ਪੁਲਿਸ ਨੇ ਕਬਜ਼ੇ ,ਚ ਲੈ ਕੇ ਕੀਤੀ ਜਾਂਚ ਸ਼ੁਰੂ
ਐਸ.ਐਚ.ਉ.ਨੇ ਕਿਹਾ, ਦੇਸੀ ਕੱਟਾ ਨਹੀਂ, ਸਗੋਂ ਏਅਰ ਪਿਸਟਲ
ਹਰਿੰਦਰ ਨਿੱਕਾ , ਬਰਨਾਲਾ 10 ਜਨਵਰੀ 2021
ਕੱਚਾ ਕਾਲਜ ਰੋਡ ਤੇ ਪੈਂਦੇ ਸੰਤ ਨਿਰੰਕਾਰੀ ਭਵਨ ਦੇ ਸਾਹਮਣੇ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾਂ ਦੇ ਘਰ ਨੇੜੇ ਐਤਵਾਰ ਦੀ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ,ਜਦੋਂ ਲੋਕਾਂ ਨੇ ਪਲਾਸਟਿਕ ਵਿੱਚ ਲਪੇਟਿਆ ਦੇਸੀ ਕੱਟਾ ਪਿਸਤੌਲ ਦੇਖਿਆ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 1 ਦੇ ਐਸ ਐਚ ਉ ਲਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚ ਕੇ ਦੇਸੀ ਪਿਸਤੌਲ ਕਬਜੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ।
ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਸਵੇਰੇ ਮੁਹੱਲਾ ਨਿਵਾਸੀ ਇਕੱਠੇ ਹੋ ਕੇ ਉਸ ਕੋਲ ਘਰ ਪਹੁੰਚੇ। ਜਿਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ ਨੇੜੇ ਇਕ ਦੇਸੀ ਪਿਸਤੌਲ ਪਿਆ ਹੈ।
ਇਸ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਟੀ 1 ਦੇ ਐਸ.ਐਚ. ਉ ਲਖਵਿੰਦਰ ਸਿੰਘ ਨੇ ਕਿਹਾ ਕਿ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਬਰਾਮਦ ਹੋਇਆ ਦੇਸੀ ਪਿਸਤੌਲ ਨਹੀਂ, ਬਲਕਿ ਏਅਰ ਪਿਸਟਲ ਹੈ,ਜਿਹੜਾ ਆਮ ਤੌਰ ਤੇ ਗੁਬਾਰਿਆਂ ਤੇ ਨਿਸ਼ਾਨੇਬਾਜ਼ੀ ਲਈ ਵਰਤਿਆ ਜਾਂਦਾ ਹੈ।ਉਨ੍ਹਾ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਵੀ ਕੋਈ ਅਜਿਹਾ ਤੱਥ ਸਾਹਮਣੇ ਨਹੀਂ ਆਇਆ।