ਜ਼ਿਲੇ ਅੰਦਰ ਹੁਣ ਤੱਕ 3749 ਕੋਵਿਡ ਪਾਜ਼ਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ-ਡਿਪਟੀ ਕਮਿਸ਼ਨਰ
ਪਟਾਖੇ ਚਲਾਉਣ ਮੌਕੇ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਤੇ ਜ਼ੋਰ
ਹਰਪ੍ਰੀਤ ਕੌਰ ਸੰਗਰੂਰ 12 ਨਵੰਬਰ: 2020
ਤਿਉਹਾਰਾਂ ਦੇ ਮੌਜ਼ੂਦਾ ਸੀਜ਼ਨ ਦੌਰਾਨ ਕੋਵਿਡ-19 ਨੂੰ ਧਿਆਨ ਵਿੱਚ ਰੱਖਦਿਆਂ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾਵੇ। ਕੋਵਿਡ-19 ਦੀ ਬੀਮਾਰੀ ਘੱਟ ਹੋਈ ਹੈ ਪਰ ਪੂਰੀ ਤਰਾਂ ਖਤਮ ਨਹੀਂ ਹੋਈ ਇਸ ਲਈ ਪੂਰੀਆਂ ਸਾਵਧਾਨੀਆਂ ਵਰਤਣ ਲੋੜ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸੰਗਰੂਰ ਸ਼ੀ ਰਾਮਵੀਰ ਨੇ ਜ਼ਿਲਾ ਲੋਕ ਸੰਪਰਕ ਅਫ਼ਸਰ ਸੰਗਰੂਰ ਅਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੇ ਫ਼ੇਸਬੁੱਕ ਪੇਜ਼ ‘ਤੇ ਲਾਇਵ ਦੌਰਾਨ ਗੱਲਬਾਤ ਕਰਦਿਆਂ ਕੀਤਾ।
ਸ਼੍ਰੀ ਰਾਮਵੀਰ ਨੇ ਮਾਸਕ ਦੀ ਵਰਤੋਂ, ਉੱਚਿਤ ਸਮਾਜਿਕ ਦੂਰੀ ਅਤੇ ਸਮੇਂ ਸਮੇਂ ਹੱਥ ਧੋਣ ਦੇ ਸਿਧਾਂਤ ਦੀ ਪਾਲਣਾ ਕਰਨ ‘ਤੇ ਜ਼ੋਰ ਦਿੱਤਾ। ਉਨਾ ਦੱਸਿਆ ਕਿ ਜ਼ਿਲੇ ਅੰਦਰ ਬੀਤੇ ਦਿਨ ਤੱਕ 125761 ਵਿਅਕਤੀਆਂ ਦੇ ਕੋਵਿਡ-19 ਦੀ ਜਾਂਚ ਲਈ ਨਮੂਨੇ ਲਏ ਜਾ ਚੁੱਕੇ ਹਲ ਜਿੰਨਾ ਵਿੱਚੋਂ 4038 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ। ਪਾਜ਼ੀਟਿਵ ਵਿਅਕਤੀਆਂ ਵਿੱਚੋਂ 3749 ਵਿਅਕਤੀ ਕੋਰੋਨਾਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਜ਼ਿਲੇ ਅੰਦਰ ਐਕਟਿਵ ਕੇਸਾਂ ਦੀ ਗਿਣਤੀ 117 ਹੈ। ਉਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਇਹ ਗਿਣਤੀ ਥੋੜੀ ਜਿਹੀ ਵੱਧ ਹੈ ਜਿਸ ਕਾਰਨ ਬਿਲਕੁੱਲ ਵੀ ਅਣਗਹਿਲੀ ਨਾ ਕੀਤੀ ਜਾਵੇ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਸ਼੍ਰੀ ਰਾਮਵੀਰ ਨੇ ਕਿਹਾ ਕਿ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਦਾ ਪ੍ਰਤੀਕ ਹੈ ਜੋ ਸਾਨੂੰ ਆਪਣੇ ਸੱਭਿਆਚਾਰ ਅਤੇ ਸੰਸਕਿ੍ਰਤੀ ਨਾਲ ਜੋੜਨ ਦਾ ਕੰਮ ਕਰਦਾ ਹੈ। ਉਨਾਂ ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਬੱਚਿਆਂ ਨੂੰ ਇਸਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨਾ ਕਿਹਾ ਕਿ ਸਾਨੂੰ ਚਾਹੀਂਦਾ ਹੈ ਕਿ ਇੰਨਾਂ ਤਿਉਹਾਰਾਂ ਦੇ ਮੌਕੇ ਵਾਤਾਵਰਨ ਅਤੇ ਸਮਾਜ ਪ੍ਰਤੀ ਆਪਣੇ ਫ਼ਰਜਾਂ ਨੂੰ ਚੰਗੀ ਤਰਾਂ ਨਿਭਾਉਣ ਦਾ ਅਹਿਦ ਕਰੀਏ।
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਪਟਾਖੇ ਚਲਾਉਣ ਦੇ ਸਮੇਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟਿ੍ਰਬਿਊਨਲ ਦੀਆਂ ਹਦਾਇਤਾਂ ਮੁਤਾਬਿਕ ਸਿਰਫ਼ 2 ਘੰਟੇ ਦੇ ਸਮੇਂ ਲਈ ਹੀ ਪਟਾਖੇ ਚਲਾਉਣ ਦੀ ਮਨਜ਼ੂਰੀ ਹੋਵੇਗੀ। ਉਨਾਂ ਕਿਹਾ ਕਿ ਪਟਾਖੇ, ਫ਼ੁੱਲਝੜੀ ਆਦਿ ਚਲਾਉਣ ਮੌਕੇ ਖਾਸ ਖਿਆਲ ਰੱਖਿਆ ਜਾਵੇ ਕਿ ਹੱਥਾਂ ਨੂੰ ਸੈਨੇਟਾਇਜ਼ਾਰ ਨਾ ਲੱਗਾ ਹੋਵੇ, ਕਿਉਂਕਿ ਸੈਨੇਟਾਇਜ਼ਰ ਵਿੱੱਚ ਜਲਣਸ਼ੀਲ ਪਦਾਰਥ ਅਲਕੋਹਲ ਵੱਡੀ ਮਾਤਰਾ ਵਿੱਚ ਹੁੰਦਾ ਹੈ ਜੋ ਅੱਗ ਦੀ ਲਪੇਟ ਵਿੱਚ ਆ ਕੇ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦਾ ਹੈ।