Y S ਸਕੂਲ ਦੀ ਪ੍ਰਿੰਸੀਪਲ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਹਾਲੇ ਕਾਨੂੰਨੀ ਰਾਇ ਦੀ ਉਡੀਕ

Advertisement
Spread information

ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ  ਵੱਲੋਂ ਮੰਗੀ ਐਕਸ਼ਨ ਟੇਕਨ ਰਿਪੋਰਟ  ਅੱਜ ਭੇਜੇਗੀ ਪੁਲਿਸ ?

ਵਾਈ ਐਸ ਸਕੂਲ ਦੇ ਸ਼ਰਾਬੀ ਡਰਾਈਵਰ ਦੁਆਰਾ ਵਿੱਦਿਆਰਥੀਆਂ ਦੀ ਸੁਰੱਖਿਆ ਖਤਰੇ ਵਿੱਚ ਪਾਉਣ ਦਾ ਗੰਭੀਰ ਮਾਮਲਾ


ਹਰਿੰਦਰ ਨਿੱਕਾ , ਬਰਨਾਲਾ 5 ਅਪ੍ਰੈਲ 2021

    ਵਾਈ ਐਸ ਸਕੂਲ ਹੰਡਿਆਇਆ ਦੇ ਪ੍ਰਬੰਧਕਾਂ ਦੀ ਕਥਿਤ ਲਾਪਰਵਾਹੀ ਦੀ ਵਜ੍ਹਾ ਸਦਕਾ ਸਕੂਲ ਬੱਸ ਦੇ ਸ਼ਰਾਬੀ ਡਰਾਈਵਰ ਦੁਆਰਾ ਵਿੱਦਿਆਰਥੀਆਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਦੀ ਦਿਲ ਕੰਬਾਉ ਘਟਨਾ ਨੂੰ ਪੂਰਾ ਇੱਕ ਮਹੀਨਾ ਬੀਤ ਚੁੱਕਿਆ ਹੈ। ਪਰੰਤੂ ਸਕੂਲ ਪ੍ਰਿੰਸੀਪਲ ਨੂੰ ਬਚਾਉਣ ਲਈ ਸਿਰਫ ਸ਼ਰਾਬੀ ਡਰਾਇਵਰ ਖਿਲਾਫ ਕਾਰਵਾਈ ਕਰਕੇ, ਲੋਕਾਂ ਦੀਆਂ ਅੱਖਾਂ ਪੂਝਣ ਅਤੇ ਕਮਿਸ਼ਨ ਦੇ ਕਥਿਤ ਤੌਰ ਤੇ ਅੱਖੀ ਘੱਟਾ ਪਾਉਣ ਵਾਲੀ ਮੁਕਾਮੀ ਪੁਲਿਸ ਹਾਲੇ ਤੱਕ ਵੀ ਮੂਕ ਦਰਸ਼ਕ ਦੀ ਭੂਮਿਕਾ ਤੋਂ ਇੱਕ ਕਦਮ ਵੀ ਅੱਗੀ ਨਹੀਂ ਵਧ ਸਕੀ। ਜਿਕਰਯੋਗ ਹੈ ਕਿ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਜੁਰਮ ਵਿੱਚ ਵਾਧਾ ਕਰਨ ਅਤੇ ਸਕੂਲ ਪ੍ਰਿੰਸੀਪਲ ਨੂੰ ਵੀ 120 B ਦੇ ਜੁਰਮ ਵਿੱਚ ਦੋਸ਼ੀ ਨਾਮਜ਼ਦ ਕਰਕੇ ਈ-ਮੇਲ ਰਾਹੀ ਮੰਗੀ ਐਕਸ਼ਨ ਟੇਕਨ ਰਿਪੋਰਟ ਭੇਜਣ ਦੀ ਵੀ ਅੱਜ਼ ਹੀ ਅੰਤਿਮ ਤਾਰੀਖ ਹੈ। ਪਰੰਤੂ ਪੁਲਿਸ ਨੇ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਬਜਾਏ ਇੱਕ ਮਹੀਨਾ ਬਾਅਦ ਵੀ ਟਾਲਮਟੋਲ ਵਾਲਾ ਰੱਵਈਆ ਨਹੀਂ ਤਿਆਗਿਆ । ਪੁਲਿਸ ਅਧਿਕਾਰੀਆਂ ਨੂੰ ਕਮਿਸ਼ਨ ਮੁਤਾਬਕ ਕਾਰਵਾਈ ਕਰਨ ਯਾਨੀ ਜੁਰਮ ‘ਚ ਵਾਧਾ ਕਰਨ ਲਈ ਹਾਲੇ ਕਾਨੂੰਨੀ ਰਾਇ ਮਿਲਣ ਦੀ ਉਡੀਕ ਹੈ। ਵਰਣਨਯੋਗ ਹੈ ਕਿ ਕਮਿਸ਼ਨ ਨੇ ਐਸ.ਐਸ.ਪੀ. ਨੂੰ ਪੱਤਰ ਭੇਜ ਕੇ ਕਿਹਾ ਸੀ ਕਿ ਕਮਿਸ਼ਨ ਨੂੰ ਐਕਸ਼ਨ ਟੇਕਨ ਰਿਪੋਰਟ 5 ਅਪ੍ਰੈਲ ਤੱਕ ਭੇਜੀ ਜਾਵੇ ਕਿ ਕਮਿਸ਼ਨ ਵੱਲੋਂ ਸਕੂਲ ਪ੍ਰਿੰਸੀਪਲ ਖਿਲਾਫ ਕੇਸ ਦਰਜ਼ ਕਰਨ ਬਾਰੇ ਅਤੇ ਕੇਸ ਵਿੱਚ ਜੁਰਮ ਦਾ ਵਾਧਾ ਕਰਨ ਲਈ ਦਿੱਤੀ ਹਿਦਾਇਤ ਤੋਂ ਬਾਅਦ ਕੀ ਕੀਤਾ ਗਿਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਰਾਜਵਿੰਦਰ ਸਿੰਘ ਗਿੱਲ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਮਿਸ਼ਨ ਨੇ ਐਸ.ਐਸ.ਪੀ ਨੂੰ ਐਕਸ਼ਨ ਟੇਕਨ ਰਿਪੋਰਟ ਭੇਜਣ ਲਈ ਪੱਤਰ  ਭੇਜਿਆ ਗਿਆ ਸੀ । ਉਨਾਂ ਕਿਹਾ ਕਿ ਗੋ ਸੇਫ ਸਕੂਲ ਵਾਹਨ ਪਾਲਿਸੀ ਦੇ ਤਹਿਤ ਸਕੂਲ ਅਥਾਰਟੀ ਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕਰਨਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦਾ ਉਲੰਘਣ ਹੈ, ਜਿਸ ਦੀ ਵਜ੍ਹਾ ਨਾਲ ਕਾਰਵਾਈ ਨਾ ਕਰਨ ਵਾਲਿਆਂ ਖਿਲਾਫ ਕੋਰਟ ਆਫ ਕੰਟੈਂਪਟ ਵੀ ਫਾਈਲ ਹੋ ਸਕਦੀ ਹੈ। ਥਾਣਾ ਸਿਟੀ 2 ਦੇ ਐਸ.ਐਚ.ਉ ਨੇ ਪੁੱਛਣ ਤੇ ਕਿਹਾ ਕਿ ਕਮਿਸ਼ਨ ਵੱਲੋਂ ਜੁਰਮ ਵਿੱਚ ਵਾਧਾ ਕਰਨ ਲਈ ਭੇਜੇ ਪੱਤਰ ਤੇ ਅਮਲ ਕਰਨ ਤੋਂ ਪਹਿਲਾਂ ਅਧਿਕਾਰੀਆਂ ਨੇ ਡੀ.ਏ. ਲੀਗਲ ਤੋਂ ਕਾਨੂੰਨੀ ਰਾਇ ਦੇਣ ਲਈ ਫਾਈਲ ਭੇਜੀ ਗਈ ਹੈ। ਡੀ.ਏ. ਲੀਗਲ ਦੀ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement

ਕਦੋਂ ਕੀ ਹੋਇਆ, ਫਲੈਸ਼ਬੈਕ

       4 ਮਾਰਚ ਦੀ ਸਵੇਰੇ ਵਾਈ.ਐਸ. ਸਕੂਲ ਹੰਡਿਆਇਆ ਦੇ ਸ਼ਰਾਬੀ ਡਰਾਇਵਰ ਦਰਬਾਰਾ ਸਿੰਘ , ਬੱਸ ਵਿੱਚ ਸਵਾਰ ਵਿਦਿਆਰਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਲਿਆ ਕੇ ਸਕੂਲ ਵੱਲ ਜਾ ਰਿਹਾ ਸੀ। ਉਦੋਂ ਬਰਨਾਲਾ-ਬਠਿੰਡਾ ਮੁੱਖ ਸੜ੍ਹਕ ਤੇ ਸਥਿਤ ਜੀ.ਮਾਲ ਹੰਡਿਆਇਆ ਦੇ ਕੋਲ ,ਰਾਹਗੀਰਾਂ ਨੇ ਸ਼ਰਾਬੀ ਬੱਸ ਡਰਾਇਵਰ ਦੀਆਂ ਹਰਕਤਾਂ ਨੂੰ ਵੇਖ ਕੇ ਉਸ ਨੂੰ ਉੱਥੇ ਹੀ ਰੋਕ ਲਿਆ ਸੀ । ਜਿਸ ਦੀ ਵੀਡੀਉ ਵੀ ਵਾਇਰਲ ਹੋ ਗਈ ਸੀ । ਇਸ ਮਾਮਲੇ ਨੂੰ ਟੂਡੇ ਨਿਊਜ/ ਬਰਨਾਲਾ ਟੂਡੇ ਵੱਲੋਂ ਵੀ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ । ਆਖਿਰ ਹਰਕਤ ਵਿੱਚ ਆਈ ਪੁਲਿਸ ਨੇ ਕੁਲਵੰਤ ਸਿੰਘ ਵਾਸੀ ਕੋਠੇ ਡੁੱਲਟ ਹੰਡਿਆਇਆ ਦੀ ਸ਼ਕਾਇਤ ਦੇ ਅਧਾਰ ਤੇ ਬੱਸ ਦੇ ਸ਼ਰਾਬੀ ਡਰਾਈਵਰ ਦਰਬਾਰਾ ਸਿੰਘ ਦੇ ਖਿਲਾਫ ਐਫ.ਆਈ.ਆਰ ਨੰਬਰ 106 ਅਧੀਨ ਜੁਰਮ 279 ਆਈ.ਪੀ.ਸੀ. /185 MV ਐਕਟ ਥਾਣਾ ਸਿਟੀ 2 ਬਰਨਾਲਾ ਵਿੱਚ ਦਰਜ ਕੀਤੀ ਗਈ ਸੀ । ਪਰੰਤੂ ਇਸ ਕੇਸ ਵਿੱਚ ਪੁਲਿਸ ਨੇ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਗਾਈਡਲਾਈਨਜ ਨੂੰ ਦਰਕਿਨਾਰ ਕਰਕੇ ਹੋਏ ਸਕੂਲ ਪ੍ਰਿੰਸੀਪਲ ਦੇ ਖਿਲਾਫ ਕੋਈ ਕੇਸ ਦਰਜ਼ ਨਹੀਂ ਕੀਤਾ ਗਿਆ ਸੀ । ਜਿਹੜਾ ਪਾਲਿਸੀ ਅਨੁਸਾਰ ਅਤਿ ਜਰੂਰੀ ਬਣਦਾ ਸੀ। ਸ਼ੋਸ਼ਲ ਮੀਡੀਆ ਵਿੱਚ ਮਾਮਲਾ ਉਭਰ ਕੇ ਸਾਹਮਣੇ ਆਉਣ ਤੋਂ ਬਾਅਦ  ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਡਰਾਈਵਰ ਖਿਲਾਫ ਦਰਜ਼ ਕੇਸ ਦੇ ਤਫਤੀਸ਼ ਅਧਿਕਾਰੀ ਨੂੰ ਸਟੇਟਸ ਰਿਪੋਰਟ ਪੇਸ਼ ਕਰਨ ਲਈ 8 ਮਾਰਚ ਨੂੰ ਆਪਣੇ ਦਫਤਰ ਵਿਖੇ ਤਲਬ ਕਰ ਲਿਆ ਗਿਆ ਸੀ । ਤਫਤੀਸ਼ ਅਧਿਕਾਰੀ ਏ.ਐਸ.ਆਈ. ਬੂਟਾ ਸਿੰਘ ਨੇ ਕਮਿਸ਼ਨ ਕੋਲ ਸਿਰਫ ਡਰਾਈਵਰ ਖਿਲਾਫ ਹੀ ਜਮਾਨਤਯੋਗ ਜੁਰਮ ਲਾਉਣ ਸਬੰਧੀ ਪੇਸ਼ ਕੀਤੀ ਸਟੇਟਸ ਰਿਪੋਰਟ ਨੂੰ ਨਾਕਾਫੀ ਦੱਸਦਿਆਂ ਐਸ.ਐਸ.ਪੀ ਬਰਨਾਲਾ ਨੂੰ ਸਿਫਾਰਸ਼ ਕੀਤੀ ਕਿ ਪਹਿਲਾਂ ਦਰਜ਼ ਜੁਰਮ ਵਿੱਚ ਅਧੀਨ ਜੁਰਮ 308/ 120 B ਆਈ.ਪੀ.ਸੀ ਦਾ ਵਾਧਾ ਕਰਨ ਲਈ ਅਤੇ 120 B ਜੁਰਮ ਤਹਿਤ ਦੇ ਤਹਿਤ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਕੇਸ ਵਿੱਚ ਦੋਸ਼ੀ ਨਾਮਜ਼ਦ ਕਰ ਲਈ ਤਾਕੀਦ ਕੀਤੀ ਗਈ ਸੀ । ਕਮਿਸ਼ਨ ਨੇ ਇਹ ਮਾਮਲਾ, ਸਿਰਫ ਬਰਨਾਲਾ ਦਾ ਹੀ ਨਾ ਸਮਝਦੇ ਹੋਏ, ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਅਜਿਹੇ ਮਾਮਲਿਆਂ ਵਿੱਚ ਸਿਰਫ ਡਰਾਇਵਰਾਂ ਨੂੰ ਹੀ ਦੋਸ਼ੀਆਂ ਵਿੱਚ ਸ਼ਾਮਿਲ ਕਰਨ ਦੀ ਬਜਾਏ ਸਕੂਲ ਅਥਾਰਟੀਆਂ /ਪ੍ਰਿੰਸੀਪਲ/ਸਕੂਲਾਂ ਦੇ ਹੈਡ ਮਾਸਟਰ/ਮਿਸਟਰਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਪ੍ਰਦੇਸ਼ ਦੇ ਸਾਰੇ ਜਿਲ੍ਹਾ ਪੁਲਿਸ ਮੁਖੀਆਂ, ਪੁਲਿਸ ਕਮਿਸ਼ਨਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦਾ ਹਵਾਲਾ ਦਿੰਦਿਆਂ ਸੂਚਨਾ ਦੇਣ ਲਈ ਪੱਤਰ ਦਾ ਉਤਾਰਾ ਭੇਜਿਆ ਗਿਆ ਸੀ।

Advertisement
Advertisement
Advertisement
Advertisement
Advertisement
error: Content is protected !!