ਅਸ਼ੋਕ ਵਰਮਾ ਬਠਿੰਡਾ,29 ਨਵੰਬਰ:2020
ਸੰਤ ਨਿਰੰਕਾਰੀ ਮੰਡਲ ਜ਼ੋਨ ਬਠਿੰਡਾ ਦੇ ਇੰਚਾਰਜ ਐਸ ਪੀ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਇਸ ਸਾਲ ਦਾ 73ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਕਰੋਨਾ ਵਾਇਰਸ ਦੇ ਸੰਕਟ ਨੂੰ ਦੇਖਦਿਆਂ ਵਰਚੁਅਲ ਰੂਪ ਵਿੱਚ ਮਿਤੀ 5 , 6 ਅਤੇ 7 ਦਸੰਬਰ , 2020 ਨੂੰ ਕਰਵਾਇਆ ਜਾਵੇਗਾ ਜਿਸ ਨੂੰ ਵਿਸ਼ਵ ਦੇ ਲੱਖਾਂ ਸ਼ਰਧਾਲੂ ਘਰ ਬੈਠਿਆਂ ਹੀ ਆਨਲਾਈਨ ਦੇਖ ਸਕਣਗੇ। ਮੈਂਬਰ ਇੰਚਾਰਜ ਰਾਜ ਕੁਮਾਰੀ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਇਤਹਾਸ ’ਚ ਪਹਿਲੀ ਵਾਰ ਸਲਾਨਾ ਸਮਾਗਮ ਵਰਚੂਅਲ ਰੂਪ ’ਚ ਕਰਵਾਇਆ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਮਿਸ਼ਨ ਦੀ ਵੈਬਸਾਈਟ ਤੇ ਸਮਾਗਮ ਦਾ ਵਰਚੁਅਲ ਪ੍ਰਸਾਰਣ ਮਿਤੀ 5, 6 ਅਤੇ 7 ਦਸੰਬਰ ਨੂੰ ਪੇਸ਼ ਕੀਤਾ ਜਾਵੇਗਾ । ਇਹ ਸਮਾਗਮ ਸੰਸਕਾਰ ਟੀ . ਵੀ ਚੈਨਲ ’ਤੇ ਤਿੰਨੇ ਦਿਨ ਸ਼ਾਮ 5.30 ਵਜੇ ਤੋਂ ਰਾਤ 9 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ ।
ਐਸ.ਪੀ. ਦੁੱਗਲ ਬਠਿੰਡਾ ਨੇ ਦੱਸਿਆ ਕਿ ਇਸ ਸਾਲ ਨਿਰੰਕਾਰੀ ਸਮਾਗਮ ਦਾ ਮੁੱਖ ਵਿਸ਼ਾ ‘ਸਥਿਰਤਾ‘ ਹੈ । ਸੰਤ ਨਿਰੰਕਾਰੀ ਮਿਸ਼ਨ ਆਤਮਕ ਜਾਗਰੂਕਤਾ ਦੇ ਮਾਧਿਅਮ ਨਾਲ ਸੰਸਾਰ ਵਿੱਚ ਸੱਚ , ਪ੍ਰੇਮ , ਏਕਤਾ ਦਾ ਸੁਨੇਹਾ ਦੇ ਰਿਹਾ ਹੈ । ਜਿਸ ਤਰਾਂ ਪ੍ਰਭੂ ਪ੍ਰਮਾਤਮਾ ਸਥਿਰ ਹੈ ਅਤੇ ਸੰਸਾਰ ਵਿੱਚ ਹੋਰ ਸਭ ਕੁੱਝ ਗਤੀਸ਼ੀਲ , ਅਸਥਿਰ ਅਤੇ ਪ੍ਰੀਵਰਤਨਸ਼ੀਲ ਹੈ, ਜੋ ਸਥਿਰ ਹੈ ਉਸਦੇ ਨਾਲ ਨਾਤਾ ਜੋੜ ਕੇ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ । ਆਧੁਨਿਕ ਯੁੱਗ ਵਿੱਚ , ਜਿੱਥੇ ਸੰਸਾਰ ਗਤੀਮਾਨ ਹੋਣ ਦੇ ਨਾਲ ਨਾਲ , ਕਿਤੇ ਨਾ ਕਿਤੇ ਅਸਥਿਰ ਵੀ ਹੁੰਦਾ ਜਾ ਰਿਹਾ ਹੈ, ਮਨੁੱਖੀ ਮਨ ਨੂੰ ਆਤਮਿਕ ਰੂਪ ਨਾਲ ਸਥਿਰ ਹੋਣ ਦੀ ਪਰਮ ਜ਼ਰੂਰਤ ਹੈ ।
ਸ੍ਰੀ ਦੁੱਗਲ ਮੁਤਾਬਕ ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਜੀਵਨ ਵਿੱਚ ਸਥਿਰਤਾ ਨੂੰ ਸਮਝਾਉਂਦੇ ਹੋਏ ਦੱਸਿਆ ਕਿ – ਜਿਸ ਰੁੱਖ ਦੀਆਂ ਜੜਾਂ ਮਜਬੂਤ ਹੁੰਦੀਆਂ ਹਨ ਉਹ ਹਮੇਸ਼ਾ ਸਥਿਰ ਰਹਿੰਦਾ ਹੈ । ਤੇਜ ਹਵਾਵਾਂ ਅਤੇ ਹਨੇਰੀਆਂ ਚਾਹੇ ਕਿੰਨੀਆਂ ਵੀ ਹੋਣ ਪਰ ਜੇਕਰ ਰੁੱਖ ਆਪਣੇ ਮੂਲ ਰੂਪ ਜੜ ਨਾਲ ਪੂਰੀ ਤਰਾਂ ਜੁੜਿਆ ਹੋਇਆ ਹੈ ਤਾਂ ਉਸਦੀ ਸਥਿਰਤਾ ਬਣੀ ਰਹਿੰਦੀ ਹੈ । ਇਸ ਪ੍ਰਕਾਰ ਜਿਸ ਇਨਸਾਨ ਨੇ ਬ੍ਰਹਮਗਿਆਨ ਪ੍ਰਾਪਤ ਕਰਕੇ ਆਪਣਾ ਨਾਤਾ ਇਸ ਮੂਲ ਰੂਪ ਨਿਰੰਕਾਰ ਨਾਲ ਹਮੇਸ਼ਾ ਜੋੜੀ ਰੱਖਿਆ ਹੈ ਉਸਦੇ ਜੀਵਨ ਵਿੱਚ ਜਿਹੋ ਜਿਹੀਆਂ ਮਰਜੀ ਪ੍ਰਸਥਿਤੀਆਂ ਹੋਣ ਪਰ ਉਹ ਨਿਰੰਕਾਰ ਪ੍ਰਭੂ ਦਾ ਸਹਾਰਾ ਲੈ ਕੇ ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ ।
ਦੱਸਣਯੋਗ ਹੈ ਕਿ ਸੰਤ ਨਿਰੰਕਾਰੀ ਮਿਸ਼ਨ ਦੀਆਂ ਸਾਰੀਆਂ ਸਮਾਜਿਕ ਗਤੀਵਿਧੀਆਂ ਸੰਤ ਨਿਰੰਕਾਰੀ ਚੈਰੀਟੇਬਲ ਫਾਉਂਡੇਸ਼ਨ ਦੇ ਰਾਹੀਂ ਚਲਾਉਂਦੀਆਂ ਹਨ ਜਿਹਨਾਂ ’ਚ ਸਫਾਈ ਅਭਿਆਨ , ਰੁੱਖ ਲਗਾਉਣੇ, ਖੂਨਦਾਨ ਕੈਂਪ ਅਤੇ ਕੁਦਰਤੀ ਆਫਤਾਂ ਆਦਿ ਤੋਂ ਪੀੜਤਾਂ ਦੀ ਸਹਾਇਤਾ ਸ਼ਾਮਲ ਹੈ। ਇਸ ਦੇ ਨਾਲ ਕੋਵਿਡ-19 ਦੌਰਾਨ ਖੂਨਦਾਨ ਕੈਂਪ , ਰਾਸ਼ਨ ਵੰਡ ਸੇਵਾ ਅਤੇ ਕੁਆਰਨਟਾਈਨ ਸੈਂਟਰਾਂ ’ਚ ਵੀ ਖਾਣੇ ਆਦਿ ਵੰਡਿਆ ਹੈ। ਇਸ ਤੋਂ ਬਿਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਪੀ.ਪੀ.ਈ ਕਿੱਟਾਂ,ਮਾਸਕ ਅਤੇ ਸੈਨੇਟਾਇਜਰ ਆਦਿ ਵੰਡੇ ਗਏ । ਮਿਸ਼ਨ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਸੇਵਾ ਜਾਰੀ ਹੈ। ਉਹਨਾਂ ਦੱਸਿਆ ਕਿ ਸਮਾਗਮਾਂ ਲਈ ਸਾਧ ਸੰਗਤ ’ਚ ਭਾਂਰੀ ਉਤਸ਼ਾਹ ਪਾਇਆ ਜਾ ਰਿਹਾ ਹੈ।