ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਵੱਖ ਵੱਖ ਪਾਬੰਦੀਆਂ ਲਈ ਹੁਕਮ
ਹਰਪ੍ਰੀਤ ਕੌਰ/ ਰਿੰਕੂ ਝਨੇੜੀ ,ਸੰਗਰੂਰ, 18 ਨਵੰਬਰ:2020
ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਜ਼ਿਲ੍ਹੇ ਦੀ ਹੱਦ ਅੰਦਰ ਵੱਖ ਵੱਖ ਤਰਾਂ ਦੀਆਂ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅੰਦਰ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਨੂੰਨੀ ਕਾਰਵਾਈ ਕਰਨ ਦੀ ਤਾੜਨਾ ਵੀ ਕੀਤੀ ਗਈ ਹੈ। ਜਾਰੀ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਕਿਸੇ ਵੀ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਹਥਿਆਰਾਂ, ਲਾਠੀਆਂ, ਗੰਡਾਸੇ, ਤੇਜਧਾਰ ਟਾਕੂਏ, ਕੁਲਹਾੜੀਆਂ ਆਦਿ ਜਨਤਕ ਥਾਵਾਂ ‘ਤੇ ਲੈ ਕੇ ਚੱਲਣ ‘ਤੇ ਪੂਰਣ ਤੌਰ ਤੇ ਪਾਬੰਦੀ ਲਾਈ ਗਈ ਹੈ। ।
ਜ਼ਿਲ੍ਹੇ ਵਿੱਚ ਅਮਨ ਤੇ ਕਾਨੂੰਨ ਨੂੰ ਕਾਇਮ ਰੱਖਣ ਲਈ ਲੋਕ ਅਮਨ ਤੇ ਸ਼ਾਂਤੀ ਵਿੱਚ ਖਲਲ ਪੈਦਾ ਹੋਣ ਤੇ ਸਰਕਾਰੀ/ਪ੍ਰਾਈਵੇਟ ਸੰਪਤੀ ਦਾ ਨੁਕਸਾਨ ਹੋਣ ਤੋਂ ਸੁਰੱਖਿਅਤ ਰੱਖਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਪੁਲਿਸ, ਹੋਮਗਾਰਡ, ਸੀ.ਆਰ.ਪੀ.ਐਫ਼ ਜਾਂ ਸਰਕਾਰੀ ਡਿਊਟੀ ਕਰ ਰਹੇ ਸੁਰੱਖਿਆ ਕਰਮਚਾਰੀਆਂ, ਜਿਨ੍ਹਾਂ ਕੋਲ ਸਰਕਾਰੀ ਹਥਿਆਰ ਹਨ, ‘ਤੇ ਲਾਗੂ ਨਹੀਂ ਹੋਵੇਗਾ।
ਅਗਲੇ ਹੁਕਮਾਂ ਤੱਕ ਨਹੀਂ ਚੱਲਣਗੇ ਹੁੱਕਾ ਬਾਰ
ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਲਾਏ ਜਾ ਸਕਣਗੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ
ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਹਰ ਇੱਕ ਲੋੜਵੰਦ ਵਿਅਕਤੀ, ਸਮਰੱਥ ਅਧਿਕਾਰੀ ਦੀ ਲਿਖਤੀ ਪ੍ਰਵਾਨਗੀ ਉਪਰੰਤ ਹੀ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਲਵਾਏਗਾ ਅਤੇ ਆਪਣੇ ਪੱਧਰ ‘ਤੇ ਨਜਾਇਜ਼ ਤੌਰ ‘ਤੇ ਪਾਣੀ ਦੀ ਸਪਲਾਈ ਦੇ ਕੁਨੈਕਸ਼ਨ ਨਹੀਂ ਲਾਏਗਾ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕਈ ਵਾਰ ਧਿਆਨ ਵਿੱਚ ਆਉਂਦਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਨਜਾਇਜ ਤੌਰ ‘ਤੇ ਅਣ-ਅਧਿਕਾਰਤ ਜਲ ਸਪਲਾਈ ਜਾਂ ਸੀਵਰੇਜ ਕੁਨੈਕਸ਼ਨ ਆਪਣੇ ਪੱਧਰ ‘ਤੇ ਲਾਏ ਜਾਂਦੇ ਹਨ ਅਤੇ ਕਈ ਵਾਰ ਅਜਿਹੀ ਵਜ੍ਹਾ ਕਰਕੇ ਗਲੀਆਂ -ਨਾਲੀਆਂ ਦਾ ਗੰਦਾ ਪਾਣੀ ਵੀ ਪੀਣ ਵਾਲੇ ਪਾਣੀ ਵਿੱਚ ਮਿਲ ਜਾਂਦਾ ਹੈ । ਇਸ ਦੇ ਸਿੱਟੇ ਵੱਜੋਂ ਭਿਆਨਕ ਬੀਮਾਰੀ ਫੈਲ ਸਕਦੀ ਹੈ ਅਤੇ ਜਾਨ-ਮਾਲ ਦਾ ਨੁਕਸਾਨ ਵੀ ਹੋ ਸਕਦਾ ਹੈ। ਇਹ ਜਾਰੀ ਸਾਰੇ ਹੁਕਮ 14 ਜਨਵਰੀ 2021 ਤੱਕ ਲਾਗੂ ਰਹਿਣਗੇ।