ਹਰਦੀਪ ਸਿੰਘ ਜਰਮਨ ਨੇ ਵੰਡੀ ਸਟੇਸ਼ਨਰੀ ਅਤੇ ਮਾਸਕ
ਹਰਿੰਦਰ ਨਿੱਕਾ , ਬਰਨਾਲਾ 2 ਅਪ੍ਰੈਲ 2021
ਬਰਨਾਲਾ ਦੀ ਦਾਣਾ ਮੰਡੀ ਵਿੱਚ ਪਿਛਲੇ ਕਈ ਵਰ੍ਹਿਆਂ ਤੋਂ ਲਗਾਤਾਰ ਭਾਨ ਸਿੰਘ ਜੱਸੀ ਦੀ ਅਗਵਾਈ ਵਿੱਚ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦੇਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਹਨਾਂ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਸੰਸਥਾ ਵੱਲੋਂ ਭਗਤ ਕਬੀਰ ਜੀ ਦੇ ਜੀਵਨ ਸੰਬੰਧੀ ਪੰਜਾਬੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਕਰਵਾਈ ਗਏ। ਜਿਸ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪੰਜਾਬੀ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਸਨਮਾਨਤ ਕੀਤਾ, ਜਦਕਿ ਜਰਮਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਮਾਜ ਸੇਵੀ ਸ:ਹਰਦੀਪ ਸਿੰਘ ਨੇ ਸਟੇਸ਼ਨਰੀ , ਕੇਲੇ ਅਤੇ ਮਾਸਕ ਵੰਡਕੇ ਬੱਚਿਆਂ ਦੇ ਹੌਂਸਲੇ ਬੁਲੰਦ ਕੀਤੇ। ਇਸ ਮੌਕੇ ਬੋਲਦਿਆਂ ਸ: ਹਰਦੀਪ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਝੁੱਗੀਆਂ ਵਿਚ ਰਹਿਕੇ ਦਿਨ ਗੁਜ਼ਾਰਨ ਵਾਲੇ ਗਰੀਬਾਂ ਦੇ ਇਹਨਾਂ ਬੱਚਿਆਂ ਨੂੰ ਪੜ੍ਹਦਿਆਂ ਵੇਖ ਮਨ ਬਹੁਤ ਖੁਸ਼ ਹੋਇਆ ਹੈ। ਉਹਨਾਂ ਇਲਾਨ ਕੀਤਾ ਕਿ ਉਹ ਅੱਗੇ ਤੋਂ ਵੀ ਇਹਨਾਂ ਬੱਚਿਆਂ ਦੀ ਮਦਦ ਕਰਦੇ ਰਹਿਣਗੇ।ਮੁੱਖ ਮਹਿਮਾਨ ਸਾਹਿਤ ਰਤਨ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਭਗਤ ਕਬੀਰ ਦੇ ਜੀਵਨ ਤੇ ਹੋਏ ਪੰਜਾਬੀ ਸੁੰਦਰ ਲਿਖਾਈ ਮੁਕਾਬਲਿਆਂ ਵਿੱਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਉਪਰੰਤ ਬੋਲਦਿਆ ਕਿਹਾ ਕਿ ਬਰਨਾਲੇ ਦੀ ਦਾਣਾ ਮੰਡੀ ਵਿੱਚ ਝੁੱਗੀਆਂ ਵਿੱਚ ਰਹਿ ਕੇ ਗਰੀਬੀ ਨਾਲ ਦੋ ਹੱਥ ਕਰਨ ਵਾਲੇ ਕਿਰਤੀਆਂ ਦੇ ਇਹਨਾ ਬੱਚਿਆਂ ਨੇ ਪੜਨ ਅਤੇ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਕਮਾਲ ਕੀਤੀ ਹੈ। ਸ੍ਰੀ ਗਾਸੋ ਨੇ ਕਿਹਾ ਕਿ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਮਾਨਦਾਰੀ ਦਿਖਾਉਂਦੇ ਹੋਏ ਸਖਤ ਮਿਹਨਤ ਕਰਦਿਆਂ ਇਨ੍ਹਾਂ ਬੱਚਿਆਂ ਦੇ ਮੁਹਾਂਦਰੇ ਹੀ ਬਦਲ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੱਬੀ ਖੁਸ਼ੀਆਂ ਪ੍ਰਾਪਤ ਕਰਨ ਲਈ ਇਨ੍ਹਾਂ ਗਰੀਬ ਬੱਚਿਆਂ ਦੀ ਮਦਦ ਲਈ ਅੱਗੇ ਆਉਣ। ਅੰਤ ਵਿਚ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਸ: ਭਾਨ ਸਿੰਘ ਜੱਸੀ ਨੇ ਸ੍ਰੀ ਓਮ ਪ੍ਰਕਾਸ਼ ਗਾਸੋ ਅਤੇ ਦਾਨੀ ਸ਼ਖ਼ਸੀਅਤ ਸ: ਹਰਦੀਪ ਸਿੰਘ ਜਰਮਨ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ: ਪਰਮਜੀਤ ਸਿੰਘ , ਗਾਇਕ ਅਤੇ ਲੇਖਕ ਗਮਦੂਰ ਸਿੰਘ ਰੰਗੀਲਾ , ਕਮਲ ਸ਼ਰਮਾ, ਜਗਸੀਰ ਸਿੰਘ ਚੀਮਾ, ਆਦਿ ਸਖਸ਼ੀਅਤਾਂ ਸ਼ਾਮਲ ਸਨ।