ਪ੍ਰਦੂਸ਼ਣ ਰਹਿਤ ਪਟਾਖਿਆਂ ਦੀ ਵਿਕਰੀ ਲਈ ਨਿਰਧਾਰਿਤ ਥਾਵਾਂ ਬਾਰੇ ਸੋਧੇ ਹੋਏ ਹੁਕਮ ਜਾਰੀ
ਰਵੀ ਸੈਣ ਬਰਨਾਲਾ, 13 ਨਵੰਬਰ 2020
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਜ਼ਿਲ੍ਹਾ ਬਰਨਾਲਾ ਦੇ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਜ਼ਿਲ੍ਹਾ ਵਾਸੀ ਜ਼ਿੰਮੇਵਾਰ ਨਾਗਰਿਕਾਂ ਵਜੋਂ ਇਹ ਤਿਉਹਾਰ ਮਨਾਉਣ। ਇਸ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੋਧੇ ਹੋਏ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਆਮ ਬਾਜ਼ਾਰਾਂ ਵਿਚ ਕਿਸੇ ਕਿਸਮ ਦੀ ਉੱਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜ਼ੀ ਅਤੇ ਪੰਜਾਬ ਸਰਕਾਰ, ਵਿਗਿਆਨ, ਤਕਨੀਕ ਅਤੇ ਵਾਤਾਵਰਣ ਵਿਭਾਗ ਦੀਆਂ 10-11-2020 ਨੂੰ ਜਾਰੀ ਹਦਾਇਤਾਂ ਮੁਤਾਬਕ ਪਟਾਖਿਆਂ ਦੀ ਲੜੀ ਦੇ ਅਣ-ਅਧਿਕਾਰਤ ਤੌਰ ’ਤੇ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ’ਤੇ ਪੂਰਨ ਪਾਬੰਦੀ ਹੋਵੇਗੀ।
ਇਨ੍ਹਾਂ ਹੁਕਮਾਂ ਅਨੁਸਾਰ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸਿਰਫ ਹਰੇ ਪਟਾਖੇ (ਜਿਹੜੇ ਖਤਰਨਾਕ ਰਸਾਇਣਾਂ ਤੋਂ ਮੁਕਤ ਹੁੰਦੇ ਹਨ), ਹੀ ਸਟੋਰ ਕੀਤੇ, ਖਰੀਦੇ/ਵੇਚੇ ਜਾਂ ਵਰਤੋਂ ਵਿਚ ਲਿਆਂਦੇ ਜਾ ਸਕਦੇ ਹਨ। ਇਸ ਤੋਂ ਇਲਾਵਾ ਛੋਟੇ ਪਟਾਖਿਆਂ ਦੀ ਵੇਚ/ਖਰੀਦ ਲਈ ਜ਼ਿਲ੍ਹਾ ਬਰਨਾਲਾ ਅੰਦਰ ਨਿਰਧਾਰਿਤ ਥਾਵਾਂ ਵਿਚ ਕੁਝ ਤਬਦੀਲੀ ਕੀਤੀ ਗਈ ਹੈ।
ਸੋਧੇ ਹੋਏ ਹੁਕਮਾਂ ਅਨੁਸਾਰ ਬਰਨਾਲਾ ਸ਼ਹਿਰ ਵਿਚ 25 ਏਕੜ ਸਕੀਮ ਇੰਮਪੂਰਵਮੈਂਟ ਟਰੱਸਟ ਬਰਨਾਲਾ, ਧਨੌਲਾ ਵਿਚ ਪੱਕਾ ਬਾਗ ਸਟੇਡੀਅਮ ਧਨੌਲਾ, ਹੰਡਿਆਇਆ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਸਪੋਰਟਸ ਕਲੱਬ, ਹੰਡਿਆਇਆ, ਮਹਿਲ ਕਲਾਂ ਵਿਚ ਬਰਨਾਲਾ-ਮਹਿਲ ਕਲਾਂ ਮੇਨ ਰੋਡ ’ਤੇ ਸਥਿਤ ਗੋਲਡਨ ਸਿਟੀ ਕਾਲੋਨੀ, ਤਪਾ ਵਿਖੇ ਘੁੰਨਸ ਰੋਡ ਉਪਰ ਬਣੇ ਸਟੇਡੀਅਮ (ਕੱਸੀ ਵਾਲੇ ਗਰਾਊਂਡ) ਦੀ ਜਗ੍ਹਾ, ਭਦੌੜ ਵਿਖੇ ਪਬਲਿਕ ਸਪੋਰਟਸ ਸਟੇਡੀਅਮ, ਪੱਤੀ ਮੇਹਰ ਸਿੰਘ, ਭਦੌੜ ਅਤੇ ਸਹਿਣਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਦੇ ਖੇਡ ਮੈਦਾਨ ਵਾਲੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ।
ਉਕਤ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਅੰਦਰ ਹੋਰ ਕਿਸੇ ਥਾਂ ਦੀ ਵਰਤੋਂ ਪਟਾਖੇ ਅਤੇ ਆਤਿਸ਼ਬਾਜ਼ੀ ਦੀ ਖਰੀਦ/ਵਿਕਰੀ ਲਈ ਨਹੀਂ ਕੀਤੀ ਜਾ ਸਕੇਗੀ। ਵਿਦਿਅਕ ਸੰਸਥਾਵਾਂ ਅਤੇ ਹਸਪਤਾਲਾਂ ਦੇ ਨਜ਼ਦੀਕ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ’ਤੇ ਪੂਰਨ ਪਾਬੰਦੀ ਰਹੇਗੀ। ਵਿਦੇਸ਼ਾਂ ਤੋਂ ਆਉਂਦੀ ਗੈਰਕਾਨੂੰਨੀ ਧਮਾਕਾਖੇਜ਼ ਸਮੱਗਰੀ/ਵਿਦੇਸ਼ੀ ਪਟਾਖਿਆਂ (ਸਵਦੇਸ਼ੀ ਪਟਾਖਿਆਂ ਤੋਂ ਇਲਾਵਾ) ਨੂੰ ਬਣਾਉਣ, ਸਟੋਰ ਕਰਨ, ਵਿਕਰੀ ਤੇ ਵਰਤੋਂ ਕਰਨ ’ਤੇ ਪੂਰਨ ਪਾਬੰਦੀ ਹੋਵੇਗੀ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਦੀਵਾਲੀ ’ਤੇ ਰਾਤ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਖੇ ਚਲਾਏ ਜਾ ਸਕਦੇ ਹਨ। ਗੁਰਪੁਰਬ ਮੌਕੇ ਇਕ ਘੰਟੇ ਲਈ ਸਵੇਰੇ 4 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਹਰੇ ਪਟਾਖੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਕ੍ਰਿਸਮਿਸ ਅਤੇ ਨਵੇਂ ਸਾਲ ਮੌਕੇ ਪਟਾਖੇ ਰਾਤ 11:55 ਤੋਂ ਲੈ ਕੇ ਸਵੇਰੇ 12:30 ਵਜੇ ਤੱਕ ਚਲਾਏ ਜਾ ਸਕਣਗੇ।