Skip to content
- Home
- ਬਰਨਾਲਾ ‘ਚ ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ ‘ਚ ਉਮੜਿਆ ਲੋਕਾਂ ਦਾ ਹੜ੍ਹ
Advertisement
27 ਨੂੰ ਵਿਸ਼ਾਲ ਗਿਣਤੀ ‘ਚ ਦਿੱਲੀ ਪੁੱਜਣ ਦਾ ਸੱਦਾ
8 ਮਾਰਚ ਨੂੰ ਔਰਤ ਦਿਵਸ ਮੌਕੇ ਦਿੱਲੀ ਮੋਰਚੇ ‘ਤੇ ਔਰਤ ਸ਼ਕਤੀ ਦਾ ਹੋਵੇਗਾ ਮੁਜ਼ਾਹਰਾ
- ਹਰਿੰਦਰ ਨਿੱਕਾ/ਰਘਬੀਰ ਹੈਪੀ/ਰਵੀ ਸੈਣ, ਬਰਨਾਲਾ 21 ਫਰਵਰੀ 2021
ਭਾਰਤੀ ਖੇਤੀ ਉੱਪਰ ਬੋਲੇ ਗਏ ਕਾਰਪੋਰੇਟ ਹਮਲੇ ਖਿਲਾਫ ਲੜੇ ਜਾ ਰਹੇ ਕਿਸਾਨ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਬੀ ਕੇ ਯੂ ਏਕਤਾ (ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਬਰਨਾਲਾ ਦੀ ਦਾਣਾ ਮੰਡੀ ਵਿੱਚ “ਕਿਸਾਨ ਮਜ਼ਦੂਰ ਏਕਤਾ ਮਹਾਂ-ਰੈਲੀ” ਕੀਤੀ ਗਈ। ਵਿਸ਼ਾਲ ਪੰਡਾਲ ਵਿੱਚ ਉਮੜੇ ਜਨ ਸੈਲਾਬ ਨੇ ਇਸ ਨੂੰ ਹਕੀਕੀ ਅਰਥਾਂ ਚ ਮਹਾਂ ਰੈਲੀ ਬਣਾ ਦਿੱਤਾ। ਖੇਤ ਮਜ਼ਦੂਰਾਂ ਤੇ ਕਿਸਾਨਾਂ ਸਮੇਤ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਇਸ ਮਹਾਂ-ਰੈਲੀ ਦੀ ਵਿਸ਼ੇਸ਼ਤਾ ਸੀ। ਇਕੱਠ ਨੂੰ ਸੰਬੋਧਨ ਹੁੰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਚੱਲ ਰਹੇ ਕਿਸਾਨ ਸੰਘਰਸ਼ ਨੂੰ ਤਕੜਾਈ ਦੇਣ ਲਈ ਜਿੱਥੇ ਸੰਘਰਸ਼ ਅੰਦਰ ਖੇਤ ਮਜ਼ਦੂਰਾਂ ਸਮੇਤ ਹੋਰਨਾਂ ਤਬਕਿਆਂ ਦੀ ਸ਼ਮੂਲੀਅਤ ਜ਼ਰੂਰੀ ਹੈ ਉਥੇ ਨਾਲ ਹੀ ਸੰਘਰਸ਼ ਦੇ ਧਰਮ ਨਿਰਲੇਪ ਕਿਰਦਾਰ ਨੂੰ ਹੋਰ ਮਜ਼ਬੂਤ ਕਰਨ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਸੰਘਰਸ਼ ਦੀ ਆਜ਼ਾਦੀ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ। ਕਿਸਾਨ ਸੰਘਰਸ਼ ਦੀ ਧਾਰ ਭਾਜਪਾਈ ਹਕੂਮਤ ਤੇ ਕਾਰਪੋਰੇਟ ਗੱਠਜੋੜ ਦੇ ਹਮਲੇ ਖਿਲਾਫ ਸੇਧਿਤ ਕਰਦਿਆਂ ਦੇਸ਼ ਭਰ ਦੇ ਕਿਸਾਨਾਂ ਦਾ ਏਕਾ ਮਜ਼ਬੂਤ ਕਰਨਾ ਚਾਹੀਦਾ ਹੈ। 26 ਜਨਵਰੀ ਦੀਆਂ ਘਟਨਾਵਾਂ ਬਾਰੇ ਟਿੱਪਣੀਆਂ ਕਰਦਿਆਂ ਉਹਨਾਂ ਕਿਹਾ ਕਿ ਸੰਘਰਸ਼ ਅੰਦਰ ਘੁਸੀਆਂ ਹੋਈਆਂ ਪਰਾਈਆਂ ਸ਼ਕਤੀਆਂ ਰਾਹੀਂ ਮੋਦੀ ਹਕੂਮਤ ਨੇ ਸੰਘਰਸ਼ ‘ਤੇ ਵਿਸ਼ੇਸ਼ ਫ਼ਿਰਕੇ ਦਾ ਲੇਬਲ ਲਾਉਣ ਦਾ ਯਤਨ ਕੀਤਾ ਸੀ ਤੇ ਇਸ ਰਾਹੀਂ ਇਸਨੂੰ ਫਿਰਕੂ ਰਾਸ਼ਟਰਵਾਦ ਦੇ ਹਮਲੇ ਹੇਠ ਲਿਆਉਣਾ ਚਾਹਿਆ ਸੀ ਜਿਸਨੂੰ ਦੇਸ਼ ਭਰ ਦੇ ਕਿਸਾਨਾਂ ਦੇ ਏਕੇ ਤੇ ਸੰਘਰਸ਼ ਤਾਂਘ ਨੇ ਇੱਕ ਵਾਰ ਸਫਲਤਾ ਨਾਲ ਪਛਾੜ ਦਿੱਤਾ ਹੈ। ਉਹਨਾਂ ਮੁਲਕ ਦੇ ਕਿਰਤੀ ਲੋਕਾਂ ਵੱਲੋਂ ਸਾਮਰਾਜੀ ਬਹੁਕੌਮੀ ਕੰਪਨੀਆਂ ਖਿਲਾਫ਼ ਜੂਝਣ ਦੀ ਭਾਵਨਾ ਨੂੰ ਖਰੀ ਦੇਸ਼ ਭਗਤੀ ਕਰਾਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ ਅੰਦਰ ਗ੍ਰਿਫ਼ਤਾਰ ਕੀਤੇ ਸਭਨਾਂ ਕਿਸਾਨਾਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਤੇ ਝੂਠੇ ਕੇਸ ਰੱਦ ਕੀਤੇ ਜਾਣ। 26 ਤਰੀਕ ਨੂੰ ਸ਼ਹੀਦ ਹੋਏ ਨੌਜਵਾਨ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ।ਰੈਲੀ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਇਕ ਇਤਿਹਾਸਕ ਕਿਸਾਨ ਅੰਦੋਲਨ ਹੈ। ਇਸ ਦੀ ਕਾਮਯਾਬੀ ਲਈ ਜਾਤਾਂ,ਧਰਮਾਂ ,ਇਲਾਕਿਆਂ ਤੋਂ ਉਪਰ ਉਠ ਕੇ ਏਕੇ ਨੂੰ ਹੋਰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਕਿਸਾਨ ਆਪਣੇ ਸਿਦਕ ਤੇ ਸਬਰ ਨਾਲ ਆਉਣ ਵਾਲੇ ਦਿਨਾਂ ਵਿੱਚ ਜਿੱਤ ਦੀ ਨਵੀਂ ਇਬਾਰਤ ਲਿਖਣਗੇ।
ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦਾ ਇਹ ਮਸਲਾ ਖੇਤ ਮਜ਼ਦੂਰਾਂ ਦੇ ਜੂਨ ਗੁਜ਼ਾਰੇ ਤੇ ਰੁਜ਼ਗਾਰ ਉੱਪਰ ਵੱਡੀ ਸੱਟ ਸ਼ਾਬਤ ਹੋਵੇਗੀ। ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਵਾਲਾ ਇਹ ਹੱਲਾ ਮੁਲਕ ਦੀ ਅੰਨ ਸੁਰੱਖਿਆ ‘ਤੇ ਬੋਲੇ ਗਏ ਵੱਡੇ ਸਾਮਰਾਜੀ ਹੱਲੇ ਦਾ ਹਿੱਸਾ ਹੈ ਜੋ ਸੰਸਾਰ ਸਾਮਰਾਜੀ ਸੰਸਥਾਵਾਂ ਵੱਲੋਂ ਨਿਰਦੇਸ਼ਿਤ ਕੀਤੇ ਜਾ ਰਹੇ ਅਖੌਤੀ ਆਰਥਿਕ ਸੁਧਾਰਾਂ ਤਹਿਤ ਅੱਗੇ ਵੱਧ ਰਿਹਾ ਹੈ ਉਹਨਾਂ ਕਿਹਾ ਕਿ ਇਸ ਹਮਲੇ ਖਿਲਾਫ ਲਿਜਾਈ ਜਾ ਰਹੀ ਚੇਤਨਾ ਮੁਹਿੰਮ ਨੂੰ ਖੇਤ ਮਜ਼ਦੂਰਾਂ ਨੇ ਵੱਡਾ ਹੁੰਗਾਰਾ ਦਿੱਤਾ ਹੈ ਜਿਸਦਾ ਪ੍ਰਗਟਾਵਾ ਅੱਜ ਦੀ ਰੈਲੀ ‘ਚ ਖੇਤ ਮਜ਼ਦੂਰਾਂ ਦੀ ਭਰਵੀਂ ਹਾਜ਼ਰੀ ਰਾਹੀਂ ਜ਼ਾਹਰ ਹੋ ਰਿਹਾ ਹੈ।ਖੇਤ ਮਜ਼ਦੂਰ ਇਸ ਸੰਘਰਸ਼ ਦਾ ਹੋਰ ਵੀ ਉੱਭਰਵਾਂ ਅੰਗ ਬਣਕੇ ਨਿਤਰਨਗੇ। ਬੇ.ਕੇ.ਯੂ ਏਕਤਾ (ਉਗਰਾਹਾਂ) ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਨੇ ਹੁਣ ਤੱਕ ਇਸ ਸੰਘਰਸ਼ ਅੰਦਰ ਬਹੁਤ ਅਹਿਮ ਹਿੱਸਾ ਪਾਇਆ ਹੈ। ਕਿਸਾਨ ਅਤੇ ਔਰਤਾਂ ਇਸ ਸੰਘਰਸ਼ ਅੰਦਰ ਇੱਕ ਹੋਣਹਾਰ ਜਾਨਦਾਰ ਧਿਰ ਹਨ ਤੇ ਇਸ ਧਿਰ ਦੀ ਸ਼ਮੂਲੀਅਤ ਸੰਘਰਸ਼ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਬਹੁਤ ਜ਼ਰੂਰੀ ਹੈ। ਖੇਤ ਮਜ਼ਦੂਰ ਔਰਤਾਂ ਨੂੰ ਵੀ ਅਜਿਹੀ ਧਿਰ ਵਜੋਂ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਮੋਦੀ ਸਰਕਾਰ ਵੱਲੋਂ ਵਾਤਾਵਰਣ ਕਾਰਕੁੰਨ ਦਿਸ਼ਾ ਰਵੀ ਤੇ ਮਜ਼ਦੂਰ ਆਗੂ ਨੌਦੀਪ ਕੌਰ ਗੰਧੜ੍ਹ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਬਿਨਾ ਸ਼ਰਤ ਰਿਹਾਈ ਦੀ ਮੰਗ ਕੀਤੀ।ਜੱਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਹ ਸੰਘਰਸ਼ ਪੰਜਾਬ ਦੇ ਸਭਨਾਂ ਮਿਹਨਤਕਸ਼ ਤਬਕਿਆਂ ਦਾ ਸੰਘਰਸ਼ ਬਣਨਾ ਚਾਹੀਦਾ ਹੈ ਜਿਸ ਵਿਚ ਹਰ ਕਿਰਤੀ ਆਪਣਾ ਹਿੱਸਾ ਪਾਵੇ।ਉਹਨਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਬਾਦਲ ਸਰਕਾਰ ਵੱਲੋਂ ਬਣਾਏ ਠੇਕਾ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਐਲਾਨ ਨੂੰ ਫੌਰੀ ਲਾਗੂ ਕਰੇ ਤੇ ਆਪਣੇ ਵੱਲੋਂ ਅਜਿਹਾ ਨਵਾਂ ਕਾਨੂੰਨ ਲਿਆਉਣ ਦੀਆਂ ਵਿਉਂਤਾਂ ਫੌਰੀ ਰੱਦ ਕਰੇ,ਏ.ਪੀ.ਐੱਮ.ਸੀ ਐਕਟ ‘ਚ 2017 ‘ਚ ਕੀਤੀਆਂ ਕਿਸਾਨ ਵਿਰੋਧੀ ਸੋਧਾਂ ਰੱਦ ਕੀਤੀਆਂ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਤੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੇ ਵਾਅਦੇ ਲਾਗੂ ਕੀਤੇ ਜਾਣ।ਅੱਜ ਦੀ ਰੈਲੀ ਵਿਚ ਨੌਜਵਾਨ, ਵਿਦਿਆਰਥੀ,ਮੁਲਾਜ਼ਮਾਂ ਦੇ ਵੱਖ-ਵੱਖ ਹਿੱਸੇ, ਤਰਕਸ਼ੀਲ,ਜਮਹੂਰੀ ਹੱਕਾਂ ਦੇ ਕਾਰਕੁੰਨ, ਦੇਸ਼ ਭਗਤ,ਲੇਖਕ, ਬੁੱਧੀਜੀਵੀ, ਰੰਗਕਰਮੀ ਤੇ ਹੋਰ ਲੋਕ ਪੱਖੀ ਸੰਸਥਾਵਾਂ ਤੇ ਸਖਸ਼ੀਅਤਾਂ ਸ਼ਾਮਲ ਸਨ।ਜਦਕਿ ਮੁਸਲਿਮ ਭਾਈਚਾਰਾ ਗਿਣਨਯੋਗ ਗਿਣਤੀ ਵਿੱਚ ਸ਼ਾਮਲ ਹੋਇਆ।ਅੱਜ ਦੀ ਰੈਲੀ ਨੂੰ ਸੰਯੁਕਤ ਮੋਰਚੇ ‘ਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੁਲਵੰਤ ਸਿੰਘ ਸੰਧੂ ਤੇ ਰੁਲਦੂ ਸਿੰਘ ਮਾਨਸਾ, ਕਿਰਨਜੀਤ ਸਿੰਘ ਸੇਖੋਂ,ਬਲਦੇਵ ਸਿੰਘ ਨਿਹਾਲਗੜ੍ਹ,ਪਵਿੱਤਰ ਸਿੰਘ ਲਾਲੀ, ਉੱਤਰ ਪ੍ਰਦੇਸ਼ ਤੋਂ ਹਰਪਾਲ ਸਿੰਘ ਬੁਲਾਰੀ ਨੇ ਵੀ ਸੰਬੋਧਨ ਕੀਤਾ।ਕਿਸਾਨ ਆਗੂਆਂ ਨੇ ਵਿਸ਼ਾਲ ਏਕਤਾ ਤੇ ਸਾਂਝੇ ਤੇ ਲੰਬੇ ਸੰਘਰਸ਼ਾਂ ਤੇ ਟੇਕ ਰੱਖਣ ਦਾ ਸੱਦਾ ਦਿੱਤਾ।ਅੱਜ ਦੀ ਇਸ ਮਹਾਂਰੈਲੀ ਦਾ ਮੰਚ ਸੰਚਾਲਨ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕੀਤਾ।
ਅੱਜ ਦੇ ਇਕੱਠ ‘ਚ 27 ਫਰਵਰੀ ਨੂੰ ਦਿੱਲੀ ਮੋਰਚੇ ‘ਚ ਵਿਸ਼ਾਲ ਗਿਣਤੀ ‘ਚ ਪੁੱਜਣ ਤੇ 8 ਮਾਰਚ ਨੂੰ ਔਰਤ ਦਿਵਸ ਮੌਕੇ ਦਿੱਲੀ ਮੋਰਚੇ ‘ਚ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਪੁੱਜਣ ਦਾ ਸੱਦਾ ਦਿੱਤਾ। 23 ਫਰਵਰੀ ਨੂੰ ਪੰਜਾਬ ਤੇ ਦਿੱਲੀ ‘ਚ ਚੱਲ ਰਹੇ ਮੋਰਚਿਆਂ ‘ਚ ਪਗੜੀ ਸੰਭਾਲ ਜੱਟਾ ਲਹਿਰ ਦੇ ਨਾਇਕ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਦਾ ਸੱਦਾ ਵੀ ਦਿੱਤਾ ਗਿਆ।
Advertisement
Advertisement
Advertisement
Advertisement
Advertisement
error: Content is protected !!