ਹਰਿੰਦਰ ਨਿੱਕਾ ਬਰਨਾਲਾ 17 ਨਵੰਬਰ 2020
ਨੈਟਬਾਲ ਖਿਡਾਰੀ ਦੇ ਤੌਰ ਤੇ ਇੰਟਰਨੈਸ਼ਨਲ ਪੱਧਰ ਤੇ ਦੇਸ਼ ,ਪ੍ਰਦੇਸ਼ , ਬਰਨਾਲਾ ਜਿਲ੍ਹੇ ਅਤੇ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕਰਨ ਵਾਲੇ ਐਸ.ਆਈ. ਗੁਰਮੇਲ ਸਿੰਘ ਨੂੰ ਹੁਣ ਐਸ.ਐਚ.ਉ. ਦੇ ਅਹੁਦੇ ਤੇ ਤਾਇਨਾਤ ਕਰਕੇ ਥਾਣਾ ਸਿਟੀ 2 ਦੀ ਕਮਾਨ ਸੌਂਪੀ ਗਈ ਹੈ। ਅਹੁਦਾ ਸੰਭਾਲਦਿਆਂ ਹੀ ਐਸ.ਐਚ.ਉ. ਗੁਰਮੇਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਲ੍ਹਾ ਅਧਿਕਾਰੀਆਂ ਦੁਆਰਾ ਦਿੱਤੀ ਗਈ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨਾਂ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਸਖਤ ਮਿਹਨਤ ਕਰਨਗੇ। ਐਸ.ਐਚ.ਉ. ਗੁਰਮੇਲ ਸਿੰਘ ਨੇ ਕਿਹਾ ਕਿ ਉਹ ਆਪਣੇ ਆਲ੍ਹਾ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ਾਂ ਤਸਕਰਾਂ ਅਤੇ ਹੋਰ ਅਪਰਾਧੀ ਕਿਸਮ ਦੇ ਵਿਅਕਤੀਆਂ ਨੂੰ ਨਕੇਲ ਪਾਉਣ ਵਿੱਚ ਨਾ ਖੁਦ ਢਿੱਲ ਕਰਨਗੇ ਅਤੇ ਨਾ ਹੀ ਥਾਣੇ ਵਿੱਚ ਤਾਇਨਾਤ ਆਪਣੀ ਟੀਮ ਦੀ ਕੰਮ ਵਿੱਚ ਢਿੱਲ ਬਰਦਾਸ਼ਤ ਕਰਨਗੇ। ਉਨਾਂ ਕਿਹਾ ਕਿ ਥਾਣਾ ਸਿਟੀ 2 ਦੇ ਖੇਤਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਵੀ ਉਹ ਪਹਿਲ ਦੇ ਅਧਾਰ ਤੇ ਹੱਲ ਕਰਨ ਨੂੰ ਤਰਜ਼ੀਹ ਦੇਣਗੇੇ। ਵਰਨਣਯੋਗ ਹੈ ਕਿ ਥਾਣਾ ਸਿਟੀ 2 ਦੀ ਕਮਾਨ ਸੰਭਾਲਣ ਵਾਲੇ ਗੁਰਮੇਲ ਸਿੰਘ ਨੂੰ ਭਾਰਤੀ ਨੈਟਬਾਲ ਦੀ ਟੀਮ ਦਾ ਹਿੱਸਾ ਬਣ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਮੈਚ ਖੇਡਣ ਅਤੇ ਭਾਰਤੀ ਟੀਮ ਨੂੰ ਜਿੱਤਾਂ ਦਿਵਾਉਣ ਦਾ ਮੌਕਾ ਮਿਲਿਆ ਹੈ। ਗੁਰਮੇਲ ਸਿੰਘ ਨੂੰ ਸ੍ਰੀਲੰਕਾ ਵਿਖੇ ਹੋਈ ਨੈਟਬਾਲ ਚੈਪੀਅਨਸ਼ਿਪ ਸਮੇਂ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਵੀ ਮਿਲਿਆ ਹੈ। ਇਸ ਤੋਂ ਇਲਾਵਾ ਗੁਰਮੇਲ ਸਿੰਘ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਵੀ ਰਹੀ ਹੈ ਕਿ ਉਹ ਹਰ ਤਿਉਹਾਰ ਅਤੇ ਆਪਣੀ ਹਰ ਖੁਸ਼ੀ ਗਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਮਿਲ ਕੇ ਹੀ ਮਨਾਉਂਦੇ ਹਨ। ਇਸ ਵਾਰ ਦੀਵਾਲੀ ਦਾ ਤਿਉਹਾਰ ਵੀ ਗੁਰਮੇਲ ਸਿੰਘ ਨੇ ਆਪਣੇ ਹੋਰ ਸਾਥੀਆਂ ਸਮੇਤ ਝੁੱਗੀ ਝੌਪੜੀਆਂ ਵਿੱਚ ਰਹਿੰਦੇ ਬੱਚਿਆ ਨਾਲ ਹੀ ਮਨਾਇਆ।