ਕਿਸਾਨ ਜਥੇਬੰਦੀਆਂ ਵੱਖ ਵੱਖ ਜਰੂਰ ਨੇ, ਪਰ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮੁੱਦੇ ਤੇ ਇੱਕਮੁੱਠ- ਉਗਰਾਹਾਂ
ਉਗਰਾਹਾਂ ਦਾ ਲੋਕਾਂ ਨੂੰ ਸੱਦਾ, ਦਿੱਲੀ ਜਾਂ ਪੰਜਾਬ ਦੀ ਪੁਲਿਸ ਜਦੋਂ ਵੀ ਪਿੰਡਾਂ ‘ਚ ਆਵੇ ਘੇਰ ਲਿਉ,,,
ਤੁਸੀਂ ਆਪ ਦੇਖੋ ਆਹ ਭਲਾਂ ਰਾਜੇਵਾਲ ਡਾਕੇ ਮਾਰਨ ਵਾਲਾ ਬੰਦੈ, ਇਹ ਤੇ ਡਾਕੇ ਦਾ ਕੇਸ ਦਰਜ਼ ਕਰਿਐ ਦਿੱਲੀ ਪੁਲਿਸ ਨੇ- ਉਗਰਾਹਾਂ
-ਉਗਰਾਹਾਂ ਨੂੰ ਵੇਖਣ ਅਤੇ ਸੁਣਨ ਲਈ ਲੋਕਾਂ ਵਿੱਚ ਆਖਿਰ ਤੱਕ ਰਹੀ ਉਤਸਕਤਾ
ਹਰਿੰਦਰ ਨਿੱਕਾ , ਬਰਨਾਲਾ 21 ਫਰਵਰੀ 2021
ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੁੱਧ ਲੋਕ ਲਾਮਬੰਦੀ ਦੇ ਸਹਾਰੇ ਕਿਸਾਨ ਮਜਦੂਰਾਂ ਦੀ ਏਕਤਾ ਦਾ ਜਬਰਦਸਤ ਪ੍ਰਦਰਸ਼ਨ ਕਰਨ ਵਾਲੇ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦਿੱਲੀ ਪੁਲਿਸ ਨੂੰ ਲਲਕਾਰਦਿਆਂ ਮੰਚ ਤੇ ਮੌਜੂਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਆਹ ਬੈਠਾ ਰੁਲਦੂ , ਕੋਈ ਹੱਥ ਲਾ ਕੇ ਦਿਖਾਉ। ਉਗਰਾਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਗੱਲ ਇਕੱਲੇ ਰੁਲਦੂ ਦੀ ਹੀ ਨਹੀਂ, ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਪੰਜਾਬ ਦੇ ਕਿਸੇ ਵੀ ਵਿਅਕਤੀ ਤੇ ਸੰਘਰਸ਼ ਦੌਰਾਨ ਕੋਈ ਕੇਸ ਦਰਜ਼ ਕਰਕੇ, ਉਸਨੂੰ ਫੜ੍ਹਨ ਲਈ ਆਈ ਪੁਲਿਸ ਨੂੰ ਲੋਕੋ ਪਿੰਡਾਂ ਵਿੱਚ ਨਾ ਵੜਨ ਦਿਉ। ਉਨਾਂ ਕਿਹਾ ਕਿ ਅਸੀਂ ਕੋਈ ਗੁੰਡੇ ਨਹੀਂ,ਕੋਈ ਸਰਕਾਰ ਨਹੀਂ ਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਹਾਂ, ਇਹ ਲੋਕਾਂ ਦੀ ਤਾਕਤ ਦੇ ਸਿਰ ਤੇ ਹੀ ਮੈਂ ਇਹ ਐਲਾਨ ਕਰਦਾ ਹਾਂ, ਕਿ ਅਸੀਂ ਸੰਘਰਸ਼ ਵਿੱਚ ਸ਼ਾਮਿਲ ਕਿਸੇ ਵੀ ਬੰਦੇ ਨੂੰ ਫੜਨ ਨਹੀਂ ਦਿਆਂਗੇ। ਉਨਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਖੇਤੀ ਮੰਤਰੀ ਤੋਮਰ ਤੇ ਵਿਅੰਗਾਤਮਕ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੋਦੀ ਬਾਰੇ ਗੋਦੀ ਮੀਡੀਆ ਪ੍ਰਚਾਰ ਕਰਦਾ ਸੀ, ਕਿ ਮੋਦੀ ਹੈ ਤਾਂ ਮੁਮਕਿਨ ਹੈ, ਮੋਦੀ ਆਪਣੀ ਕਹੀ ਹੋਈ ਕਿਸੇ ਗੱਲ ਤੋਂ ਪਿੱਛੇ ਨਹੀਂ ਮੁੜਦਾ, ਪਰੰਤੂ ਮੋਦੀ ਦਾ ਵਾਹ ਹੁਣ ਪੰਜਾਬੀਆਂ ਨਾਲ ਤੇ ਬੱਬਰ ਸ਼ੇਰਾਂ ਨਾਲ ਪਿਆ ਹੈ, ਕਦੇ ਪਿੱਛੇ ਨਾ ਮੁੜਨ ਦੀਆਂ ਗੱਲਾਂ ਕਰਨ ਵਾਲੇ ਮੋਦੀ ਨੂੰ ਕਹਿਣਾ ਪੈ ਗਿਆ ਕਿ ਕਿਸਾਨਾਂ ਨਾਲ ਗੱਲਬਾਤ ਦੀ , ਸਿਰਫ ਫੋਨ ਕਾਲ ਜਿੰਨੀ ਹੀ ਦੂਰੀ ਹੈ। ਉਗਰਾਹਾਂ ਨੇ ਕਿਹਾ ਕਿ ਮੋਦੀ ਇੱਕੋ ਗੱਲ ਕਹਿ ਰਿਹਾ, ਕਾਨੂੰਨਾਂ ਵਿੱਚ ਸੋਧਾਂ ਜਿੰਨੀਆਂ ਤੇ ਜਿਹੜੀਆਂ ਮਰਜੀ ਕਰਵਾ ਲਉ, ਪਰ ਕਾਨੂੰਨ ਰੱਦ ਕਰਨ ਨੂੰ ਨਾ ਕਹੋ, ਉਗਰਾਹਾਂ ਨੇ ਕਿਹਾ, ਚਲੋ ਠੀਕ ਐ, ਅਸੀਂ ਕਾਨੂੰਨ ਰੱਦ ਕਰਨ ਦਾ ਸ਼ਬਦ ਨਹੀਂ ਵਰਤਦੇ, ਇਹ ਨਕਾਰਾ ਕਾਨੂੰਨਾਂ ਨੂੰ ਚੁੱਲ੍ਹੇ ਵਿੱਚ ਸੁੱਟ ਦਿਉ, ਇਸ ਗੱਲ ਵਿੱਚ ਤਾਂ ਕਾਨੂੰਨ ਰੱਦ ਕਰਨ ਦਾ ਕੋਈ ਸ਼ਬਦ ਨਹੀਂ ਆਉਂਦਾ।
-ਪੰਗਾ ਮੋਦੀ ਨਾਲ ਨਹੀਂ, ਵਿਸ਼ਵ ਵਪਾਰ ਸੰਸਥਾ ਨਾਲ ਐ,,
ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਗੱਲ ਮੋਦੀ ਦੀ ਨਹੀਂ, ਕਿਸਾਨਾਂ ਦਾ ਪੰਗਾ ਯਾਨੀ ਵਿਰੋਧ ਵਿਸ਼ਵ ਵਪਾਰ ਸੰਸਥਾ ਦੀਆਂ ਲੋਕ ਮਾਰੂ ਤੇ ਕਾਰਪੋਰੋਟ ਘਰਾਣਿਆਂ ਦਾ ਪੱਖ ਪੂਰਦੀਆਂ ਨੀਤੀਆਂ ਨਾਲ ਹੈ। ਉਨਾਂ ਕਿਹਾ ਕਿ ਇਸ ਲਈ ਇਸ ਸੰਘਰਸ਼ ਦਾ ਦਾਇਰਾ ਵੀ ਹੁਣ ਦੇਸ਼ ਪੱਧਰੀ ਨਹੇਂ ਬਲਕਿ ਵਿਸ਼ਵ ਪੱਧਰੀ ਹੋ ਗਿਆ ਹੈ। ਵਿਦੇਸ਼ਾਂ ਤੋਂ ਵੀ ਕਿਸਾਨ ਸੰਘਰਸ਼ ਦਾ ਸਮਰਥਨ ਅਤੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਖੇਤੀ ਮੰਤਰੀ ਤੋਮਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਤੋਮਰ ਪੁੱਛਦਾ ਹੈ, ਖੇਤੀ ਕਾਨੂੰਨਾਂ ਵਿੱਚ ਕਾਲਾ ਕੀ ਹੈ। ਅਸੀਂ ਕਹਿੰਦੇ ਹਾਂ, ਕਾਨੂੰਨਾਂ ਚ, ਕੁਝ ਕਾਲਾ ਨਹੇਂ ਬਲਕਿ ਤਿੰਨੋਂ ਕਾਨੂੰਨ ਪੂਰੇ ਦੇ ਪੂਰੇ ਹੀ ਕਾਲੇ ਹਨ। ਉਨਾਂ ਕਿਹਾ ਕਿ ਮੋਦੀ ਭਲਵਾਨ ਦਾ ਪੇਚਾ ਹੁਣ ਪੰਜਾਬ ਭਲਵਾਨ ਨਾਲ ਪਿਆ ਹੋਇਆ। ਕਿਸਾਨ ਦੇ ਰੋਹ ਅੱਗੇ ਮੋਦੀ ਭਲਵਾਨ ਡਿੱਗਿਆ ਪਿਆ ਹੈ, ਤੇ ਬੱਸ ਥੋੜ੍ਹਾ ਜਿਹਾ ਹੋਰ ਦੱਬ ਦੇਣ ਦੀ ਲੋੜ ਹੈ। ਲੋਕਾਂ ਦਾ ਦਬਾਅ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਮਜਬੂਰ ਕਰ ਦੇਵੇਗਾ।
-ਦੀਪ ਸਿੱਧੂ ਤੇ ਹੋਰ ਤੱਤੇ ਆਗੂਆਂ ਤੇ ਵਰ੍ਹਿਆ ਉਗਰਾਹਾਂ,,
ਜੋਗਿੰਦਰ ਸਿੰਘ ਉਗਰਾਹਾਂ ਨੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ‘ਚ ਕਿਹਾ ਕਿ ਜਿਹੜੇ ਲੋਕ ਤੱਤੀਆਂ ਗੱਲਾਂ ਕਰਕੇ, ਸੰਘਰਸ਼ ਨੂੰ ਲੀਹ ਤੋਂ ਲਾਹੁਣਾ ਚਾਹੁੰਦੇ ਸੀ। ਉਹ ਹੁਣ ਕਿੱਥੇ ਨੇ, ਉਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਦਿੱਲੀ ਚੜ੍ਹਾਈ ਕਰਨ ਜਾਂ ਲਾਲ ਕਿਲੇ ਤੇ ਝੰੜਾ ਝੜਾਉਣ ਦਾ ਵਾਅਦਾ ਕਰਕੇ ਦਿੱਲੀ ਨਹੀਂ ਸੱਦਿਆ ਸੀ। ਨਾ ਹੀ, ਲਾਲ ਕਿਲੇ ਤੇ ਝੰੜਾ ਲਹਿਰਾਉਣ ਨਾਲ ਖੇਤੀ ਕਾਨੂੰਨ ਰੱਦ ਹੋਣੇ ਹਨ। ਸਰਕਾਰ ਵੀ ਚਾਹੁੰਦੀ ਸੀ ਕਿ ਉਹ ਕਿਸਾਨਾਂ ਦੇ ਸੰਘਰਸ਼ ਨੂੰ ਖਾਲਿਸਤਾਨ ਜਾਂ ਨਕਸਲਬਾੜੀ ਅੰਦੋਲਨ ਦਾ ਨਾਮ ਦੇ ਕੇ ਬਦਨਾਮ ਕਰ ਦੇਵੇਗੀ। ਪਰੰਤੂ ਸਰਕਾਰ ਦੀ ਇਹ ਚਾਲ ਵੀ ਦੇਸ਼ ਭਰ ਦੇ ਕਿਸਾਨਾਂ ਨੇ ਅਸਫਲ ਕਰ ਦਿੱਤੀ। ਕਿਉਂਕਿ ਇਹ ਸੰਘਰਸ਼, ਕਿਸੇ ਧਰਮ, ਜਾਤ ਜਾਂ ਖਿੱਤੇ ਦਾ ਸੰਘਰਸ਼ ਨਹੀਂ, ਸਮੁੱਚੇ ਦੇਸ਼ ਦੇ ਲੋਕਾਂ ਦਾ ਸੰਘਰਸ਼ ਹੈ। ਉਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨਾਲ ਸਾਡਾ ਕੋਈ ਵੈਰ ਨਹੇਂ ਕੇਂਦਰ ਦੀ ਸੱਤਾ ਦੇ ਕਾਬਿਜ ਦਿੱਲੀ ਹਕੂਮਤ ਨਾਲ ਹੈ। ਜਿਹੜੀ ਮੁੱਠੀ ਭਰ ਕਾਰਪੋਰੋਟ ਘਰਾਣਿਆ ਦਾ ਢਿੱਡ ਭਰਨ ਲਈ, ਦੇਸ਼ ਦੇ ਲੋਕਾਂ ਨੂੰ ਢਿੱਡੋਂ ਭੁੱਖੇ ਰੱਖਣ ਲਈ ਕਾਨੂੰਨ ਘੜ੍ਹ ਰਹੀ ਹੈ। ਉਨਾਂ ਦੀਪ ਸਿੱਧੂ ਦਾ ਨਾਮ ਲਏ ਬਿਨਾਂ ਇਸ਼ਾਰਿਆਂ ਇਸ਼ਾਰਿਆਂ ਵਿੱਚ ਕਿਹਾ ਕਿ ਕੁਝ ਲੋਕ ਨੌਜਵਾਨਾਂ ਨੂੰ ਭਾਵੁਕ ਅਤੇ ਸੁਭਾਵਿਕ ਤੱਤੀਆਂ ਗੱਲਾਂ ਕਰਕੇ, ਭੜਕਾਉਣ ਤੇ ਲੱਗੇ ਹੋਏ ਸਨ, ਜਿਨ੍ਹਾਂ ਦਾ ਨਿਖੇੜਾ 26 ਜਨਵਰੀ ਦੀ ਘਟਨਾ ਨੇ ਖੁਦ ਹੀ ਕਰ ਦਿੱਤਾ ਹੈ। ਹੁਣ ਲੋਕਾਂ ਨੂੰ ਖਰੇ-ਖੋਟੇ ਦੀ ਪਹਿਚਾਣ ਹੋ ਗਈ ਹੈ, ਕਿ ਕੋਣ ਆਗੂ ਲੋਕਾਂ ਦੇ ਹਿੱਤ ਦੀ ਲੜਾਈ ਲੜਦੇ ਹਨ ਤੇ ਕੌਣ ਆਪਣੇ ਹਿੱਤ ਪੂਰਨ ਲਈ ਲੱਗੇ ਹੋਏ ਹਨ। ਲੱਖਾਂ ਲੋਕਾਂ ਦੇ ਹੜ੍ਹ ਵਿੱਚ ਇੱਕ ਗੱਲ ਖਾਸ ਤੌਰ ਤੇ ਵੇਖਣ ਵਿੱਚ ਆਈ ਕਿ ਉਗਰਾਹਾਂ ਨੂੰ ਵੇਖਣ ਅਤੇ ਸੁਣਨ ਲਈ ਲੋਕਾਂ ਵਿੱਚ ਆਖਿਰ ਤੱਕ ਉਤਸਕਤਾ ਬਣੀ ਰਹੀ। ਜਦੋਂ ਵੀ ਕੋਈ ਬੁਲਾਰਾ ਸਟੇਜ ਤੋਂ ਬੋਲਦਾ, ਲੋਕ ਕਹਿਣ ਲੱਗ ਜਾਂਦੇ, ਉਗਰਾਹਾਂ ਕਿੱਥੇ ਐ, ਉਹ ਕਦੋਂ ਬੋਲੂਗਾ। ਉਗਰਾਹਾਂ ਦਾ ਭਾਸ਼ਣ ਲੋਕਾਂ ਨੇ ਸਾਹ ਰੋਕ ਕੇ ਸੁਣਿਆ ਤੇ ਲੱਖਾਂ ਲੋਕਾਂ ਦੇ ਇਕੱਠ ਵਿੱਚ ਵੀ ਉਗਰਾਹਾਂ ਦੇ ਭਾਸ਼ਣ ਦੌਰਾਨ ਪਿੰਨ ਸਾਈਲੈਂਸ ਬਣੀ ਰਹੀ।