਆ ਹੈ, ਉਨ੍ਹਾਂ ਦੀ ਰੋਜ਼ੀ ਰੋਟੀ ਖਤਮ ਹੋਣ ਦੀ ਕੋਈ ਫਿਕਰ ਨਹੀਂ ਕੀਤੀ ਜਾ ਰਹੀ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ 10 ਤੇ 12 ਮਈ ਨੂੰ ਬਹੁਤ ਵੱਡੀ ਗਿਣਤੀ ਵਿੱਚ ਦਿੱਲੀ ਮੋਰਚਿਆਂ ਵੱਲ ਵਹੀਰਾਂ ਘੱਤਣਗੇ। ਉਨ੍ਹਾਂ ਨੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਦਿੱਲੀ ਪਹੁੰਚਣ ਦੇ ਇਸ ਸੱਦੇ ਨੂੰ ਭਰਪੂਰ ਹੁੰਗਾਰਾ ਦੇਣ ਦੀ ਅਪੀਲ ਕੀਤੀ। ਅੱਜ ਮੁਖਤਿਆਰ ਸਿੰਘ ਭੈਣੀ ਮਹਿਰਾਜ ਤੇ ਨਰਿੰਦਰ ਪਾਲ ਸਿੰਗਲਾ ਨੇ ਗੀਤ/ ਕਵਿਤਾਵਾਂ ਸੁਣਾਈਆਂ।