ਥਾਣਾ ਧਨੌਲਾ ‘ਚ ਕੇਸ ਦਰਜ਼, ਮੁਲਾਜਮ ਤੋਂ ਮੁਲਜ਼ਮ ਬਣਿਆ ASI
ਹਰਿੰਦਰ ਨਿੱਕਾ , ਬਰਨਾਲਾ 24 ਅਕਤੂਬਰ 2020
ਜਿਲ੍ਹੇ ਦੀ ਅਸਲਾ ਸ਼ਾਖਾ ਦੇ ਹੈਡ ਆਰਮੋਰ ਏ.ਐਸ.ਆਈ. ਗੁਰਮੇਲ ਸਿੰਘ ਨੂੰ ਥਾਣਾ ਧਨੌਲਾ ਵਿਖੇ ਇਨਸਾਫ ਲੈਣ ਪਹੁੰਚੀ ਇੱਕ ਫਰਿਆਦੀ ਔਰਤ ਨਾਲ ਛੇੜਛਾੜ ਕਰਨਾ ਅਤੇ ਸੈਕਸੁਅਲ ਹਰਾਸ਼ਮੈਂਟ ਕਰਨਾ ਮਹਿੰਗਾ ਪੈ ਗਿਆ।
ਇੱਕ ਬੇਸ਼ਰਮ ਥਾਣੇਦਾਰ, ਬੇਵੱਸ ਔਰਤ ਨੂੰ ਕਹਿੰਦਾ ,, ਸਲਵਾਰ ਉੱਤੇ ਚੁੱਕ ਤੇਰਾ ਰੰਗ ਦੇਖਣੈ,,,
https://barnalatoday.com/?p=8212
ਕਰੀਬ ਇੱਕ ਮਹੀਨਾ ਲੰਬੀ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਨਾਮਜਦ ਦੋਸ਼ੀ ਥਾਣੇਦਾਰ ਖਿਲਾਫ ਕੇਸ ਦਰਜ਼ ਕਰਕੇ ਪੁਲਿਸ ਮੁਲਾਜਮ ਤੋਂ ਮੁਲਜਮ ਬਣਾ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਪੁਲਿਸ ਸੂਤਰਾਂ ਅਨੁਸਾਰ ਕੇਸ ਦਰਜ਼ ਕਰਨ ਤੋਂ ਪਹਿਲਾਂ ਏ.ਐਸ.ਆਈ. ਗੁਰਮੇਲ ਸਿੰਘ ਦੇ ਖਿਲਾਫ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ। ਹੁਣ ਏ.ਐਸ.ਆਈ. ਗੁਰਮੇਲ ਸਿੰਘ ਦੇ ਖਿਲਾਫ ਗੈਰ ਜਮਾਨਤੀ ਜੁਰਮ ਦੇ ਤਹਿਤ ਕੇਸ ਦਰਜ਼ ਹੋਣ ਤੋਂ ਬਾਅਦ ਉਸ ਦੇ ਸਿਰ ਤੇ ਗਿਰਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਵਰਣਨਯੋਗ ਹੈ ਕਿ ਔਰਤ ਤੇ ਹੋਏ ਇਸ ਅੱਤਿਆਚਾਰ ਦਾ ਮੁੱਦਾ, ਬਰਨਾਲਾ ਟੂਡੇ ਨੇ ਹੀ 5 ਅਕਤੂਬਰ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ। ਸ਼ਕਾਇਤ ਤੋਂ ਕਰੀਬ 2 ਹਫਤੇ ਬਾਅਦ ਹੀ ਫਾਇਲਾਂ ‘ਚ ਦਬੀ ਪਈ ਸ਼ਕਾਇਤ ਤੋਂ ਧੂੜ ਝੜੀ ਸੀ।
ਕਦੋਂ ਕੀ ਹੋਇਆ,,
ਦਵਾਈਆਂ ਦੀ ਕੰਪਨੀ ਵਿੱਚ ਕੰਮ ਕਰਦੀ ਪੀੜਤ ਔਰਤ ਨੇ 22 ਸਤੰਬਰ ਨੂੰ ਐਸ.ਐਸ.ਪੀ. ਸੰਦੀਪ ਗੋਇਲ ਦੇ ਨਾਮ ਪਰ ਦਿੱਤੀ ਸ਼ਕਾਇਤ ਵਿੱਚ ਲਿਖਿਆ ਸੀ ਕਿ ਕੁੱਝ ਸਮਾਂ ਪਹਿਲਾਂ ਉਸ ਨੇ ਦੋ ਔਰਤਾਂ ਖਿਲਾਫ ਇੱਕ ਦੁਰਖਾਸਤ ਥਾਣਾ ਧਨੌਲਾ ਵਿਖੇ ਦਿੱਤੀ ਸੀ। ਜਦੋਂ ਉਹ ਆਪਣੀ ਸ਼ਕਾਇਤ ਦੇ ਸਬੰਧ ‘ਚ ਥਾਣੇ ਪਹੁੰਚੀ ਤਾਂ ਉੱਥੇ ਮੌਜੂਦ ਏ.ਐਸ.ਆਈ. ਗੁਰਮੇਲ ਸਿੰਘ ਆਰਮੋਰ ਨੇ ਉਸ ਨਾਲ ਲੋੜੋਂ ਵੱਧ ਹਮਦਰਦੀ ਜਤਾਉਂਦਿਆਂ ਉਸ ਦੇ ਝਗੜੇ ਵਿੱਚ , ਉਸ ਨੂੰ ਗਾਈਡ ਕਰਨ ਦਾ ਭਰੋਸਾ ਦਿੱਤਾ ਅਤੇ ਕੇਸ ਲਈ ਗਾਈਡ ਕਰਨ ਦੇ ਬਹਾਨੇ ਉਸ ਨੂੰ ਦੀਪਕ ਢਾਬਾ ਧਨੌਲਾ ਅਤੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਮਿਲਣ ਲਈ ਬੁਲਾਇਆ। ਜਿੱਥੇ ਗੁਰਮੇਲ ਸਿੰਘ ਨੇ ਉਸ ਨਾਲ ਛੇੜਛਾੜ ਕੀਤੀ ਅਤੇ ਬੁਰੀ ਨੀਯਤ ਨਾਲ ਉਸ ਦੇ ਮੂੰਹ ਅਤੇ ਬਦਨ ਨੂੰ ਵੀ ਛੋਹਿਆ।
ਪੀੜਤਾ ਅਨੁਸਾਰ ਦੋਸ਼ੀ ਨੇ ਉਸ ਨੂੰ ਸੈਕਸੁਅਲ ਸਬੰਧ ਬਣਾਉਣ ਲਈ ਵੀ ਕਈ ਵਾਰ ਕਿਹਾ। ਪਰੰਤੂ ਉਸ ਦੇ ਹਰ ਵਾਰ ਮਨਾਂ ਕਰਨ ਤੇ ਵੀ ਗੁਰਮੇਲ ਸਿੰਘ ਆਪਣੀਆਂ ਗੰਦੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ। ਜਿਸ ਸਬੰਧੀ ਆਡੀਉ ਰਿਕਾਰਡਿੰਗ ਵੀ ਸਬੂਤ ਦੇ ਤੌਰ ਤੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਪੇਸ਼ ਕਰ ਦਿੱਤੀ ਗਈ। ਥਾਣੇਦਾਰ ਗੁਰਮੇਲ ਸਿੰਘ ਦੇ ਖਿਲਾਫ ਦਿੱਤੀ ਸ਼ਕਾਇਤ ਦੀ ਪੜਤਾਲ ਐਸ.ਪੀ.ਐਚ ਨੂੰ ਸੌਪੀ ਗਈ। ਐਸ.ਐਚ.ਉ ਧਨੌਲਾ ਕੁਲਦੀਪ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਪੁਲਿਸ ਨੇ ਨਾਮਜ਼ਦ ਦੋਸ਼ੀ ਥਾਣੇਦਾਰ ਗੁਰਮੇਲ ਸਿੰਘ ਨਿਵਾਸੀ ਧਨੌਲਾ ਦੇ ਖਿਲਾਫ ਅਧੀਨ ਜੁਰਮ 354/354 A ਆਈ.ਪੀ.ਸੀ. ਦੇ ਤਹਿਤ ਥਾਣਾ ਧਨੌਲਾ ਵਿਖੇ ਮੁਕੱਦਮਾਂ ਨੰਬਰ 152 ਦਰਜ਼ ਕਰਕੇ ਤਫਤੀਸ਼ ਏ.ਐਸ.ਆਈ. ਸੁਰਿੰਦਰ ਸਿੰਘ ਨੂੰ ਦੇ ਦਿੱਤੀ ਹੈ। ਉਨਾਂ ਦੱਸਿਆ ਕਿ ਦੋਸ਼ੀ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਏ.ਐਸ.ਆਈ. ਖਿਲਾਫ ਦਰਜ਼ ਜੁਰਮ ਗੈਰ ਜਮਾਨਤੀ ਹੈ, ਜਿਸ ਕਾਰਣ ਹੁਣ ਉਸ ਦੇ ਸਿਰ ਦੇ ਗਿਰਫਤਾਰੀ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ।