ਹਰਿੰਦਰ ਨਿੱਕਾ , ਬਰਨਾਲਾ,15 ਮਾਰਚ 2021
ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦਿਆਂ ਸਮੂਹ ਬੋਰਡ ਅਤੇ ਗੈਰ- ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਕੋਵਿਡ-19 ਹਦਾਇਤਾਂ ਦੀ ਪਾਲਣਾ ਕਰਦਿਆਂ ਸਕੂਲਾਂ ਵਿੱਚ ਆਫ਼ਲਾਈਨ ਤਰੀਕੇ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾਣ ਵਾਲੀਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਦੀ ਸ਼ੁਰੂਆਤ ਅੱਜ 16 ਮਾਰਚ ਤੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਨਾਲ ਹੋਵੇਗੀ।
ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਪੰਜਵੀਂ ਜਮਾਤ ਦੀ ਪ੍ਰੀਖਿਆ ਸਵੇਰ ਦੇ ਸੈਸ਼ਨ ਦੌਰਾਨ 9.00 ਵਜੇ ਤੋਂ ਬਾਅਦ ਦੁਪਹਿਰ 12.15 ਵਜੇ ਤੱਕ ਹੋਵੇਗੀ।ਉਹਨਾਂ ਦੱਸਿਆ ਕਿ 16 ਮਾਰਚ ਤੋਂ ਸ਼ੁਰੂ ਹੋਣ ਵਾਲੀ ਇਹ ਪ੍ਰੀਖਿਆ 23 ਮਾਰਚ ਤੱਕ ਚੱਲੇਗੀ।ਬੋਰਡ ਵੱਲੋਂ ਜਾਰੀ ਡੇਟਸ਼ੀਟ ਅਨੁਸਾਰ 16 ਮਾਰਚ ਨੂੰ ਪਹਿਲੀ ਭਾਸ਼ਾ ,17 ਮਾਰਚ ਨੂੰ ਅੰਗਰੇਜ਼ੀ,18 ਮਾਰਚ ਦੂਜੀ ਭਾਸ਼ਾ, 19 ਮਾਰਚ ਨੂੰ ਵਾਤਾਵਰਣ, 22 ਮਾਰਚ ਨੂੰ ਗਣਿਤ ਅਤੇ 23 ਮਾਰਚ ਨੂੰ ਸਵਾਗਤ ਜ਼ਿੰਦਗੀ ਵਿਸ਼ੇ ਦੀ ਪ੍ਰੀਖਿਆ ਹੋਵੇਗੀ। 24 ਤੋਂ 27 ਮਾਰਚ ਤੱਕ ਪ੍ਰਯੋਗੀ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ ਅਤੇ ਇਹ ਪ੍ਰੀਖਿਆ ਸਕੂਲਾਂ ਵੱਲੋਂ ਆਪਣੇ ਪੱਧਰ ‘ਤੇ ਲਈ ਜਾਵੇਗੀ।ਪ੍ਰਯੋਗੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਵੀ ਬੋਰਡ ਦੀ ਬਜਾਏ ਸਕੂਲਾਂ ਵੱਲੋਂ ਆਪਣੇ ਪੱਧਰ ‘ਤੇ ਤਿਆਰ ਕੀਤੇ ਜਾਣਗੇ।ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਜਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਕੁੱਲ 4061 ਵਿਦਿਆਰਥੀਆਂ ਪ੍ਰੀਖਿਆ ਵਿੱਚ ਬੈਠਣਗੇ।
ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਕੇਂਦਰ ਕੰਟਰੋਲਰਾਂ ਅਤੇ ਸੁਪਰਡੈਂਟਾਂ ਨੂੰ ਪ੍ਰੀਖਿਆ ਦੌਰਾਨ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਜਾਰੀ ਕੋਰੋਨਾ ਬਚਾਅ ਹਦਾਇਤਾਂ ਦੀ ਪਾਲਣਾ ਸਖਤੀ ਨਾਲ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।ਅਧਿਕਾਰੀਆਂ ਨੇ ਕਿਹਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਪ੍ਰੀਖਿਆਰਥੀਆਂ ਅਤੇ ਡਿਊਟੀ ਅਮਲੇ ਲਈ ਮਾਸਕ ਪਹਿਨਣਾ ਲਾਜ਼ਮੀ ਹੋਣ ਦੇ ਨਾਲ ਸੋਸ਼ਲ ਡਿਸਟੈਂਸ ਦਾ ਧਿਆਨ ਵੀ ਲਾਜ਼ਮੀ ਕੀਤਾ ਗਿਆ ਹੈ।ਅਧਿਕਾਰੀਆਂ ਨੇ ਕੋਰੋਨਾ ਬਚਾਅ ਹਦਾਇਤਾਂ ਬਾਬਤ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪੋ ਆਪਣੇ ਬੱਚਿਆਂ ਨੂੰ ਪ੍ਰੀਖਿਆ ਲਈ ਜਰੂਰੀ ਸਮੱਗਰੀ ਜੁਮੈਟਰੀ, ਪੈੱਨ, ਪੈਨਸਿਲ ਆਦਿ ਜਰੂਰ ਦੇ ਕੇ ਭੇਜਿਆ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਇਹ ਵਸਤਾਂ ਆਪਸ ਵਿੱਚ ਸਾਂਝੀਆਂ ਕਰਨ ਦੀ ਨੌਬਤ ਹੀ ਨਾ ਆਵੇ।ਬੋਰਡ ਵੱਲੋਂ ਵੱਖਰੇ ਤੌਰ ‘ਤੇ ਜਾਰੀ ਪੱਤਰ ‘ਚ ਮਾਪਿਆਂ ਨੂੰ ਵੀ ਆਪੋ ਆਪਣੇ ਬੱਚਿਆਂ ਨੂੰ ਪ੍ਰੀਖਿਆ ਕੇੱਦਰ ਵਿਖੇ ਭੇਜਣ ਤੋਂ ਪਹਿਲਾਂ ਉਹਨਾਂ ਦਾ ਤਾਪਮਾਨ ਚੈੱਕ ਕਰਨ ਲਈ ਕਿਹਾ ਗਿਆ ਹੈ।