ਅਸ਼ੋਕ ਵਰਮਾ ਸੰਗਰੂਰ ,29 ਨਵੰਬਰ2020
ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਭਰਤੀ ਨੂੰ ਪਹਿਲ ਦੇਣ ਦੀ ਮੰਗ ਨੂੰ ਐਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਅੱਜ ਸੰਗਰੂਰ ’ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਰਿਹਾਇਸ਼ ਅੱਗੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਇਸ ਮਾਮਲੇ ’ਚ ਅਗਲੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਅਹਿਦ ਲਿਆ। ਖੁਫੀਆ ਵਿਭਾਗ ਅਤੇ ਪੁਲਿਸ ਦੀਆਂ ਅੱਖੀਂ ਘੱਟਾ ਪਾਕੇ ਅੱਜ ਸਵੇਰੇ ਕਰੀਬ 10 ਵਜੇ ਆਂਗਣਵਾੜੀ ਮੁਲਾਜਮਾਂ ਵੱਲੇ ਧਾਵੇ ਕਾਰਨ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਅਨੁਸਾਰ ਵਰਕਰਾਂ ਤੇ ਹੈਲਪਰਾਂ ਵੱਲੋਂ ਚੁੱਪ ਚੁਪੀਤੇ ਸਿੱਖਿਆ ਮੰਤਰੀ ਦੀ ਰਿਹਾਇਸ਼ ਲਾਗੇ ਧਰਨਾ ਦੇਣ ਦੀ ਰਣਨੀਤੀ ਘੜੀ ਗਈ ਸੀ। ਇਸ ਨੂੰ ਦੇਖਦਿਆਂ ਆਂਗਣਵਾੜੀ ਮੁਲਾਜਮਾਂ ਆਮ ਦੀ ਤਰਾਂ ਇਕੱਠੀਆਂ ਹੋਈਆਂ।
ਜਦੋਂ ਗਿਣਤੀ ਤਸੱਲੀਬਖਸ਼ ਹੋ ਗਈ ਤਾਂ ਵਰਕਰਾਂ ਅਤੇ ਹੈਲਪਰਾਂ ਨੇ ਨਾਰਅਰੇਬਾਜੀ ਸ਼ੁਰੂ ਕਰ ਦਿੱਤੀ। ਅਚਾਨਕ ਸਰਕਾਰ ਵਿਰੋਧੀ ਨਾਅਰਿਆਂ ਨੂੰ ਸੁਣਕੇ ਅਧਿਕਾਰੀ ਹੱਕੇ ਬੱਕੇ ਰਹਿ ਗਏ। ਆਨਣ ਫਾਨਣ ’ਚ ਪ੍ਰਸ਼ਾਸ਼ਨ ਨੇ ਸਿੱਖਿਆ ਮੰਤਰੀ ਦੇ ਨਿੱਜੀ ਸਹਾਇਕ ਨੂੰ ਜੱਥੇਬੰਦੀ ਦੀਆਂ ਮੰਗਾਂ ਵਾਲਾ ਮੰਗ ਪੱਤਰ ਦਿਵਾਕੇ ਵਰਕਰਾਂ ਅਤੇ ਹੈਲਪਰਾਂ ਨੂੰ ਸ਼ਾਂਤ ਕੀਤਾ। ਉਹਨਾਂ ਧਰਨਾਕਾਰੀ ਮੁਲਾਜਮਾਂ ਨੂੰ ਜਲਦੀ ਹੀ ਇਸ ਮਾਮਲੇ ’ਚ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਆਂਗਣਵਾੜੀ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ ਉਹਨਾਂ ਦੀ ਵਾਜਬ ਮੰਗ ਨੂੰ ਰੱਦੀ ਦੀ ਟੋਕਰੀ ’ਚ ਸੁੱਟਿਆ ਗਿਆ ਤਾਂ ਉਹ ਸਰਕਾਰ ਨੂੰ ਜਗਾਉਣ ਲਈ ਮੁੜ ਏਥੇ ਆਕੇ ਜਿੰਦਾਬਾਦ ਮੁਰਦਾਬਾਦ ਕਰਨ ਤੋਂ ਪਿੱਛੇ ਨਹੀਂ ਹਟਣਗੀਆਂ। ਧਰਨੇ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਨੇ ਸਰਕਾਰ ਤੇ ਤਿੱਖੇ ਸ਼ਬਦੀ ਹਮਲੇੇ ਕੀਤੇ ਤੇ ਮੌਜੂਦਾ ਹਕੂਮਤ ਨੂੰ ਨਾਂ ਕੇਵਲ ਵਰਕਰਾਂ ਅਤੇ ਹੈਲਪਰਾਂ ਬਲਕਿ ਸੰਗਠਿਤ ਬਾਲ ਵਿਕਾਸ ਸਕੀਮ ਵਿਰੋਧੀ ਕਰਾਰ ਦਿੱਤਾ। ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਨਾਲ ਧੋਖਾ ਕਰ ਰਹੀ ਹੈ ਕਿਉਂਕਿ 24 ਨਵੰਬਰ ਨੂੰ ਜੋ ਪ੍ਰੀ-ਨਰਸਰੀ ਟੀਚਰ ਦੀ ਭਰਤੀ ਖੋਲੀ ਗਈ ਹੈ, ਉਸ ਵਿੱਚ ਵਰਕਰ ਨੂੰ ਪਹਿਲ ਤਾਂ ਕੀ ਦੇਣੀ ਸੀ, ਸਗੋਂ ਕੋਟਾ ਤੱਕ ਨਹੀਂ ਰੱਖਿਆ ਹੈ ਜਿਸ ਨੂੰ ਲੈਕੇ ਰੋਸ ਬਣ ਗਿਆ ਹੈ । ਉਹਨਾਂ ਆਖਿਆ ਕਿ ਆਂਗਣਵਾੜੀ ਵਰਕਰ ਪਿਛਲੇ 45 ਸਾਲਾਂ (1975 ਤੋਂ) ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇ ਰਹੀਆਂ ਹਨ ਫਿਰ ਵੀ ਹਕੂਮਤ ਉਹਨਾਂ ਨੂੰ ਅਣਗੌਲਿਆ ਕਰ ਰਹੀ ਹੈ।
ਹਰਗੋਬਿੰਦ ਕੌਰ ਨੇ ਆਖਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਸਰਕਾਰ ਵੱਲੋਂ ਬਿਨਾਂ ਸੋਚੇ ਸਮਝੇ ਲਏ ਫੈਸਲਿਆਂ ਅਤੇ ਬੱਚਿਆਂ ਨੂੰ ਸਕੂਲਾਂ ’ਚ ਲਿਜਾਣ ਵਾਲੀ ਹੱਠਧਰਮੀ ਕਾਰਨ ਪੰਜਾਬ ਦੀਆਂ ਹਜਾਰਾਂ ਆਂਗਣਵਾੜੀ ਮੁਲਾਜ਼ਮਾਂ ਦੀ ਨੌਕਰੀ ਅਤੇ ਆਂਗਣਵਾੜੀ ਸੈਂਟਰਾਂ ਦਾ ਵਜੂਦ ਦੋਵੇਂ ਖਤਰੇ ’ਚ ਪੈ ਗਏ ਸਨ। ਉਹਨਾਂ ਆਖਿਆ ਕਿ ਫੈਸਲੇ ਖਿਲਾਫ ਲੜਾਈ ਲੜਕੇ ਜਿੱਤ ਹਾਸਲ ਕੀਤੀ ਗਈ ਸੀ ਪਰ ਹੁਣ ਫਿਰ ਜਦੋਂ ਵਿਤਕਰੇ ਵਾਲਾ ਵਰਤਾਰਾ ਵਰਤਿਆ ਤਾਂ ਸੰਘਰਸ਼ ਮਜਬੂਰੀ ਬਣ ਗਿਆ ਹੈ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਬਲਜੀਤ ਕੌਰ ਪੇਧਨੀ, ਦਲਜੀਤ ਕੌਰ ਬਰਨਾਲਾ, ਸੁਰਿੰਦਰ ਕੌਰ ਹੱਥਨ, ਪਰਮਜੀਤ ਕੌਰ ਖੇੜੀ, ਹਰਮੇਸ਼ ਕੌਰ ਲਹਿਰਾਗਾਗਾ, ਹਰਪ੍ਰੀਤ ਕੌਰ ਬਾਗੜੀਆ, ਵੀਰਪਾਲ ਕੌਰ ਢੱਡਰੀਆਂ ਤੇ ਪਰਮਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਗੌਰਤਲਬ ਹੈ ਕਿ ਆਂਗਣਵਾੜੀ ਸੈਂਟਰਾਂ ’ਚ ਤਿੰਨ ਤੋਂ ਪੰਜ ਸਾਲ ਦੇ ਬੱਚੇ ਆਉਂਦੇ ਸਨ ਜੋ ਸਰਕਾਰ ਦੇ ਫੈਸਲੇ ਉਪਰੰਤ ਪ੍ਰੀ-ਪ੍ਰਾਇਮਰੀ ਕਲਾਸਾਂ ਤਹਿਤ ਸਕੂਲਾਂ ’ਚ ਚਲੇ ਗਏ ਸਨ । ਇਸ ਨਾਲ ਆਂਗਣਵਾੜੀ ਕੇਂਦਰ ਬੰਦ ਹੋਣ ਲਈ ਰਾਹ ਪੱਧਰਾ ਅਤੇ ਆਈਸੀਡੀਐਸ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਖੜਾ ਹੋ ਗਿਆ ਸੀ। ਆਂਗਣਵਾੜੀ ਵਰਕਰਾਂ ਇਸ ਫੈਸਲੇ ਖਿਲਾਫ ਸੜਕਾਂ ਤੇ ਉੱਤਰ ਆਈਆਂ ਸਨ। ਅੰਤ ਨੂੰ ਜਦੋਂ ਸੰਘਰਸ਼ ਐਨਾ ਮਘ ਗਿਆ ਕਿ ਪੰਜਾਬ ਸਰਕਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਨੋਟੀਫਿਕੇਸ਼ਨ ਜਾਰੀ ਕਰਕੇ ਆਂਗਣਵਾੜੀ ਮੁਲਾਜਮਾਂ ਨੂੰ ਠੰਢਾ ਕਰਨਾ ਪਿਆ। ਸਰਕਾਰ ਨਾਲ ਸਮਝੌਤੇ ਦੇ ਬਾਵਜੂਦ ਬੱਚੇ ਅਜੇ ਤੱਕ ਵੀ ਵਾਪਿਸ ਨਹੀਂ ਆਏ ਹਨ। ਹੁਣ ਜਦੋਂ ਭਰਤੀ ਹੋਣ ਲੱਗੀ ਹੈ ਤਾਂ ਆਂਗਣਵਾੜੀ ਵਰਕਰਾਂ ਨੇ ਹਿੱਸੇ ਲਈ ਸੰਘਰਸ਼ ਦਾ ਬੂਹਾ ਮੱਲਿਆ ਹੈ।