ਬਰਨਾਲਾ ਟੂਡੇ ਨੇ ਇਹ ਘਟਨਾਕ੍ਰਮ ਬਾਰੇ ,, ਕਿਵੇਂ ਰੁਕਣਗੀਆਂ ਚੋਰੀਆਂ- ਲੋਕਾਂ ਵੱਲੋਂ ਫੜ੍ਹਿਆ ਚੋਰ,ਪੁਲਿਸ ਨੇ ਛੱਡਿਆ ,, ਟਾਈਟਲ ਤਹਿਤ ਖਬਰ ਪ੍ਰਮੁੱਖਤਾ ਨਾਲ ਨਸ਼ਰ ਕੀਤੀ ਸੀ
ਹਰਿੰਦਰ ਨਿੱਕਾ , ਬਰਨਾਲਾ 22 ਜਨਵਰੀ 2021
ਸਿਵਲ ਹਸਪਤਾਲ ਦੀ ਪਾਰਕਿੰਗ ‘ਚੋਂ ਬੀਤੇ ਕੱਲ੍ਹ ਕਾਰ ਚੋਰੀ ਕਰਦਿਆਂ ਫੜ੍ਹੇ ਚੋਰ ਨੂੰ ਪੁਲਿਸ ਵੱਲੋਂ ਬਿਨਾਂ ਕਾਨੂੰਨੀ ਕਾਰਵਾਈ ਕੀਤਿਆਂ ਹੀ ਛੱਡ ਦੇਣ ਤੋਂ ਬਾਅਦ ਪੁਲਿਸ ਦੀ ਸ਼ਹਿਰ ਅਤੇ ਮੀਡੀਆ ਵਿੱਚ ਹੋ ਰਹੀ ਫਜੀਹਤ ਤੋਂ ਬਚਣ ਲਈ ਆਖਿਰ ਪੁਲਿਸ ਨੇ ਫੜ੍ਹ ਕੇ ਛੱਡੇ ਚੋਰ ਨੂੰ ਦੁਬਾਰਾ ਫਿਰ ਗਿਰਫਤਾਰ ਕਰ ਲਿਆ। ਚੋਰ ਖਿਲਾਫ ਚੋਰੀ ਦਾ ਕੇਸ ਵੀ ਦਰਜ ਕਰ ਦਿੱਤਾ ਗਿਆ ਹੈ। ਦਰਅਸਲ ਮੁਕਾਮੀ ਪੁਲਿਸ ਵੱਲੋਂ ਚੋਰ ਨੂੰ ਨਸ਼ੇੜੀ ਕਹਿ ਕੇ ਛੱਡ ਦੇਣ ਨਾਲ ਪੁਲਿਸ ਅਧਿਕਾਰੀਆਂ ਦੀ ਹਾਲਤ ਸੱਪ ਦੇ ਮੂੰਹ ਵਿੱਚ ਛਿਪਕਲੀ ਵਾਂਗ ਹੋ ਗਈ ਸੀ। ਜੇਕਰ ਚੋਰ ਨੂੰ ਦੁਬਾਰਾ ਨਾ ਗਿਰਫਤਾਰ ਕਰਦੇ ਤਾਂ ਚੋਰ ਨੂੰ ਛੱਡਣ ਦਾ ਕਲੰਕ ਲੱਗਦਾ, ਹੁਣ ਦੁਬਾਰਾ ਫੜ੍ਹਣ ਤੋਂ ਬਾਅਦ ਵੀ ਲੋਕਾਂ ਅੰਦਰ ਪੁਲਿਸ ਦੀ ਕਾਰਗੁਜਾਰੀ ਕਟਿਹਰੇ ਵਿੱਚ ਆ ਖੜ੍ਹੀ ਹੈ ਕਿ ਜੇ ਫੜ੍ਹਣਾ ਹੀ ਸੀ ਤਾਂ ਚੋਰ ਨੂੰ ਪਹਿਲਾਂ ਨਸ਼ੇੜੀ ਕਹਿ ਕੇ ਛੱਡਿਆ ਕਿਉਂ ਗਿਆ। ਲੋਕਾਂ ਦੇ ਮਨਾਂ ਅੰਦਰ ਇਹ ਵੀ ਸਵਾਲ ਘੁੰਮ ਰਿਹਾ ਹੈ ਕਿ ਜਿਸ ਨੂੰ ਪਹਿਲਾਂ ਨਸ਼ੇੜੀ ਕਹਿਕੇ ਛੱਡਿਆ ਗਿਆ, ਕੀ ਹੁਣ ਉਹਨੂੰ ਨਸ਼ਾ ਛੱਡਣ ਦਾ ਕੋਈ ਸਰਟੀਫਿਕੇਟ ਪੁਲਿਸ ਹੱਥ ਲੱਗ ਗਿਆ, ਕਿ ਪਹਿਲਾਂ ਨਸ਼ੇੜੀ ਕਹਿ ਕੇ ਰਿਹਾਅ ਕੀਤੇ ਚੋਰ ਨੂੰ ਦੁਬਾਰਾ ਫੜ੍ਹ ਲਿਆ ਗਿਆ ਹੈ।
ਹੁਣ ਕੀ ਦਰਜ਼ ਕੀਤੈ ਕੇਸ
ਸਮੀਰ ਵਰਮਾ ਪੁੱਤਰ ਡਾਕਟਰ ਮਨੋਹਰ ਲਾਲ ਵਾਸੀ ਡਾਕਟਰ ਹੀਰਾ ਲਾਲ ਹਸਪਤਾਲ ਪੁਰਾਣਾ ਬਜ਼ਾਰ ਬਰਨਾਲਾ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਆਪਣੇ ਪੋਲਟਰੀ ਫਾਰਮ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੇ ਲੜਕੇ ਜਮਾਲ ਨੂੰ ਦਵਾਈ ਦਿਵਾਉਣ ਲਈ ਗਿਆ ਸੀ। ਤਾਂ ਮੈਂ ਆਪਣੀ ਗੱਡੀ ਸਿਵਲ ਹਸਪਤਾਲ ਦੇ ਬਾਹਰ ਪਾਰਕਿੰਗ ਵਿੱਚ ਲੌਕ ਲਗਾ ਕੇ ਚਲਾ ਗਿਆ। ਜਦੋਂ ਮੈਂ ਪਰਚੀ ਲਿਖਵਾਕੇ ਦਵਾਈ ਲਈ ਪੈਸ ਲੈਣ ਵਾਸਤੇ ਆਪਣੀ ਗੱਡੀ ਪਾਸ ਆਇਆ ਤਾਂ ਗੱਡੀ ਦਾ ਲੌਕ ਖੁੱਲ੍ਹਾ ਪਿਆ ਸੀ ਅਤੇ ਗੱਡੀ ਵਿੱਚ ਪਿਆ ਬ੍ਰਾਉਨ ਰੰਗ ਦਾ ਪਰਸ ਗਾਇਬ ਪਾਇਆ। ਪਰਸ ਵਿੱਚ 200 ਰੁਪਏ ਸਨ। ਫਿਰ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੀ ਗੱਡੀ ਦਾ ਲੌਕ ਤੋੜ ਕੇ ਬਲਵੰਤ ਸਿੰਘ ਨਿਵਾਸੀ ਬੀਨਾਹੇੜੀ,ਜਿਲ੍ਹਾ ਪਟਿਆਲਾ ਨੇ ਗੱਡੀ ਦਾ ਲੌਕ ਤੋੜ ਕੇ ਚੋਰੀ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਸਮੀਰ ਵਰਮਾਂ ਤੇ ਬਿਆਨ ਦੇ ਅਧਾਰ ਤੇ ਦੋਸ਼ੀ ਚੋਰ ਬਲਵੰਤ ਸਿੰਘ ਬੀਨਾਹੇੜੀ ਖਿਲਾਫ ਚੋਰੀ ਦਾ ਕੇਸ ਦਰਜ ਕਰਕੇ,ਉਸ ਨੂੰ ਕਾਬੂ ਕਰ ਲਿਆ ਹੈ।
ਹੁਣ ਲੋਕਾਂ ਦੀਆਂ ਨਿਗਾਹਾਂ ਚੋਰ ਨੂੰ ਛੱਡਣ ਵਾਲਿਆਂ ਖਿਲਾਫ ਕਾਰਵਾਈ ਤੇ ਟਿਕੀਆਂ,,,
ਬੇਸ਼ੱਕ ਪੁਲਿਸ ਨੇ ਚੋਰ ਨੂੰ ਪੁਲਿਸ ਵੱਲੋਂ ਫੜ੍ਹ ਕੇ ਛੱਡਣ ਦਾ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਲੋਕਾਂ ਵਿੱਚ ਹੋਈ ਪੁਲਿਸ ਦੀ ਬਦਨਾਮੀ ਤੋਂ ਬਚਾਅ ਲਈ ਚੋਰ ਦੇ ਖਿਲਾਫ ਕੇਸ ਦਰਜ਼ ਕਰਕੇ, ਉਸਨੂੰ ਫਿਰ ਗਿਰਫਤਾਰ ਕਰ ਲਿਆ ਹੈ। ਪਰੰਤੂ ਹੁਣ ਲੋਕਾਂ ਦੀਆਂ ਨਿਗਾਹਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਤੇ ਟਿਕੀਆਂ ਹੋਈਆਂ ਹਨ ਕਿ ਉਹ ਚੋਰ ਨੂੰ ਫੜ੍ਹ ਕੇ ਇੱਕ ਵਾਰ ਛੱਡ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਵੀ ਕੋਈ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣਗੇ ਜਾਂ ਫਿਰ ਜਿੱਥੇ ਸਾਡਾ ਨੰਦ ਘੋਪ, ਉੱਥੇ ਗਧੀ ਮਰੀ ਦਾ ਨਹੀਂ ਕੋਈ ਦੋਸ਼,, ਦੀ ਕਹਾਵਤ ਵਾਂਗ ਪੁਲਿਸ ਕਰਮਚਾਰੀਆਂ ਨੂੰ ਦੁਬਾਰਾ ਚੋਰ ਨੂੰ ਫੜ੍ਹ ਲੈਣ ਲਈ ਸ਼ਾਬਾਸ਼ ਦੇ ਕੇ ਚੁੱਪ ਹੋ ਜਾਣਗੇ।
–