ਪ੍ਰਧਾਨਗੀ ਦੀ ਚੋਣ ਲਈ ਇਸ ਵਾਰ ਟ੍ਰਾਈਡੈਂਟ ਦੇ ਥਾਪੜੇ ਦੀ ਨਹੀਂ ਰਹੀ ਕੋਈ ਲੋੜ
ਪਿਛਲੀਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਰਜਿੰਦਰ ਗੁਪਤਾ ਨੇ ਆਪਣੇ ਨਜਦੀਕੀ ਸ਼ੋਰੀ ਸਿਰ ਧਰਿਆ ਸੀ ਪ੍ਰਧਾਨਗੀ ਦਾ ਤਾਜ਼
ਹੁਣ ਕੌਂਸਲ ਦੀ ਦਹਿਲੀਜ ਤੇ ਪਹੁੰਚਿਆ ਟ੍ਰਾਈਡੈਂਟ ਦੇ ਥਾਪੜੇ ਵਾਲਾ ਇੱਕ ਐਮ.ਸੀ. ਜੁਗਰਾਜ ਪੰਡੋਰੀ
ਹਰਿੰਦਰ ਨਿੱਕਾ , ਬਰਨਾਲਾ 18 ਫਰਵਰੀ 2021
ਚਾਰ ਦਿਨਾਂ ਦੀ ਚਾਦਨੀ, ਫਿਰ ਹਨ੍ਹੇਰੀ ਰਾਤ, ਦੀ ਤਰਾਂ ਹੀ ਇਸ ਵਾਰ ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੱਤਾ ਦੀ ਚਾਬੀ ਟ੍ਰਾਈਡੈਂਟ ਗਰੁੱਪ ਦੇ ਮਾਲਿਕ ਹੱਥੋਂ ਖੁੱਸ ਕੇ ਕਾਂਗਰਸ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਹੱਥ ਆ ਗਈ ਹੈ । ਯਾਨੀ ਹੁਣ ਪ੍ਰਧਾਨਗੀ ਦੀ ਕੁਰਸੀ ਦਾ ਫੈਸਲਾ, ਟ੍ਰਾਈਡੈਂਟ ਗਰੁੱਪ ਦਾ ਮਾਲਿਕ ਆਰ.ਜੀ. ਆਪਣੀ ਫੈਕਟਰੀ ਵਿੱਚ ਐਮ.ਸੀਜ ਨੂੰ ਬੁਲਾ ਕੇ ਨਹੀਂ ਕਰ ਸਕੇਗਾ। ਹੁਣ ਇਹ ਫੈਸਲਾ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੀ ਕੋਠੀ ਵਿੱਚੋਂ ਹੀ ਤਹਿ ਹੋਵੇਗਾ। ਕਿਉਂਕਿ ਟ੍ਰਾਈਡੈਂਟ ਦੇ ਮਾਲਿਕ ਦੇ ਸਭ ਤੋਂ ਕਰੀਬੀ ਅਤੇ ਮੁੜ ਪ੍ਰਧਾਨਗੀ ਦੀ ਉਮੀਦ ਨਾਲ ਚੋਣ ਮੈਦਾਨ ਵਿੱਚ ਉਤਾਰੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਨੂੰ ਵੀ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਪਰਮਜੀਤ ਸਿੰਘ ਜੌਂਟੀ ਮਾਨ ਤੋਂ ਵੱਡੇ ਫਰਕ ਮੂੰਹ ਦੀ ਖਾਣੀ ਪਈ ਹੈ। ਵਾਰਡ ਨੰਬਰ 6 ਦੇ ਲੋਕਾਂ ਨੇ ਸਿੱਧ ਕਰ ਦਿੱਤਾ ਕਿ ਉਹ ਜਾਗਦੀ ਜਮੀਰ ਵਾਲੇ ਲੋਕ ਹਨ, ਕਿਸੇ ਉਦਯੋਪਤੀ ਦੇ ਪਿਛਲੱਗ ਨੂੰ ਪ੍ਰਧਾਨ ਤਾਂ ਦੂਰ ਐਮ.ਸੀ. ਦੀ ਕੁਰਸੀ ਤੱਕ ਪਹੁੰਚਣ ਦਾ ਸੁਪਨਾ ਵੀ ਸਕਾਰ ਨਹੀਂ ਹੋਣ ਦੇਣਗੇ। ਸ਼ੋਰੀ ਦੇ ਮੁਕਾਬਲੇ ਉਹ ਉਮੀਦਵਾਰ ਜੌਂਟੀ ਮਾਨ ਚੋਣ ਜਿੱਤਿਆ ਹੈ, ਜਿਸ ਦੀ ਟੇਕ ਕਿਸੇ ਉਦਯੋਗਪਤੀ ਦੀ ਬਜਾਏ ਵਾਰਡ ਦੇ ਲੋਕਾਂ ਤੇ ਹੀ ਟਿਕੀ ਹੋਈ ਸੀ। ਮਾਨ ਆਮ ਲੋਕਾਂ ਵਰਗਾ ਹੀ ਹੈ ਤੇ ਆਮ ਲੋਕਾਂ ਦੇ ਸਹਿਯੋਗ ਅਤੇ ਵਿਕਾਸ ਪੁਰਸ਼ ਕੇਵਲ ਸਿੰਘ ਢਿੱਲੋਂ ਦੇ ਥਾਪੜੇ ਨਾਲ ਹੀ ਮੈਦਾਨ ਵਿੱਚ ਉਤਰਿਆ ਸੀ ।
ਮੁੱਖ ਮੁਕਾਬਲੇ ਦੀ ਬਜਾਏ, ਦੂਜੇ ਨੰਬਰ ਤੇ ਆਉਣ ਦੀ ਲੜਾਈ ਹੀ ਲੜ੍ਹਦਾ ਰਿਹਾ ਸ਼ੋਰੀ
ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ,ਬੇਸ਼ੱਕ ਪਿਛਲੀਆਂ ਕੌਂਸਲ ਚੋਣਾਂ ਦੀ ਤਰਾਂ ਹੀ ਟ੍ਰਾਈਡੈਂਟ ਗਰੁੱਪ ਦੇ ਮਾਲਿਕ ਦੇ ਇਸ਼ਾਰੇ ਅਤੇ ਸਹਾਰੇ ਇਸ ਵਾਰ ਵੀ ਟ੍ਰਾਈਡੈਂਟ ਦੇ ਮਾਲਿਕ ਵੱਲੋਂ ਕੀਤੇ ਜਾਣ ਵਾਲੇ ਕਿਸੇ ਚਮਤਕਾਰ ਦੀ ਉਮੀਦ ਨਾਲ ਮੈਦਾਨ ਵਿੱਚ ਉਤਰਿਆ ਸੀ । ਪਰੰਤੂ ਸ਼ੋਰੀ, ਪਹਿਲੇ ਨੰਬਰ ਦੀ ਦੋੜ ਤੋਂ ਪੱਛੜ ਕੇ ਦੂਜੇ ਨੰਬਰ ਤੇ ਆਉਣ ਦੀ ਲੜਾਈ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ। ਸੰਜੀਵ ਸ਼ੋਰੀ ਨੂੰ ਜੌਂਟੀ ਮਾਨ ਨੇ 329 ਵੋਟਾਂ ਦੇ ਵੱਡੇ ਅੰਤਰ ਨਾਲ ਪਛਾੜ ਕੇ ਸਾਬਿਤ ਕਰ ਦਿੱਤਾ ਕਿ ਲੋਕਤੰਤਰ ਵਿੱਚ ਲੀਡਰ ਨਹੀਂ , ਵੱਡੇ ਲੋਕ ਹੀ ਹੁੰਦੇ ਹਨ। ਜਿਹੜੇ ਜਦੋਂ ਜੀ ਚਾਹੇ ਲੀਡਰ ਨੂੰ ਵੋਟਾਂ ਪਾ ਕੇ ਵੱਡਾ ਬਣਾ ਦੇਣ, ਜਦੋਂ ਚਾਹੁਣ ਵੋਟਾਂ ਨਾ ਪਾ ਕੇ ਉਸ ਨੂੰ ਉਸ ਦੀ ਅਸਲੀ ਔਕਾਤ ਦਿਖਾ ਦੇਣ । ਚੋਣ ਨਤੀਜਿਆਂ ਨੇ ਸ਼ੋਰੀ ਦੇ ਉਨਾਂ ਸਮਰਥਕਾਂ ਦੇ ਵੀ ਮੂੰਹ ਤੇ ਕਰਾਰੀ ਚਪੇੜ ਮਾਰੀ ਹੈ, ਜਿਹੜੇ ਸ਼ੋਰੀ ਦੇ ਮੁਕਾਬਲੇ ਕੋਈ ਵੱਡੇ ਰਾਜਸੀ ਕੱਦ ਦੇ ਆਗੂ ਦੀ ਅਣਹੌਦ ਦੇ ਮਨ ਨੂੰ ਹੋੜੇ ਦੇ ਕੇ ਸ਼ੋਰੀ ਦੇ ਮੁਕਾਬਲੇ ਵਿੱਚ ਖੜ੍ਹੇ ਉਮੀਦਵਾਰਾਂ ਨੂੰ ਜੀਰੋ ਹੀ ਸਮਝਦੇ ਰਹੇ। ਪਰੰਤੂ ਲੋਕਾਂ ਨੇ ਕਥਿਤ ਹੀਰੋ ਨੂੰ ਜੀਰੋ ਬਣਾ ਧਰਿਆ ਅਤੇ ਰਾਜਨੀਤੀ ਦੀ ਪੌੜੀ ਜੀਰੋ ਤੋਂ ਸ਼ੁਰੂ ਕਰਨ ਵਾਲੇ ਜੌਂਟੀ ਮਾਨ ਨੂੰ ਮਾਣ ਦੇ ਕੇ ਸ਼ਹਿਰ ਦਾ ਹੀਰੋ ਸਾਬਿਤ ਕਰ ਦਿੱਤਾ। ਨਤੀਜਿਆ ਤੋਂ ਸਾਫ ਹੋ ਗਿਆ ਕਿ ਸ਼ੋਰੀ ਦਾ ਮੁਕਾਬਲਾ ਜੌਂਟੀ ਮਾਨ ਨਹੀਂ, ਬਲਕਿ ਦੂਜੇ ਨੰਬਰ ਤੇ ਆਉਣ ਲਈ ਆਪ ਦੇ ਆਮ ਵਿਅਕਤੀ ਉਮ ਪ੍ਰਕਾਸ਼ ਨਾਲ ਹੀ ਰਿਹਾ ਹੈ । ਵੋਟਰਾਂ ਨੇ ਜੌਂਟੀ ਨੂੰ 1010 ਵੋਟਾਂ ਪਾ ਕੇ ਉਸਦਾ ਮਾਣ ਵਧਾਇਆ ਅਤੇ ਸ਼ੋਰੀ ਨੂੰ ਸਿਰਫ 689 ,ਆਪ ਦੇ ਉਮੀਦਵਾਰ ਉਮ ਪ੍ਰਕਾਸ਼ ਨੂੰ 394 ਵੋਟਾਂ ਪਈਆਂ । ਯਾਨੀ ਖਾਸ ਆਦਮੀ ਸ਼ੋਰੀ ਲੱਖਾਂ ਰੁਪਏ ਪਾਣੀ ਵਾਂਗ ਵਹਾ ਕੇ ਵੀ , ਆਪ ਦੇ ਆਮ ਉਮੀਦਵਾਰ ਤੋਂ ਸਿਰਫ 292 ਵੋਟਾਂ ਹੀ ਵੱਧ ਲੈ ਸਕਿਆ।
ਕਿਸੇ ਕੰਮ ਨਾ ਆਈ ਵੰਡੀ ਸ਼ਰਾਬ ਤੇ ਚੋਣਾਂ ਦੇ ਦਿਨਾਂ ‘ਚ ਟ੍ਰਾਈਡੈਂਟ ਵਿੱਚ ਦਿਵਾਈਆਂ ਨੌਕਰੀਆਂ
ਸ਼ੋਰੀ ਦੀ ਚੋਣ ਮੁਹਿੰਮ ਵਿੱਚ ਮੋਹਰੀ ਰੋਲ ਨਿਭਾ ਰਹੇ ਇੱਕ ਅਕਾਲੀ ਆਗੂ ਦੀ ਬਰਨਾਲਾ ਟੂਡੇ ਕੋਲ ਉਪਲੱਭਧ ਆਡਿਉ ਰਿਕਾਰਡਿੰਗ ਮੁਤਾਬਿਕ ਸ਼ੋਰੀ ਵੱਲੋਂ ਇੱਕ ਇੱਕ ਦਿਨ ਵਿੱਚ 70 ਤੋਂ 75 ਹਜ਼ਾਰ ਰੁਪਏ ਦੀ ਸ਼ਰਾਬ ਵਾਰਡ ਵਿੱਚ ਵੰਡੀ ਗਈ। ਇੱਥੋਂ ਤੱਕ ਕਿ ਕਈ ਨੌਜਵਾਨਾਂ ਨੂੰ ਚੋਣਾਂ ਦੇ ਦਿਨਾਂ ਵਿੱਚ ਵੋਟਾਂ ਦੀ ਲਾਲਸਾ ਵੱਸ ਟ੍ਰਾਈਡੈਂਟ ਗਰੁੱਪ ਉਦਯੋਗ ਵਿੱਚ ਨੌਕਰੀ ਵੀ ਦਿਵਾਈ ਗਈਸ ਪਰੰਤੂ ਸ਼ੋਰੀ ਦੇ ਉਦਯੋਗਪਤੀ ਆਕਾ ਤੇ ਸ਼ੋਰੀ ਦੀ ਢਾਣੀ ਵੱਲੋਂ ਵਰਤੇ ਇਹ ਸਾਰੇ ਹਥਕੰਡੇ ਵੀ ਸ਼ੋਰੀ ਨੂੰ ਮੁੱਖ ਮੁਕਾਬਲੇ ਵਿੱਚ ਸ਼ਾਮਿਲ ਵੀ ਨਹੀਂ ਕਰਵਾ ਸਕੇ।
ਟ੍ਰਾਈਡੈਂਟ ਦੇ ਮਾਲਿਕ ਦੀ ਵੀ ਹੋਈ ਕਿਰਕਿਰੀ
ਟ੍ਰਾਈਡੈਂਟ ਗਰੁੱਪ ਦੇ ਮਾਲਿਕ ਰਜਿੰਦਰ ਗੁਪਤਾ ਵੱਲੋਂ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਦੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਰਹੇ, ਪਰੰਤੂ ਇਹ ਦਾਅਵਿਆਂ ਅਤੇ ਰਜਿੰਦਰ ਗੁਪਤਾ ਦੀ ਕਮਾਂਡ ਵਿੱਚ ਚੱਲਦੀ ਰਹੀ, ਨਗਰ ਕੌਂਸਲ ਬਰਨਾਲਾ ਦੀ ਕਰੀਬ 6 ਸਾਲ ਬਾਅਦ ਹੋਈ ਚੋਣ ਵਿੱਚ ਅਕਾਲੀ ਦਲ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਵਾਰ ਅਕਾਲੀ ਦਲ ਨੂੰ ਸਿਰਫ 4 ਸੀਟਾਂ ਤੇ ਹੀ ਸਬਰ ਕਰਨਾ ਪਿਆ। ਇਹ ਚਾਰੋ ਐਮ.ਸੀ , ਸਤਬੀਰ ਕੌਰ ਮਾਤਾ ਸਾਬਕਾ ਐਮਸੀ ਸੋਨੀ ਜਾਗਲ, ਧਰਮ ਸਿੰਘ ਫੌਜੀ, ਕਰਮਜੀਤ ਕੌਰ ਰੁਪਾਣਾ ਪਤਨੀ ਸਾਬਕਾ ਐਮ.ਸੀ. ਸੁਖਪਾਲ ਸਿੰਘ ਰੁਪਾਣਾ, ਜਸਵੀਰ ਕੌਰ ਢਿੱਲੋਂ ਪਤਨੀ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਅਕਾਲੀ ਦਲ ਨਾਲ ਸਬੰਧਿਤ ਹਨ ਅਤੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਦੇ ਹੀ ਗਰੁੱਪ ਦੇ ਹਨ। ਟ੍ਰਾਈਡੈਂਟ ਗਰੁੱਪ ਦੇ ਥਾਪੜੇ ਵਾਲਾ ਇੱਕੋ-ਇੱਕ ਐਮ.ਸੀ. ਜਗਰਾਜ ਸਿੰਘ ਪੰਡਰੀ ਹੀ ਰਹਿ ਗਿਆ ਹੈ। ਜਦੋਂ ਕਿ ਉਦਯੋਗਪਤੀ ਦੇ ਥਾਪੜੇ ਵਾਲੇ ਲੱਗਭੱਗ ਸਾਰੇ ਹੀ ਉਮੀਦਵਾਰ ਹਾਰ ਗਏ ਹਨ। ਰਾਜਨੀਤੀ ਵਿੱਚ ਆਉਣ ਲਈ ਪਿਛਲੇ ਕਰੀਬ 10 ਵਰ੍ਹਿਆਂ ਤੋਂ ਤਰਲੋਮੱਛੀ ਹੋ ਰਹੇ ਰਜਿੰਦਰ ਗੁਪਤਾ ਦੀ ਕੌਂਸਲ ਚੋਣਾਂ ਵਿੱਚ ਕਾਫੀ ਕਿਰਕਿਰੀ ਹੋ ਗਈ ਹੈ। ਵਰਨਣਯੋਗ ਹੈ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਤੋਂ ਬਾਅਦ ਰਜਿੰਦਰ ਗੁਪਤਾ ਨੇ ਆਪਣੀ ਫੈਕਟਰੀ ਵਿੱਚ ਸਾਰੇ ਜਿੱਤੇ ਹੋਏ, ਐਮ.ਸੀਜ ਨੂੰ ਇਕੱਠਿਆਂ ਕਰਕੇ ਆਪਣੀ ਨਜ਼ਦੀਕੀ ਸੰਜੀਵ ਸ਼ੋਰੀ ਨੂੰ ਪ੍ਰਧਾਨ ਬਣਾਉਣ ਦੀ ਤਜ਼ਵੀਜ ਪੇਸ਼ ਕੀਤੀ ਸੀ। ਜਿਸ ਤੇ ਸਭ ਨੇ ਸਹਿਮਤੀ ਦੇ ਦਿੱਤੀ ਸੀ।