ਪਿੰਡਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਕੀਤਾ ਨਿਰੀਖਣ, ਕੀਤੇ ਜਾਣ ਵਾਲੇ ਨਵੇਂ ਕੰਮਾਂ ਦੀ ਕਰਵਾਈ ਸ਼ੁਰੂਆਤ
ਰਘਵੀਰ ਹੈਪੀ , ਬਰਨਾਲਾ, 7 ਫਰਵਰੀ 2021
ਡਿਪਟੀ ਕਮਿਸ਼ਨਰ ਸ਼੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਬਲਾਕ ਸਹਿਣਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ, ਜਿੱਥੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈ ਗ੍ਰਾਂਟਾਂ ਨਾਲ ਵਿਕਾਸ ਦੇ ਕੰਮ ਚੱਲ ਰਹੇ ਹਨ। ਡਿਪਟੀ ਕਮਿਸ਼ਨਰ ਵੱਲੋਂ ਪਿੰਡਾਂ ਵਿੱਚ ਚੱਲ ਰਹੇ ਇਨਾਂ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ ਗਿਆ ਅਤੇ ਮੌਕੇ ’ਤੇ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਇਨਾਂ ਕਾਰਜਾਂ ਨੂੰ ਸਮੇਂ-ਸਿਰ ਮੁਕੰਮਲ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਹੋਰ ਕੰਮਾਂ ਦੀ ਵੀ ਸ਼ੁਰੂਆਤ ਕਰਵਾਈ ਗਈ। ਇਨਾਂ ਕਾਰਜਾਂ ’ਚ ਜ਼ਿਆਦਾਤਰ ਕਾਰਜ ਗਲੀਆਂ-ਨਾਲੀਆਂ ਨਾਲ ਸਬੰਧਤ ਕੰਮ ਹਨ। ਉਨਾਂ ਇਸ ਮੌਕੇ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿੱਚ ਲਗਭਗ 1.50 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਣ ਵਾਲੇ ਹਨ,ਜਿਨਾਂ ਵਿੱਚੋਂ ਬਹੁਤੇ ਕੰਮ ਪੰਚਾਇਤਾਂ ਵੱਲੋਂ ਪਹਿਲਾਂ ਤੋਂ ਹੀ ਸ਼ੁਰੂ ਕਰਵਾਏ ਜਾ ਚੁੱਕੇ ਹਨ। ਇਨਾਂ ਪਿੰਡਾਂ ’ਚ ਘੁੰਨਸ, ਢਿੱਲਵਾਂ ਦਾਖਾ, ਢਿੱਲਵਾਂ ਨਾਭਾ, ਲਸਕਰੀ ਪੱਤੀ, ਢਿੱਲਵਾਂ ਪਟਿਆਲਾ ਖੁਰਦ, ਢਿੱਲਵਾਂ ਪਟਿਆਲਾ, ਉਗੋਕੇ, ਮੌੜ ਨਾਭਾ ਅਤੇ ਮੌੜ ਪਟਿਆਲਾ ਪਿੰਡ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਜੋ ਫੰਡ ਪੰਚਾਇਤਾਂ ਦੇ ਖਾਤਿਆਂ ’ਚ ਪਏ ਹਨ, ਉਨਾਂ ਫੰਡਾਂ ਨਾਲ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਵਾ ਕੇ ਇਹ ਫੰਡ 31 ਮਾਰਚ ਤੱਕ ਖਤਮ ਕਰ ਦਿੱਤੇ ਜਾਣ ਤਾਂ ਜੋ ਅਗਲੇ ਵਿੱਤੀ ਸਾਲ ਦੌਰਾਨ ਪੰਚਾਇਤਾਂ ਨੂੰ ਹੋਰ ਫੰਡ ਵਿਕਾਸ ਦੇ ਕਾਰਜਾਂ ਲਈ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਸਕਣ। ਉਨਾਂ ਕਿਹਾ ਕਿ ਸਮੁੱਚੇ ਵਿਕਾਸ ਕਾਰਜਾਂ ਨੂੰ ਸਮੇਂ-ਸਿਰ ਨੇਪਰੇ ਚਾੜਨ ਵਾਲੀਆਂ ਪੰਚਾਇਤਾਂ ਨੂੰ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।
ਸ਼੍ਰੀ ਫੂਲਕਾ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਫੰਡ ਉਸੇ ਕੰਮ ਲਈ ਹੀ ਵਰਤੇ ਜਾਣ ਜੋ ਕੰਮ ਲਈ ਮੁਹੱਈਆ ਕਰਵਾਏ ਗਏ ਹੋਣ। ਉਨਾਂ ਕਿਹਾ ਵਿਕਾਸ ਦੇ ਕਾਰਜ ਕਰਨ ਸਮੇਂ ਸਮੁੱਚੇ ਵਰਗ ਦੇ ਲੋਕਾਂ ਦਾ ਸਹਿਯੋਗ ਲਿਆ ਜਾਵੇ ਤਾਂ ਜੋ ਵਿਕਾਸ ਦੇ ਕੰਮ ਵਧੀਆ ਅਤੇ ਪਾਰਦਰਸ਼ਤਾ ਤਰੀਕੇ ਨਾਲ ਹੋ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੌੜ ਨਾਭਾ ਦੇ ਵਾਲੀਬਾਲ ਗਰਾਊਂਡ, ਸ਼ਮਸ਼ਾਨਘਾਟ, ਤਿੰਨ ਰਾਜਾਂ ਚੌਂਕ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ ਗਿਆ।
ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਸ਼੍ਰੀ ਸੰਜੀਵ ਸ਼ਰਮਾ ਤੋਂ ਇਲਾਵਾ ਪੰਚਾਇਤ ਵਿਭਾਗ ਨਾਲ ਸਬੰਧਤ ਅਫ਼ਸਰ, ਵੱਖ-ਵੱਖ ਪਿੰਡਾਂ ਦੇ ਸਰਪੰਚ ਆਦਿ ਹਾਜ਼ਰ ਸਨ।