ਹਰਿੰਦਰ ਨਿੱਕਾ , ਬਰਨਾਲਾ 8 ਫਰਵਰੀ 2021
ਬਰਨਾਲਾ ਰੇਲਵੇ ਸਟੇਸ਼ਨ ‘ਤੇ ਤਿੰਨ ਕਾਲੇ ਖੇਤੀ ਕਾਨੂੰਨਾਂ ਤੇ ਪਰਾਲੀ ਆਰਡੀਨੈਂਸ ਰੱਦ ਕਰਵਾਉਣ ਅਤੇ ਬਿਜਲੀ ਸੋਧ ਬਿਲ 2020 ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 131 ਦਿਨਾਂ ਤੋਂ ਚੱਲ ਰਹੇ ਧਰਨੇ ਵਿਚ ਅੱਜ ਬਹੁਤ ਭਰਵਾਂ ਇਕੱਠ ਦੇਖਣ ਨੂੰ ਮਿਲਿਆ ਅਤੇ ਖਾਸ ਗੱਲ ਇਹ ਰਹੀ ਕਿ ਔਰਤਾਂ ਦੀ ਗਿਣਤੀ ਅੱਧ ਤੋਂ ਵੀ ਜ਼ਿਆਦਾ ਸੀ। ਅੱਜ ਮੈਡਮ ਰੂਪਇੰਦਰ ਕੌਰ ਦੀ ਨਿਰਦੇਸ਼ਨਾ ਹੇਠ ਵਾਈ.ਐਸ. ਕਾਲਜ ਹੰਢਿਆਇਆ ਦੀ ਨਾਟਕ ਟੀਮ ‘ਦਸਤਕ’ ਨੇ ਪ੍ਰੋਫੈਸਰ ਨਵਨਿੰਦਰਾ ਬਹਿਲ ਦਾ ਲਿਖਿਆ ਹੋਇਆ ਨਾਟਕ ‘ਸਾਡਾ ਜੱਗੋਂ ਸੀਰ ਮੁੱਕਿਆ’ ਪੇਸ਼ ਕੀਤਾ ਗਿਆ। ਛੋਟੇ ਤੇ ਦਰਮਿਆਨੇ ਪੰਜਾਬੀ ਕਿਸਾਨ ਦੀ ਤਰਾਸਦਿਕ ਜ਼ਿੰਦਗੀ ਦੀਆਂ ਮਾਰਮਿਕ ਹਾਲਤਾਂ ਨੂੰ ਦਰਸਾਉਂਣ ਵਾਲੇ ਇਸ ਨਾਟਕ ਦੀ ਪੇਸ਼ਕਾਰੀ ਇੰਨੀ ਯਥਾਰਥਿਕ ਹੋ ਨਿੱਬੜੀ ਕਿ ਦਰਸ਼ਕਾਂ ਨੇ ਸਾਹ ਰੋਕ ਨੇ ਪੂਰਾ ਨਾਟਕ ਦੇਖਿਆ ਅਤੇ ਪੰਡਾਲ ਦੇ ਮਾਹੌਲ ਨੂੰ ਬਹੁਤ ਭਾਵੁਕ ਬਣਾ ਦਿੱਤਾ। ਨਾਟਕ ਖਤਮ ਹੋਣ ਬਾਅਦ ਬਹੁਤ ਦੇਰ ਤੱਕ ਲੱਗਦੇ ਰਹੇ ਜ਼ੋਸੀਲੇ ਨਾਹਰੇ ਇਸ ਗੱਲ ਦਾ ਸਪੱਸ਼ਟ ਐਲਾਨ ਸੀ ਕਿ ਅਸੀਂ ਜੱਗ ਵਿਚੋਂ ਆਪਣਾ ਸੀਰ ਨਹੀਂ ਮੁੱਕਣ ਦੇਵਾਂਗੇ ਅਤੇ ਲੋਕ-ਦੋਖੀ ਤਾਕਤਾਂ ਨੂੰ ਆਪਣੀਆਂ ਜ਼ਮੀਨਾਂ ‘ਤੇ ਕਬਜੇ ਨਹੀਂ ਕਰਨ ਦੇਵਾਂਗੇ। ਅੱਜ ਦੇ ਧਰਨੇ ਨੂੰ ਬਾਬੂ ਸਿੰਘ ਖੁੱਡੀ ਕਲਾਂ, ਮੈਡਮ ਚਰਨਜੀਤ ਕੌਰ, ਮਾਸਟਰ ਜਸਵੰਤ ਸਿੰਘ ਅਸਪਾਲ ਕਲਾਂ, ਉਜਾਗਰ ਸਿੰਘ ਬੀਹਲਾ, ਬਲਵੰਤ ਸਿੰਘ ਉਪਲੀ ਤੇ ਕਰਨੈਲ ਸਿੰਘ ਗਾਂਧੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੱਜ ਦੇ ਨਾਟਕ ਵਿਚ ਦਿਖਾਏ ਗਏ ਹਾਲਾਤਾਂ ਤੋਂ ਵੀ ਬੁਰੀ ਜ਼ਿੰਦਗੀ ਜਿਉਂ ਰਹੇ ਹਨ। ਸਰਕਾਰ ਦੁਆਰਾ ਪਾਸ ਕੀਤੇ ਕਾਲੇ ਕਾਨੂੰਨ ਕਿਸਾਨਾਂ ਦੀ ਰਹਿੰਦੀ ਖੂੰਹਦੀ ਸਵੈ-ਸੱਤਾ ਵੀ ਖੋਹ ਲੈਣਗੇ ਅਤੇ ਉਹ ਪੂਰੀ ਤਰ੍ਹਾਂ ਕਾਰਪੋਰੇਟਾਂ ਦੇ ਰਹਿਮੋ-ਕਰਮ ਉਪਰ ਨਿਰਭਰ ਹੋ ਜਾਣਗੇ। ਭਾਰਤ ਸਰਕਾਰ ਖੇਤੀ ਖੇਤਰ ਵਿੱਚ ਜੋ ਕਾਰਪੋਰੇਟ ਵਿਕਾਸ ਮਾਡਲ ਲਾਗੂ ਕਰਨਾ ਚਾਹੁੰਦੀ ਹੈ, ਉਹ ਮਾਡਲ ਪੱਛਮੀ ਮੁਲਕਾਂ ਵਿਚ ਪਹਿਲਾਂ ਹੀ ਫੇਲ੍ਹ ਹੋ ਚੁੱਕਾ ਹੈ ਜਦੋਂ ਕਿ ਉਥੋਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਬਹੁਤ ਵੱਡੀ ਮਾਤਰਾ ਵਿੱਚ ਸਬਸਿਡੀ ਦਿੰਦੀਆਂ ਹਨ। ਸਰਕਾਰ ਵਾਰ ਵਾਰ ਐਲਾਨ ਕਰਕੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਐਮਐਸਪੀ ਜਾਰੀ ਰਹੇਗੀ ਅਤੇ ਕਾਨੂੰਨਾਂ ਵਿਚ ਐਸਐਸਪੀ ਬੰਦ ਕਰਨ ਬਾਰੇ ਕਿਤੇ ਵੀ ਕੁਸ਼ ਨਹੀਂ ਲਿਖਿਆ ਗਿਆ। ਪਰ ਕਿਸਾਨ ਸਮਝਦੇ ਹਨ ਕਿ ਨਿਯਮਤ ਤੇ ਟੈਕਸ-ਸ਼ੁਦਾ ਸਰਕਾਰੀ ਮੰਡੀਆਂ ਦੇ ,ਮੁਕਾਬਲੇ ‘ਤੇ ਜਦ ਅਨਿਯਮਤ ਤੇ ਟੈਕਸ-ਮੁਕਤ ਮੰਡੀਆਂ ਆ ਜਾਣਗੀਆਂ ਤਾਂ ਦੇਰ ਸਵੇਰ ਸਰਕਾਰੀ ਮੰਡੀਆਂ ਦਾ ਖਤਮ ਹੋਣਾ ਤੈਅ ਹੈ। ਸਿਰਫ ਤੇ ਸਿਰਫ ਮੁਨਾਫਾ ਕਮਾਉਣ ਲਈ ਖੇਤੀ ਖੇਤਰ ਵਿਚ ਆਏ ਕਾਰਪੋਰੇਟਾਂ ਦੀ ਜਦ ਖੇਤੀ ਮੰਡੀਆਂ ‘ਚ ਇਜ਼ਾਰੇਦਾਰੀ ਕਾਇਮ ਹੋ ਜਾਵੇਗੀ ਤਾਂ ਉਹ ਕਿਸਾਨਾਂ ਨੂੰ ਫਸਲਾਂ ਦੇ ਮਨਮਰਜ਼ੀ ਦੇ ਭਾਅ ਦੇਣਗੇ। ਸਰਕਾਰ ਐਸਐਸਪੀ ਦਾ ਸਿਰਫ ਐਲਾਨ ਕਰਿਆ ਕਰੇਗੀ ਪਰ ਫਸਲ ਨਹੀਂ ਖਰੀਦਿਆ ਕਰੇਗੀ। ਸਰਕਾਰ ਦੇ ਇਨ੍ਹਾਂ ਮਾੜੇ ਮਨਸੂਬਿਆਂ ਨੂੰ ਸਾਡੀ ਲੀਡਰਸ਼ਿਪ ਨੇ ਸਮੇਂ ਸਿਰ ਪੂਰੀ ਤਰ੍ਹਾਂ ਭਾਪ ਲਿਆ ਅਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਦੇਸ਼ ਭਰ ਵਿਚ ਫੈਲ ਚੁੱਕਾ ਅਤੇ ਪੂਰੀ ਦੁਨੀਆ ਦਾ ਸਮਰਥਨ ਹਾਸਲ ਕਰ ਚੁੱਕਾ ਇਹ ਅੰਦੋਲਨ ਹੁਣ ਕਾਲੇ ਕਾਨੂੰਨ ਰੱਦ ਕਰਵਾਏ ਬਗ਼ੈਰ ਖਤਮ ਨਹੀਂ ਹੋਵੇਗਾ। ਅੱਜ ਸੁਖਮਨੀ ਸਾਹਿਬ ਸੁਸਾਇਟੀ ਪੱਤੀ ਬਾਜਵਾ ਨੇ ਸੰਚਾਲਨ ਕਮੇਟੀ ਨੂੰ 6500 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ। ਗੁਰਦੇਵ ਸਿੰਘ ਧਨੌਲਾ,ਲਛਮਣ ਸਿੰਘ, ਦਲੀਪ ਸਿੰਘ ਬਰਨਾਲਾ, ਬੂਟਾ ਸਿੰਘ ਮਾਨਾ ਪੱਤੀ ਤੇ ਅਜੈਬ ਸਿੰਘ ਮਾਨਾ ਪੱਤੀ ਭੁੱਖ ਹੜਤਾਲ ‘ਤੇ ਬੈਠੇ। ਜਗਰੂਪ ਸਿੰਘ ਕਵੀਸ਼ਰੀ ਜਥਾ ਹਮੀਦੀ,ਸੋਹਨ ਸਿੰਘ, ਭੋਲਾ ਸਿੰਘ, ਸਰਦਾਰਾ ਸਿੰਘ ਮੌੜ ਤੇ ਨਰਿੰਦਰਪਾਲ ਸਿੰਗਲਾ ਨੇ ਗੀਤ/ ਕਵਿਤਾਵਾਂ ਸੁਣਾਈਆਂ।