ਮਿਸ਼ਨ ਫਤਿਹ-31 ਮਾਰਚ ਤੱਕ ਜਾਰੀ ਕੋਵਿਡ ਦੀਆਂ ਪਾਬੰਦੀਆਂ `ਚ 10 ਅਪ੍ਰੈਲ ਤੱਕ ਵਾਧਾ
ਹਰਪ੍ਰੀਤ ਕੌਰ ਸੰਗਰੂਰ, 2 ਅਪ੍ਰੈਲ:2021
ਪੰਜਾਬ ਸਰਕਾਰ ਦੀਆਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ 51 ਤੋਂ 60 ਤਹਿਤ ਸਜ਼ਾਯੋਗ ਅਤੇ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਨਵੇਂ ਹੁਕਮ ਜਾਰੀ ਕਰ ਕੇ ਦਿੱਤੀ। ਜਾਰੀ ਹੁਕਮਾਂ ਅਨੁਸਾਰ ਕੋਵਿਡ ਨਿਯਮਾਂ ਦੇ ਮੱਦੇਨਜਰ ਜ਼ਿਲ੍ਹੇ ਮਿਸ਼ਨ ਫਤਿਹ ਤਹਿਤ 31 ਮਾਰਚ 2021 ਤੱਕ ਜਾਰੀ ਕੀਤੀਆਂ ਪਾਬੰਦੀਆਂ ਵਿੱਚ ਹੁਣ 10 ਅਪ੍ਰੈਲ 2021 ਤੱਕ ਵਾਧਾ ਕੀਤਾ ਗਿਆ ਹੈ, ਜਦਕਿ ਸ਼ਨਿਚਰਵਾਰ ਨੂੰ ਕੋਵਿਡ ਯੋਧਿਆਂ ਲਈ ਇਕ ਘੰਟੇ ਲਈ ਰੱਖੇ ਜਾਂਦੇ ਮੌਨ ਕਾਲ ਨੂੰ ਖਤਮ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਅਨੁਸਾਰ 10 ਅਪ੍ਰੈਲ 2021 ਤੱਕ ਜਾਰੀ ਹਦਾਇਤਾਂ ਵਿਚ ਸਕੂਲ, ਕਾਲਜ ਸਮੇਤ ਸਾਰੇ ਵਿੱਦਿਅਕ ਅਦਾਰੇ ਬੰਦ ਰਹਿਣਗੇ ਪਰ ਅਧਿਆਪਨ ਅਤੇ ਗੈਰ ਅਧਿਆਪਨ ਅਮਲਾ ਹਾਜ਼ਰ ਰਹੇਗਾ, ਜਦਕਿ ਮੈਡੀਕਲ ਅਤੇ ਨਰਸਿੰਗ ਕਾਲਜਾਂ ਤੇ ਇਹ ਹੁਕਮ ਲਾਗੂ ਨਹੀਂ ਹੋਣਗੇ। ਜਾਰੀ ਹੁਕਮਾਂ ਮੁਤਾਬਕ ਸਿਨੇਮਾ ਹਾਲ, ਥੀਏਟਰ, ਮਲਟੀਪਲੈਕਸ ਆਦਿ 50 ਫੀਸਦੀ ਸਮਰੱਥਾ ਅਤੇ ਮਾਲਜ ਵਿੱਚ ਇੱਕੋ ਸਮੇਂ 100 ਲੋਕਾਂ ਨੂੰ ਅੰਦਰ ਆਉਣ ਦੀ ਆਗਿਆ ਹੋਵੇਗੀ।
ਇਸੇ ਤਰਾਂ ਲੋਕਾਂ ਨੂੰ ਜਨਤਕ ਥਾਂਵਾਂ ਤੇ ਮਾਸਕ ਲਗਾਉਣ, 6 ਫੁੱਟ ਦੀ ਦੂਰੀ ਰੱਖਣ, ਖੁੱਲੇ ਵਿਚ ਨਾ ਥੁੱਕਣ ਲਈ ਪਾਬੰਦ ਕੀਤਾ ਗਿਆ ਹੈ। ਪਬਲਿਕ ਟਰਾਂਸਪੋਰਟ ਵਿਚ ਵੀ ਮਾਸਕ ਅਤੇ ਹੋਰ ਸਾਵਧਾਨੀਆਂ ਲਾਜਮੀ ਕੀਤੀਆਂ ਗਈਆਂ ਹਨ। ਪੁਲਿਸ ਅਤੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਖੁੱਲੇ ਵਿਚ ਬਿਨਾਂ ਮਾਸਕ ਘੁੰਮਣ ਵਾਲਿਆਂ ਦਾ ਆਰਟੀਪੀਸੀਆਰ ਟੈਸਟ ਕਰਵਾਇਆ ਜਾਵੇ। ਲੋਕਾਂ ਨੂੰ ਵੀ ਸਮਾਜਿਕ ਗਤੀਵਿਧੀਆਂ ਘੱਟ ਕਰਨ ਲਈ ਕਿਹਾ ਗਿਆ ਹੈ ਅਤੇ ਘਰਾਂ ਅੰਦਰ ਵੀ 10 ਤੋਂ ਜਿਆਦਾ ਮਹਿਮਾਨਾਂ ਦੇ ਆਉਣ ਤੇ ਰੋਕ ਹੈ।ਇਸ ਤੋਂ ਇਲਾਵਾ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਇਕੱਠਾਂ ਨੂੰ ਜਾਰੀ ਹਦਾਇਤਾਂ ਮੁਤਾਬਕ ਇਨਡੋਰ ਅਤੇ ਆਊਟਡੋਰ ਦੀ 100 ਤੇ 200 ਵਿਅਕਤੀਆਂ ਦੀ ਨਿਰਧਾਰਤ ਗਿਣਤੀ ਮੁਤਾਬਕ ਕੇਵਲ 50 ਫੀਸਦੀ ਸਮਰੱਥਾ ਤੱਕ ਹੀ ਸੀਮਤ ਰੱਖਣ।