ਥਾਪਰ ਕਾਲਜ ਚੌਕ ਨੂੰ ਕਿਸਾਨ ਮੋਰਚਾ ਸ਼ਹੀਦ ਚੌਕ ਵਜੋਂ ਸਥਾਪਿਤ ਕਰਨ ਦੀ ਮੰਗ
ਬਲਵਿੰਦਰਪਾਲ , ਪਟਿਆਲਾ 6 ਮਈ 2021
ਪਟਿਆਲਾ ਸ਼ਹਿਰ ਦੇ ਥਾਪਰ ਚੌਕ ਵਿੱਚ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਕਿਸਾਨ ਲਹਿਰ ਨਾਲ ਇਕਜੁੱਟਤਾ ਪ੍ਰਗਟ ਕਰਨ ਦੌਰਾਨ ਹੋਏ ਭਿਆਨਕ ਹਾਦਸੇ ਕਾਰਨ ਜਾਨ ਗਵਾਉਣ ਤੇ ਗੰਭੀਰ ਜ਼ਖ਼ਮੀ ਹੋਣ ਵਾਲੇ ਕਾਰਕੁਨਾਂ ਤੇ ਆਮ ਸ਼ਹਿਰੀਆਂ ਲਈ ਇਨਸਾਫ ਦੀ ਮੰਗ ਅਤੇ ਆਮ ਸ਼ਹਿਰੀਆਂ ਨੂੰ ਜਾਗਰੂਕ ਕਰਨ ਨੂੰ ਲੈ ਕੇ ਕਿਸਾਨ ਮੋਰਚਾ ਇਨਸਾਫ ਕਮੇਟੀ ਦੀ ਅਗਵਾਈ ‘ਚ ਥਾਪਰ ਚੌਕ ਵਿੱਚ ਰੋਜਾਨਾ ਸ਼ਾਮ ਨੂੰ ਕੀਤੇ ਜਾਂਦੇ ਪ੍ਰਦਰਸ਼ਨ ਲਗਾਤਾਰ ਜਾਰੀ ਹਨ।
ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮੋਰਚਾ ਇਨਸਾਫ ਕਮੇਟੀ ਦੇ ਕਨਵੀਨਰ ਅਜਾਇਬ ਸਿੰਘ ਟਿਵਾਣਾ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਨੌਜਵਾਨ ਭਾਰਤ ਸਭਾ ਦੇ ਆਗੂ ਹਰਿੰਦਰ ਸਿੰਘ ਸੈਣੀਮਾਜਰਾ ਹੇਠ ਇਕੱਤਰ ਹੋਏ ਸੰਘਰਸ਼ੀ ਕਾਰਕੁੰਨਾਂ ਨੇ ਮੰਗ ਕੀਤੀ ਕਿ ਕਾਰਪੋਰੇਟ ਪੱਖੀ ਅਤੇ ਫ਼ਾਸ਼ੀਵਾਦੀ ਢੰਗ ਤਰੀਕਿਆਂ ਨਾਲ ਰਾਜ ਕਰਨ ਵਾਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਲੋਕ ਵਿਰੋਧੀ ਤਿੰਨ ਖੇਤੀ ਕਾਨੂੰਨ, ਬਿਜਲੀ ਐਕਟ ਸੋਧ ਬਿੱਲ 2020 ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ। ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੀਤੀ 29 ਮਾਰਚ ਨੂੰ ਥਾਪਰ ਚੌਕ ਵਿਚ ਹੋਏ ਭਿਆਨਕ ਹਾਦਸੇ ਦਾ ਸ਼ਿਕਾਰ ਕਿਸਾਨ ਲਹਿਰ ਦੇ ਸ਼ਹੀਦਾਂ ਅਤੇ ਜ਼ਖਮੀਆਂ ਨੂੰ ਸਹੀ ਮੁਆਵਜਾ ਦਿੱਤਾ ਜਾਵੇ। ਘਟਨਾ ਵਾਲੇ ਸਥਾਨ ਥਾਪਰ ਕਾਲਜ ਚੌਕ ਨੂੰ ਕਿਸਾਨ ਮੋਰਚਾ ਸ਼ਹੀਦ ਚੌਕ ਵਜੋਂ ਸਥਾਪਿਤ ਕੀਤਾ ਜਾਵੇ ਅਤੇ ਆਮ ਸ਼ਹਿਰੀਆਂ ਦੀ ਸੁਰੱਖਿਆ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਇਸ ਚੌਕ ਨੂੰ ਆਕਾਰ ਵਿੱਚ ਵੱਡਾ ਕੀਤਾ ਜਾਵੇ। ਆਪਣੀ ਜਿੰਮੇਵਾਰੀ ਤੋਂ ਭੱਜਣ ਵਾਲੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸਮੇਂ ਨੌਜਵਾਨ ਭਾਰਤ ਸਭਾ ਪਟਿਆਲਾ ਤੋਂ ਗੁਰਪ੍ਰੀਤ ਗੋਪੀ, ਰਾਹੁਲ, ਅਕਾਸ਼, ਬਲਵਿੰਦਰ ਸਿੰਘ, ਡੀਟੀਐਫ ਤੋਂ ਜਗਪਾਲ ਚਹਿਲ ਤੇ ਸੁਖਵੀਰ ਸਿੰਘ, ਅਧਿਆਪਕ ਦਲਵੀਰ ਸਿੰਘ, ਹਰਜੀਤ ਸਿੰਘ ਲੈਕਚਰਾਰ, ਛੋਟਾ ਬੱਚਾ ਮਨਰਾਜ, ਤਰਨਦੀਪ ਕੌਰ, ਕੁਲਦੀਪ ਕੌਰ ਟਿਵਾਣਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਸਰਗਰਮ ਵਰਕਰ ਸ਼ਾਮਿਲ ਰਹੇ।