ਆਖਿਰ ਪੁਲਿਸ ਪਾਰਟੀ ਇੱਕ ਕਾਰ ਤੇ ਕੁਝ ਹੋਰ ਸਮਾਨ ਲੈ ਕੇ ਜਾਣ ਵਿੱਚ ਹੋਈ ਸਫਲ
ਠੇਕੇਦਾਰ ਪ੍ਰੇਮ ਤੇ ਉਸਦੀ ਪਤਨੀ ਖਿਲਾਫ ਕੇਸ ਦਰਜ਼ , ਪੁਲਿਸ ਵੱਲੋਂ ਢਾਈ ਲੱਖ ਦੀ ਡਰੱਗ ਮਨੀ ਬ੍ਰਮਾਦ
ਹਰਿੰਦਰ ਨਿੱਕਾ , ਬਰਨਾਲਾ 28 ਦਸੰਬਰ 2020
ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੂੰ ਐਤਵਾਰ ਦੀ ਸ਼ਾਮ ਉਸ ਸਮੇਂ ਲੋਕ ਰੋਹ ਦਾ ਕਾਫੀ ਸਾਹਮਣਾ ਕਰਨਾ ਪਿਆ, ਜਦੋਂ ਪੁਲਿਸ ਪਾਰਟੀ ਨੇ ਬੰਗੇਹਰ ਪੱਤੀ ਧਨੌਲਾ ਦੇ ਰਹਿਣ ਵਾਲੇ ਸ਼ਰਾਬ ਠੇਕੇਦਾਰ ਪ੍ਰੇਮ ਕੁਮਾਰ ਦੀ ਗੈਰਹਾਜਿਰੀ ਵਿੱਚ ਉਸ ਦੇ ਘਰ ਦਾ ਜਿੰਦਾ ਤੋੜਨ ਦੀ ਕੋਸ਼ਿਸ਼ ਕੀਤੀ । ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਥਾਣਾ ਧਨੌਲਾ ਦੇ ਐਸ.ਐਚ.ਉ ਕੁਲਦੀਪ ਸਿੰਘ ਵਗੈਰਾ ਨੇ ਠੇਕੇਦਾਰ ਦੇ ਘਰ ਦਾ ਜਿੰਦਾ ਤੋੜ ਕੇ ਤਲਾਸ਼ੀ ਕਰਨ ਦਾ ਵਿਰੋਧ ਕਰ ਰਹੇ ਇਲਾਕੇ ਦੇ ਲੋਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਹ ਸਹਿਮਤ ਨਹੀਂ ਹੋਏ । ਮਾਹੌਲ ਤਣਾਅ ਪੂਰਣ ਹੋਣ ਕਾਰਣ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਸੀਆਈਏ ਬਰਨਾਲਾ ਦੀ ਟੀਮ ਨੂੰ ਮੱਦਦ ਲਈ ਬੁਲਾਇਆ।
ਸੀ.ਆਈ.ਏ. ਟੀਮ ਦੀ ਅਗਵਾਈ ਕਰ ਰਹੇ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਉੱਥੇ ਮੋਜੂਦ ਲੋਕਾਂ ਨੂੰ ਸਮਝਾਇਆ ਕਿ ਪ੍ਰੇਮ ਕੁਮਾਰ ਬਾਰੇ ਪੁਲਿਸ ਨੂੰ ਇਤਲਾਹ ਮਿਲੀ ਹੈ ਕਿ ਉਹ ਹਰਿਆਣਾ ਤੋਂ ਨਜਾਇਜ ਸ਼ਰਾਬ ਲਿਆ ਕੇ ਵੇਚਦਾ ਹੈ, ਅਜਿਹੀ ਗੈਰਕਾਨੂੰਨੀ ਸ਼ਰਾਬ ਸਿਹਤ ਲਈ ਮਾਰੂ ਸਾਬਿਤ ਹੋ ਸਕਦੀ ਹੈ। ਅਜਿਹੀ 2 ਨੰਬਰ ਦੀ ਜਹਿਰੀਲੀ ਸ਼ਰਾਬ ਕਾਰਣ ਹੀ ਵੱਖ ਵੱਖ ਥਾਵਾਂ ਤੇ ਲੋਕਾਂ ਦੀਆਂ ਮੌਤਾਂ ਵੀ ਅਕਸਰ ਹੁੰਦੀਆਂ ਹਨ। ਉਨਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਜੇਕਰ ਉਨਾਂ ਨੂੰ ਪੁਲਿਸ ਦੇ ਇਕੱਲਿਆਂ ਤਲਾਸ਼ੀ ਲੈਣ ਦਾ ਕੋਈ ਇਤਰਾਜ ਹੈ ਤਾਂ ਕੋਈ ਵੀ ਮੋਹਤਬਰ ਵਿਅਕਤੀ ਤਲਾਸ਼ੀ ਸਮੇਂ ਪੁਲਿਸ ਦੇ ਕੋਲ ਮੌਜੂਦ ਰਹਿ ਸਕਦਾ ਹੈ। ਸੀ.ਆਈ.ਏ. ਇੰਚਾਰਜ ਦੀ ਇਸ ਪੇਸ਼ਕਸ਼ ਦੇ ਬਾਵਜੂਦ ਕੋਈ ਵੀ ਵਿਅਕਤੀ ਤਲਾਸ਼ੀ ਸਮੇਂ ਪ੍ਰੇਮ ਕੁਮਾਰ ਦੇ ਘਰ ਅੰਦਰ ਵੜ੍ਹਨ ਲਈ ਰਾਜੀ ਨਹੀਂ ਹੋਇਆ। ਆਖਿਰ ਲੋਕਾਂ ਨੇ ਵਿਰੋਧ ਕਰਨਾ ਛੱਡ ਦਿੱਤਾ ਅਤੇ ਪੁਲਿਸ ਪਾਰਟੀ ਨੇ ਪ੍ਰੇਮ ਕੁਮਾਰ ਦੇ ਘਰ ਦੀ ਤਲਾਸ਼ੀ ਲਈ ਅਤੇ ਘਰ ਅੰਦਰ ਖੜ੍ਹੀ ਇੱਕ ਕਾਰ ਅਤੇ ਕੁਝ ਹੋਰ ਸਮਾਨ ਲੈ ਕੇ ਚਲੀ ਗਈ । ਲੋਕਾਂ ਦੇ ਵਿਰੋਧ ਅਤੇ ਪੁਲਿਸ ਪਾਰਟੀ ਦੀ ਕਾਰਵਾਈ ਲੱਗਭੱਗ 2 ਤੋਂ ਢਾਈ ਘੰਟੇ ਜਾਰੀ ਰਹੀ।
ਮੌਕੇ ਤੇ ਇਕੱਠੇ ਲੋਕਾਂ ਨੇ ਦੱਸਿਆ ਕਿ ਪੁਲਿਸ ਦੇ ਛਾਪੇ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰੇਮ ਕੁਮਾਰ ਆਪਣੀ ਕਾਰ ਵਿੱਚ ਘਰੋਂ ਨਿੱਕਲ ਗਿਆ ਸੀ। ਜਿਸ ਤੋਂ ਇਹ ਅੰਦਾਜਾ ਸਹਿਜੇ ਹੀ ਲੱਗਦਾ ਹੈ ਕਿ ਪੁਲਿਸ ਕਾਰਵਾਈ ਦੀ ਭਿਣਕ ਪ੍ਰੇਮ ਕੁਮਾਰ ਨੂੰ ਲੱਗ ਚੁੱਕੀ ਸੀ। ਉੱਧਰ ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰੇਮ ਕੁਮਾਰ ਦੀ ਨਾਭਾ ਅਤੇ ਲੌਗੋਵਾਲ ਵਿਖੇ ਸ਼ਰਾਬ ਦੇ ਠੇਕਿਆਂ ਵਿੱਚ ਹਿੱਸੇਦਾਰੀ ਵੀ ਹੈ।
ਕੇਸ ਕੀਤਾ ਦਰਜ਼, ਸ਼ਰਾਬ,ਰਾਈਫਲ ਤੇ ਡਰੱਗ ਮਨੀ ਬਰਾਮਦ
ਸੀ.ਆਈ.ਏ ਦੇ ਏ.ਐਸ.ਆਈ. ਅਤੇ ਮਾਮਲੇ ਦੇ ਤਫਤੀਸ਼ ਅਧਿਕਾਰੀ ਜਗਦੇਵ ਸਿੰਘ ਵੱਲੋਂ ਧਨੌਲਾ ਥਾਣੇ ਵਿਖੇ ਦਰਜ਼ ਐਫ.ਆਈ.ਆਰ. ਨੰਬਰ 173 ਅਨੁਸਾਰ ਉਹ ਆਪਣੇ ਸਾਥੀ ਪੁਲਿਸ ਕਰਮਚਾਰੀਆਂ ਦੇ ਨਾਲ ਅਨਾਜ ਮੰਡੀ ਧਨੌਲਾ ਵਿਖੇ ਮੌਜੂਦ ਸੀ ਤਾਂ ਸੋਰਸ ਖਾਸ ਨੇ ਇਤਲਾਹ ਦਿੱਤੀ ਕਿ ਪ੍ਰੇਮ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਧਨੌਲਾ ਜੋ ਸਮੇਤ ਪਤਨੀ ਦੇ ਕਾਰ ਨੰਬਰੀ ਐਚ.ਆਰ. 44-3934 ਮਾਰਕਾ ਡਿਜਾਇਰ ਰੰਗ ਚਿੱਟਾ ਜੋ ਬਾਹਰੋ ਸ਼ਰਾਬ ਲਿਆ ਕੇ ਵੇਚਦਾ ਹੈ। ਇਸ ਕਾਰ ਨੂੰ ਚੈਕ ਕਰਨ ਪਰ ਬਾਹਰਲੀ ਸਟੇਟ ਦੀ ਸ਼ਰਾਬ ਬਰਾਮਦ ਕੀਤੀ ਗਈ। ਜਿਸ ਦੇ ਅਧਾਰ ਤੇ ਪ੍ਰੇਮ ਕੁਮਾਰ ਅਤੇ ਉਸਦੀ ਪਤਨੀ ਖਿਲਾਫ ਅਧੀਨ ਜੁਰਮ 61/1/14, 78/2 ਆਬਕਾਰੀ ਐਕਟ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕੀਤਾ ਗਿਆ। ਕੇਸ ਦਰਜ ਹੋਣ ਤੋਂ ਬਾਅਦ ਕੀਤੀ ਗਈ ਬਰਾਮਦਗੀ ‘ਚ ਪੁਲਿਸ ਪਾਰਟੀ ਨੂੰ 2 ਲੱਖ 53 ਹਜਾਰ 560 ਰੁਪਏ ਦੀ ਡਰੱਗ ਮਨੀ, ਰਾਈਫਲ 12 ਬੋਰ ਨੰਬਰੀ 38848-05 ਸਮੇਤ 7 ਜਿੰਦਾ ਕਾਰਤੂਸ, 4 ਖੋਲ, ਇੱਕ ਵਰਨਾ ਕਾਰ ਨੰਬਰੀ ਐਚ.ਆਰ.26 ਏ.ਟੀ 5628 ਅਤੇ ਹਰਿਆਣਾ ਤੋਂ ਲਿਆਂਦੀ 43 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਮਾਲਟਾ ਬਰਾਮਦ ਕੀਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗਿਰਫਤਾਰੀ ਹਾਲੇ ਬਾਕੀ ਹੈ। ਉਕਤ ਬਰਾਮਦਗੀ ਕਿੱਥੋਂ ਕੀਤੀ ਗਈ, ਇਸ ਦਾ ਜਿਕਰ ਕ੍ਰਾਈਮ ਰਿਪੋਰਟ ਵਿੱਚ ਨਹੀਂ ਹੈ।