ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਖੇਤਰਾਂ ਦੇ 10 ਲਾਭਪਾਤਰੀਆਂ ਨੂੰ ਵੱਖ ਵੱਖ ਸੇਵਾਵਾਂ ਦੇ ਸਰਟੀਫਿਕੇਟਾਂ ਦੀ ਵੰਡ
ਇਕੋ ਛੱਤ ਥੱਲੇ ਵੱਖ ਵੱਖ ਸੇਵਾਵਾਂ ਮਿਲਣ ਨਾਲ ਮਿਲੀ ਰਾਹਤ: ਲਾਭਪਾਤਰੀ ਗਗਨਦੀਪ ਸਿੰਘ
ਹਰਿੰਦਰ ਨਿੱਕਾ , ਬਰਨਾਲਾ, 9 ਫਰਵਰੀ 2021
ਸੂਬਾ ਵਾਸੀਆਂ ਨੂੰ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਇਕੋ ਛੱਤ ਥੱਲੇ ਮੁਹੱਈਆ ਕਰਾਉਣ ਲਈ ਸਾਰੇ ਜ਼ਿਲਿਆਂ ਵਿਚ ਸੇਵਾਂ ਕੇਂਦਰਾਂ ਰਾਹੀਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਨਾਂ ਸੇਵਾ ਕੇਂਦਰਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਸੇਵਾਵਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ।ਇਹ ਪ੍ਰਗਟਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੇਵਾ ਕੇਂਦਰਾਂ ਵਿੱਚ 56 ਹੋਰ ਸੇਵਾਵਾਂ ਦੇ ਆਗਾਜ਼ ਮੌਕੇ ਵਰਚੁਅਲ ਸਮਾਗਮ ਦੌਰਾਨ ਕੀਤਾ ਗਿਆ। ਇਨਾਂ 56 ਸੇਵਾਵਾਂ ਵਿੱਚ ਸਾਂਝ ਕੇਂਦਰਾਂ ਨਾਲ ਸਬੰਧਤ, ਟਰਾਂਸਪੋਰਟ ਵਿਭਾਗ ਨਾਲ ਸਬੰਧਤ ਅਤੇ ਫਰਦ ਕੇਂਦਰਾਂ ਨਾਲ ਸਬੰਧਤ ਸੇਵਾਵਾਂ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਪੰਜਾਬ ਨੇ ਆਖਿਆ ਕਿ ਇਨਾਂ ਅਹਿਮ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜਨ ਨਾਲ ਲੋਕਾਂ ਦੀ ਖੱਜਲ-ਖੁਆਰੀ ਘਟੇਗੀ ਅਤੇ ਸਮਾਂਬੱਧ ਸੇਵਾਵਾਂ ਸੂਬਾ ਵਾਸੀਆਂ ਨੂੰ ਮਿਲਣਗੀਆਂ।
ਇਸ ਮੌਕੇ ਜ਼ਿਲਾ ਸਦਰ ਮੁਕਾਮ ਤੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵਰਚੁਅਲ ਸਮਾਗਮ ਵਿਚ ਸ਼ਾਮਲ ਹੋਏ। ਜ਼ਿਲਾ ਸਦਰ ਮੁਕਾਮ ਤੋਂ ਇਲਾਵਾ ਜ਼ਿਲੇ ਦੇ ਪੇਂਡੂ ਖੇਤਰਾਂ ਦੀਆਂ 16 ਥਾਵਾਂ ’ਤੇ ਵਰਚੁਅਲ ਸਮਾਗਮ ਕਰਵਾਇਆ ਗਿਆ। ਇਨਾਂ ਵਿਚੋਂ ਸੇਵਾ ਕੇਂਦਰ ਹੰਡਿਆਇਆ, ਸੇਵਾ ਕੇਂਦਰ ਮਹਿਲ ਕਲਾਂ, ਸੇਵਾ ਕੇਂਦਰ ਧੂਰਕੋਟ ਤੋਂ ਇਲਾਵਾ ਪੇਂਡੂ ਖੇਤਰ ਦੇ ਹੋਰ ਥਾਵਾਂ ’ਤੇ ਵਰਚੂਅਲ ਸਮਾਗਮ ਵਿਚ ਆਮ ਲੋਕ ਸ਼ਾਮਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪੇਂਡੂ ਖੇਤਰਾਂ ਨਾਲ ਸਬੰਧਤ 10 ਲਾਭਪਾਤਰੀਆਂ ਨੂੰ ਨਵੀਆਂ ਜੋੜੀਆਂ ਸੇਵਾਵਾਂ ਦੇ ਸਰਟੀਫਿਕੇਟ ਦਿੱਤੇ ਗਏ। ਇਨਾਂ ਵਿੱਚ ਲਾਭਪਾਤਰੀ ਗਗਨਦੀਪ ਸਿੰਘ, ਰਮਨਦੀਪ ਕੌਰ, ਪ੍ਰੀਤਮ ਸਿੰਘ, ਜਸਪਾਲ ਸਿੰਘ, ਚਮਕੌਰ ਸਿੰਘ, ਹਰਜੀਤ ਸਿੰਘ, ਰਾਜ ਸਿੰਘ ਪਾਲ, ਕਮਲ ਗੋਇਲ, ਸੰਦੀਪ ਸਿੰਘ ਤੇ ਰਵਨਦੀਪ ਸਿੰਘ ਸ਼ਾਮਲ ਸਨ।ਇਸ ਮੌਕੇ ਲਾਭਪਾਤਰੀ ਗਗਨਦੀਪ ਸਿੰਘ ਵਾਸੀ ਪਿੰਡ ਗੁੰਮਟੀ, ਜਿਸ ਨੇ ਪੇਂਡੂ ਖੇਤਰ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਨੇ ਕਿਹਾ ਕਿ ਸਰਟੀਫਿਕੇਟ ਉਨਾਂ ਨੂੰ ਆਸਾਨੀ ਨਾਲ ਹੀ ਮਿਲ ਗਿਆ ਅਤੇ ਵੱਖ ਵੱਖ ਦਫਤਰਾਂ ਵਿਖੇ ਜਾਣ ਦੀ ਲੋੜ ਨਹੀਂ ਪਈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਬਹੁਤ ਹੀ ਰਾਹਤ ਮਿਲੇਗੀ।
ਇਸੇ ਤਰਾਂ ਪਿੰਡ ਪੱਖੋ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰ ਪ੍ਰੀਤਮ ਸਿੰਘ ਦੇ ਪੰਜਾਬ ਕੰਪਲਸਰੀ ਮੈਰਿਜ ਐੈਕਟ 2021 ਅਧੀਨ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਜੋ ਉਸ ਨੂੰ ਸਮਾਂਬੱਧ ਸਮੇਂ ਵਿੱਚ ਮਿਲ ਗਿਆ। ਉਨਾਂ ਕਿਹਾ ਕਿ ਅਜਿਹੀਆਂ ਸੇਵਾਵਾਂ ਇੱਕੋ ਛੱਤ ਹੇਠ ਆਉਣ ਨਾਲ ਜਿੱਥੇ ਲੋਕਾਂ ਦੀ ਖੱਜਲ-ਖੁਆਰੀ ਘਟੇਗੀ, ਉੱਥੇ ਹੀ ਵਿਭਾਗੀ ਕਾਰਜ ਕੁਸ਼ਲਤਾ ਵਧੇਗੀ। ਇਸ ਵਰਚੁਅਲ ਸਮਾਗਮ ਵਿਚ ਜ਼ਿਲਾ ਟੈਕਨੀਕਲ ਕੋਆਰਡੀਨੇਟਰ ਸਤੀਸ਼ ਬਾਂਸਲ ਤੇ ਜ਼ਿਲਾ ਇੰਚਾਰਜ (ਸੇਵਾ ਕੇਂਦਰ) ਰਮਨਦੀਪ ਸਿੱਧੂ ਵੀ ਹਾਜ਼ਰ ਸਨ।