ਆਪਣੇ ਹੱਕਾਂ ਲਈ ਸੁਚੇਤ ਹੋਣ ਔਰਤਾਂ- ਚਰਨਜੀਤ ਕੌਰ
ਹਰਿੰਦਰ ਨਿੱਕਾ , ਬਰਨਾਲਾ 5 ਮਾਰਚ 2021
ਇਸਤਰੀ ਜਾਗ੍ਰਿਤੀ ਮੰਚ ਵੱਲੋਂ ਇਸ ਵਾਰ ਕੌਮਾਂਤਰੀ ਔਰਤ ਦਿਹਾੜਾ ਕਿਸਾਨੀ ਸੰਘਰਸ਼ ਨੁੰ ਸਮਰਪਿਤ ਕੀਤਾ ਜਾ ਰਿਹਾ ਹੈ। ਮੰਚ ਆਗੂਆਂ ਵਲੋਂ 8 ਮਾਰਚ ਨੂੰ ਦਿੱਲੀ ਵਿਖੇ ਰਵਾਨਾ ਹੋਣ ਲਈ ਵੱਖ-ਵੱਖ ਪਿੰਡਾਂ `ਚ ਮਜ਼ਦੂਰ ਤੇ ਕਿਸਾਨ ਔਰਤਾਂ ਨਾਲ ਮੀਟਿੰਗਾਂ ਕਰਕੇ ਧਰਨੇ `ਚ ਸਮੂਲੀਅਤ ਕਰਨ ਲਈ ਲਾਬਮੰਦ ਕੀਤਾ ਜਾ ਰਿਹਾ ਹੈ।
ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਆਗੂ ਚਰਨਜੀਤ ਕੌਰ ਬਰਨਾਲਾ ਨੇ ਕਿਹਾ ਕਿ ਔਰਤ ਦੀ ਹੋਂਦ, ਲਿੰਗਕ ਬਰਾਬਰੀ, ਅਜ਼ਾਦੀ ਤੇ ਸੁਰੱਖਿਆ ਦਾ ਮਾਮਲਾ ਸਾਡੇ ਸਮਾਜ ਦਾ ਮੁੱਖ ਮੁੱਦਾ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਮਾਜ `ਚ ਆਪਣੀ ਹੋਂਦ ਸਥਾਪਿਤ ਕਰਨ ਲਈ ਅੱਜ ਤੱਕ ਔਰਤ ਆਪਣੇ ਹੱਕਾਂ ਲਈ ਜੂਝ ਰਹੀ ਹੈ। ਜੇਕਰ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਔਰਤਾਂ ਨੇ ਮਰਦਾਂਂ ਦੇ ਬਰਾਬਰ ਹਰ ਸੰਘਰਸ਼ `ਚ ਆਪਣਾ ਮੁੱਢਲਾ ਯੋਗਦਾਨ ਪਾਉਂਦਿਆਂ ਇਕ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ `ਚ ਚੱਲ ਰਹੇ ਕਿਸਾਨੀ ਸੰਘਰਸ਼ `ਚ ਔਰਤਾਂ ਨੇ ਮੋਹਰੀ ਰੋਲ ਅਦਾ ਕਰਕੇ ਸੰਘਰਸ਼ `ਚ ਇਕ ਨਵੀਂ ਜਾਨ ਪਾਈ ਹੈ। ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਵੱਡੀ ਗਿਣਤੀ `ਚ ਕਿਸਾਨ/ਮਜ਼ਦੂਰ ਔਰਤਾਂ ਨੇ ਸਮੂਲੀਅਤ ਕਰਕੇ ਧਰਨਿਆਂ ਦਾ ਨਵਾ ਮੁੱਢ ਬੰਨ੍ਹਿਆ ਹੈ। ਜਿ਼ਲ੍ਹੇ ਅੰਦਰ ਵੱਖ-ਵੱਖ ਥਾਵਾਂ `ਤੇ ਕਿਸਾਨਾਂ ਜਥੇਬੰਦੀਆਂ ਵਲੋਂ ਲਗਾਏ ਪੱਕੇ ਮੋਰਚਿਆਂ `ਚ ਰੋਜਾਨਾ ਵੱਡੀ ਗਿਣਤੀ ਔਰਤਾਂ ਦੀ ਹੁੰਦੀ ਹੈ। ਅੱਜ ਦੀ ਔਰਤ ਮਰਦ ਦੇ ਮੁਕਾਬਲੇ ਨਹੀਂ ਸਗੋਂ ਉਸ ਤੋਂ ਉੱਪਰ ਉੱਠ ਚੁੱਕੀ ਹੈ ਤੇ ਹਰ ਸੰਘਰਸ਼ `ਚ ਪਹਿਲਕਦਮੀ ਕਰਦਿਆਂ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ। ਉਨ੍ਹਾ ਕਿਹਾ ਕਿ ਸਮਾਜ ਅੰਦਰ ਅਜੇ ਵੀ ਔਰਤਾਂ ਦੇ ਖਿਲਾਫ਼ ਜ਼ਬਰ ਤੇ ਜ਼ੁਲਮ ਤੇ ਔਰਤ ਵਿਤਕਰਾ ਠੱਲ੍ਹ ਦਾ ਨਾਮ ਨਹੀਂ ਲੈ ਰਿਹਾ ਹੈ। ਉਨ੍ਹਾਂ 8 ਮਾਰਚ ਦੇ ਕੌਮਾਂਤਰੀ ਔਰਤ ਦਿਵਸ ਦਿਹਾੜੇ ਮੌਕੇ ਔਰਤਾਂ ਨੂੰ ਇਕਜੁੱਟਤਾ ਦਾ ਸੰਦੇਸ ਦਿੰਦਿਆਂ ਦਿੱਲੀ ਆਪਣੇ ਹੱਕਾਂ ਲਈ ਧਰਨੇ `ਚ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਰਬੰਸ ਕੌਰ, ਅਜਾਇਬ ਕੌਰ, ਗੰਮਦੂਰ ਕੌਰ ਆਦਿ ਵੀ ਹਾਜ਼ਰ ਸਨ।
——————