ਅੱਲ੍ਹੜਾਂ ਨੂੰ ਜਗ੍ਹਾ ਉਪਲੱਭਧ ਕਰਵਾਉਣ ਦਾ ਨਾਮ ਤੇ ਦੋਵੇਂ ਹੱਥੀ ਲੁੱਟ ਰਹੇ ਹੋਟਲ ਮਾਲਿਕ
ਸਿਰਾਹਣੇ ਬਾਂਹ ਰੱਖ ਕੇ ਸੌਂ ਰਹੀ ਮੁਕਾਮੀ ਪੁਲਿਸ
ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ 5 ਮਾਰਚ 2021
ਸ਼ਹਿਰ ਦੇ ਕਈ ਵੱਡੇ ਤੇ ਨਾਮੀ ਹੋਟਲ ਇੱਨੀਂ ਦਿਨੀਂ ਅਯਾਸ਼ੀ ਦਾ ਅੱਡਾ ਬਣ ਚੁੱਕੇ ਹਨ। ਜਿਸ ਦੀ ਵਜ੍ਹਾ ਕਾਰਣ ਅਜਿਹੇ ਹੋਟਲਾਂ ਦੇ ਨਜਦੀਕ ਰਹਿੰਦੇ ਪਰਿਵਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਿ ਦੂਜੇ ਪਾਸੇ ਮੁਕਾਮੀ ਪੁਲਿਸ ਸਿਰਾਹਣੇ ਬਾਂਹ ਰੱਖ ਕੇ ਗੂੜੀ ਨੀਂਦੇ ਸੌਂ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੇ ਕੁਝ ਅਜਿਹੇ ਹੋਟਲ ਹਨ, ਜਿੰਨਾਂ ਵਿੱਚ ਕਾਲਜਾਂ ਅਤੇ ਆਈ.ਲੈਟਸ ਸੈਂਟਰਾਂ ‘ਚ ਪੜ੍ਰਾਈ ਲਈ ਪਹੁੰਚਦੇ ਮੁੰਡੇ-ਕੁੜੀਆਂ ਅਕਸਰ ਹੀ ਡਾਰਾਂ ਬੰਨ੍ਹ ਕੇ ਅਯਾਸ਼ੀ ਕਰਨ ਲਈ ਪਹੁੰਚਦੇ ਹਨ। ਬੇਸ਼ੱਕ ਬਾਲਗ ਮੁੰਡੇ ਕੁੜੀਆਂ ਦੇ ਇਕੱਠੇ ਘੁੰਮਣ ਤੇ ਕਾਨੂੰਨੀ ਬੰਦਿਸ਼ ਤਾਂ ਨਹੀਂ, ਪਰੰਤੂ ਨੈਤਿਕ ਤੌਰ ਤੇ ਅਜਿਹਾ ਸ਼ੋਭਾ ਨਹੀਂ ਦਿੰਦਾ। ਗੈਰ ਕਾਨੂੰਨੀ ਢੰਗ ਨਾਲ ਵੱਧ ਫੁੱਲ ਰਹੇ ਅਜਿਹੇ ਅਪ੍ਰਵਾਨਿਤ ਰਿਸ਼ਤਿਆਂ ਦੀਆਂ ਐਸ਼ ਪ੍ਰਸਤੀਆਂ ਤੋਂ ਬਾਅਦ ਕਈ ਕੇਸ ਬਲਾਤਕਾਰ ਦੀਆਂ ਘਟਨਾਵਾਂ ਦਾ ਰੂਪ ਵੀ ਲੈ ਲੈਂਦੇ ਹਨ। ਜਿੰਨਾਂ ਕਾਰਣ ਜਿੱਥੇ ਮੁਕਾਮੀ ਪੁਲਿਸ ਦਾ ਨਾਮ ਤਾਂ ਬਦਨਾਮ ਹੁੰਦਾ ਹੀ ਹੈ, ਉੱਥੇ ਹੀ ਸਮਾਜ ਲਈ ਵੀ ਅਜਿਹਾ ਪ੍ਰਚਲਣ ਸ਼ੁਭ ਸੰਕੇਤ ਨਹੀਂ ਸਮਝਿਆ ਜਾ ਰਿਹਾ।
ਉੱਧਰ ਇਹ ਵੀ ਪਤਾ ਲੱਗਿਆ ਹੈ ਕਿ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਤੇ ਹੋਟਲਾਂ ਵਿੱਚ ਠਹਿਰਣ ਵਾਲਿਆਂ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਵੀ ਅਜਿਹੇ 2/3 ਹੋਟਲਾਂ ਵਿੱਚ ਪਾਲਣ ਹੀ ਨਹੀਂ ਕੀਤਾ ਜਾਂਦਾ। ਹੋਟਲ ਵਿੱਚ ਘੰਟਿਆਂ ਬੱਧੀ ਠਹਿਰਣ ਵਾਲਿਆਂ ਤੋਂ ਹੋਟਲ ਸੰਚਾਲਕ ਕੋਈ ਅਧਾਰ ਕਾਰਡ ਜਾਂ ਸ਼ਨਾਖਤੀ ਕਾਰਡ ਵੀ ਲੈਣਾ ਜਰੂਰੀ ਨਹੀਂ ਸਮਝਦੇ । ਅਜਿਹੇ ਕੁਝ ਹੋਟਲਾਂ ਵਿੱਚ ਠਹਿਰ ਚੁੱਕੇ ਕਈ ਲੜਕਿਆਂ ਅਨੁਸਾਰ ਵੱਖ ਵੱਖ ਹੋਟਲਾਂ ਦੇ ਜੋੜਿਆਂ ਦੇ ਰੁਕਣ ਲਈ ਪ੍ਰਤੀ ਘੰਟਾ 1 ਹਜਾਰ ਤੋਂ 1500 ਅਤੇ ਆਲੀਸ਼ਾਨ ਕਮਰਿਆਂ ਦੇ 2000 ਤੋਂ 3000 ਰੁਪਏ ਤੱਕ ਵਸੂਲੇ ਜਾ ਰਹੇ ਹਨ। ਇਸੇ ਤਰਾਂ ਨਾਈਟ ਸਟੇ ਲਈ 5 ਹਜਾਰ ਤੋਂ 10 ਹਜ਼ਾਰ ਰੁਪਏ ਤੱਕ ਹੋਟਲ ਮਾਲਿਕਾਂ ਵੱਲੋਂ ਜੇਬਾਂ ਚੋਂ ਕੱਢਵਾਏ ਜਾ ਰਹੇ ਹਨ। ਇਸ ਤਰਾਂ ਅੱਲ੍ਹੜਾਂ ਨੂੰ ਜਗ੍ਹਾ ਉਪਲੱਭਧ ਕਰਵਾਉਣ ਦੇ ਨਾਂ ਤੇ ਹੋਟਲ ਮਾਲਿਕ ਦੋਵੇਂ ਹੱਥੀ ਲੁੱਟ ਕਰਨ ਵਿੱਚ ਮਸ਼ਰੂਫ ਹਨ।
ਘਰਾਂ ‘ਚ ਜੁਆਨ ਕੁੜੀਆਂ ਨੂੰ ਕੈਦ ਕਿਵੇਂ ਰੱਖ ਸਕਦੇ ਹਾਂ,,
ਸ਼ਹਿਰ ਦੇ ਅਜਿਹੇ ਹੀ ਇੱਕ ਨਾਮੀ ਹੋਟਲ ਦੀ ਗੁਆਂਢੀ ਔਰਤ ਨੇ ਕਿਹਾ ਕਿ ਸਵੇਰ ਤੋਂ ਹੀ ਡਾਰਾਂ ਬੰਨ੍ਹ ਬੰਨ੍ਹ ਮੁੰਡੇ-ਕੁੜੀਆਂ ਅਯਾਸ਼ੀ ਦਾ ਅੱਡਾ ਬਣੇ ਹੋਟਲਾਂ ਵੱਲ ਹੱਥਾਂ ਵਿੱਚ ਹੱਥ ਪਾਈ ਵਹੀਰਾਂ ਘੱਤ ਕੇ ਆਉਂਦੇ ਰਹਿੰਦੇ ਹਨ। ਰੋਕਣ ਤੇ ਉਹ ਇਸ ਨੂੰ ਆਪਣੀ ਨਿੱਜਤਾ ਦੀ ਅਜਾਦੀ ਅਤੇ ਮਰਜੀ ਕਰਾਰ ਦਿੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਤੁਹਾਡੀ ਉੱਥੇ ਤੱਕ ਹੀ ਜਾਇਜ ਹੈ, ਜਿੱਥੇ ਤੱਕ ਇਸ ਦਾ ਬੁਰਾ ਅਸਰ ਆਲੇ-ਦੁਆਲੇ ਤੇ ਨਾ ਪੈਂਦਾ ਹੋਵੇ। ਉਨ੍ਹਾਂ ਕਿਹਾ ਕਿ ਸਾਡੀਆ ਆਪਣੀਆਂ ਜੁਆਨ ਕੁੜੀਆਂ ਵੀ ਘਰਾਂ ਵਿੱਚ ਕੈਦ ਰਹਿਣ ਨੂੰ ਮਜਬੂਰ ਹੋ ਚੁੱਕੀਆਂ ਹਨ। ਜਿੰਨ੍ਹਾਂ ਦੇ ਵੀ ਅਜਿਹੀ ਖੁੱਲ੍ਹ ਅਤੇ ਅਯਾਸ਼ੀ ਦਾ ਅੱਡਾ ਬਣੇ ਹੋਟਲਾਂ ਦਾ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਸ਼ਹਿਰ ਦੇ ਸੱਭਿਅਕ ਨਾਗਰਿਕਾਂ ਨੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਅਯਾਸ਼ੀ ਦਾ ਅੱਡਾ ਬਣੇ ਹੋਟਲਾਂ ਤੇ ਰੇਡ ਕਰਕੇ, ਉਨਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।