ਦਵਿੰਦਰ ਗਰਗ ਨੇ ਲਾਇਸੰਸੀ ਰਿਵਾਲਵਰ ਨਾਲ ਲਈ ਆਪਣੀ ਤੇ ਪਰਿਵਾਰ ਦੇ 3 ਹੋਰ ਜੀਆਂ ਦੀ ਜਾਨ
ਅਸ਼ੋਕ ਵਰਮਾ ਬਠਿੰਡਾ 22 ਅਕਤੂਬਰ 2020
ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਆਏ ਸ਼ਹਿਰ ਦੇ ਵਪਾਰੀ ਦਵਿੰਦਰ ਗਰਗ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਆਪਣੇ 2 ਮਾਸੂਮ ਬੱਚਿਆਂ ਅਤੇ ਪਤਨੀ ਨੂੰ ਗੋਲੀਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਦੇ ਤਿੰਨੋਂ ਜੀਆਂ ਦੀ ਹੱਤਿਆ ਤੋਂ ਬਾਅਦ ਦਵਿੰਦਰ ਗਰਗ ਨੇ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਬੇਹੱਦ ਖੌਫਨਾਕ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਵਪਾਰੀ ਦੇ ਘਰੋਂ ਮਿਲੇ ਸੋਸਾਈਡ ਨੋਟ ਦੇ ਅਧਾਰ ਤੇ ਵਪਾਰੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੇ 9 ਨਾਮਜ਼ਦ ਦੋਸ਼ੀਆਂ ਦੇ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ । ਇਹ ਘਟਨਾ ਦੀ ਖਬਰ ਸੋਸ਼ਲ ਮੀਡੀਆ ਦੇ ਜੰਗਲ ਦੀ ਅੱਗ ਵਾਂਗ ਫੈਲ ਗਈ। ਸਬੰਧਿਤ ਥਾਣੇ ਦੀ ਪੁਲਿਸ ਨੇ ਚਾਰ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਸੰਭਾਲ ਕੇ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਗਰੀਨ ਸਿਟੀ ਕਲੋਨੀ ‘ਚ ਰਹਿਣ ਵਾਲੇ ਮ੍ਰਿਤਕ ਵਪਾਰੀ ਦੀ ਪਹਿਚਾਣ ਦਵਿੰਦਰ ਗਰਗ (41), ਉਸ ਦੀ ਪਤਨੀ ਮੀਨਾ ਗਰਗ (38) ਅਤੇ ਉਨ੍ਹਾਂ ਦੇ ਬੱਚੇ ਆਰੂਸ਼ ਗਰਗ (14) ਅਤੇ ਮੁਸਕਾਨ ਗਰਗ (10) ਵਜੋਂ ਹੋਈ ਹੈ। ਮ੍ਰਿਤਕ ਦਵਿੰਦਰ ਗਰਗ ਵੱਲੋਂ ਪਿਸਤੌਲ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ । ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੁੱਝ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣ ਦਾ ਵੀ ਪਤਾ ਲੱਗਿਆ ਹੈ। ਪਰੰਤੂ ਇਸ ਦੀ ਪੁਸ਼ਟੀ ਹਾਲੇ ਕਿਸੇ ਅਧਿਕਾਰੀ ਨੇ ਅਧਿਕਾਰਿਤ ਤੌਰ ਤੇ ਨਹੀਂ ਕੀਤੀ।
ਗੋਲ਼ੀਆਂ ਚੱਲਣ ਦੀ ਆਵਾਜ਼ ਸੁਣ ਕੇ ਗੁਆਂਢੀ ਮੌਕੇ ‘ਤੇ ਪੁੱਜੇ ਤਾਂ ਕਮਰੇ ਵਿਚ ਖੂਨ ਹੀ ਖੂਨ ਵਗ ਰਿਹਾ ਸੀ। ਪੁਲਿਸ ਟੀਮ ਨੇ ਦਵਿੰਦਰ ਗਰਗ ਵੱਲੋਂ ਲਿਖ਼ਿਆ ‘ਖ਼ੁਦਕੁਸ਼ੀ ਨੋਟ’ ਵੀ ਮੌਕੇ ਤੋਂ ਬਰਾਮਦ ਕੀਤਾ ਹੈ। ਮ੍ਰਿਤਕ ਦਵਿੰਦਰ ਗਰਗ ਆਨ ਲਾਈਨ ਟ੍ਰੇਡਿੰਗ ਦਾ ਕੰਮ ਕਰਦਾ ਸੀ ਕਾਫੀ ਸਮਾਂ ਪਹਿਲਾਂ ਉਹ ਚਿੱਟ ਫ਼ੰਡ ਕੰਪਨੀ ਵਿੱਚ ਪੈਸਾ ਵੀ ਲਾਉਂਦਾ ਰਿਹਾ ਸੀ ।
ਵਪਾਰਿਕ ਘਰਾਣਿਆਂ ‘ਚ ਉਸਦੀ ਇੱਕ ਚੰਗੇ ਵਪਾਰੀ ਵਜੋਂ ਸ਼ਾਖ ਬਣੀ ਹੋਈ ਸੀ । ਪਰ ਕੁੱਝ ਸਮਾਂ ਪਹਿਲਾਂ ਵਪਾਰ ਵਿੱਚ ਘਾਟਾ ਪਿਆ ਤਾਂ ਉਸ ਨੂੰ ਆਪਣਾ ਜੱਦੀ ਘਰ ਵੀ ਵੇਚਣਾ ਪੈ ਗਿਆ । ਹੁਣ ਉਹ ਆਪਣੇ ਪਰਿਵਾਰ ਸਮੇਤ ਗਰੀਨ ਸਿਟੀ, ਫੇਜ਼-2 ਦੀ ਕੋਠੀ ਨੰਬਰ 284 ਵਿੱਚ ਕਿਰਾਏ ਦੇ ਮਕਾਨ ‘ਚ ਉੱਪਰਲੀ ਮੰਜ਼ਿਲ ‘ਤੇ ਰਹਿੰਦਾ ਸੀ।
ਵਾਰਦਾਤ ਦਾ ਪਤਾ ਲੱਗਦਿਆਂ ਹੀ ਮੌਕੇ ‘ਤੇ ਪੁੱਜੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਦਵਿੰਦਰ ਗਰਗ ਆਨ ਲਾਈਨ ਟ੍ਰੇਡਿੰਗ ਦਾ ਕੰਮ ਕਰਦਾ ਸੀ । ਉਨ੍ਹਾਂ ਉਸ ਕੋਲੋਂ ਅੱਠ ਪੰਨਿਆਂ ਦਾ ਖ਼ੁਦਕੁਸ਼ੀ ਨੋਟ ਮਿਲਣ ਬਾਰੇ ਦੱਸਦਿਆਂ ਕਿਹਾ ਕਿ ਇਸ ਵਿਚ ਮ੍ਰਿਤਕ ਨੂੰ ਤੰਗ ਕਰਨ ਵਾਲੇ 9 ਵਿਅਕਤੀਆਂ ਦੇ ਨਾਂਅ ਹਨ ਜਿੰਨ੍ਹਾਂ ‘ਚੋਂ ਇਕ ਵਿਅਕਤੀ ਦਿੱਲੀ ਦਾ, ਕੁੱਝ ਬਠਿੰਡਾ ਜ਼ਿਲ੍ਹੇ ਦੇ ਅਤੇ ਕੁਝ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਿਤ ਹਨ। ਐਸਐਸਪੀ ਨੇ ਕਿਹਾ ਕਿ ਮ੍ਰਿਤਕ ਦੇ ਫ਼ੋਨ ਦੀ ਮਦਦ ਨਾਲ ਦੋਸ਼ੀਆਂ ਦਾ ਟਿਕਾਣਾ ਲੱਭਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਘਟਨਾ ਦੇ ਸਬੰਧ ‘ਚ ਮੁਲਜ਼ਮਾਂ ਖ਼ਿਲਾਫ਼ ਧਾਰਾ 306 ਆਈਪੀਸੀ ਤਹਿਤ ਅਤੇ ਮ੍ਰਿਤਕ ਦਵਿੰਦਰ ਕੁਮਾਰ ਵਿਰੁੱਧ ਵੀ ਧਾਰਾ 302 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਸ਼ਹਿਰ ‘ਚ ਸੋਗ ਦੀ ਲਹਿਰ ਦੌੜ ਗਈ। ਜ਼ਿਲ੍ਹੇ ‘ਚ ਇੱਕੋ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਆਤਮ ਹੱਤਿਆ ਦਾ ਥੋੜ੍ਹੇ ਦਿਨਾਂ ‘ਚ ਹੀ ਇਹ ਦੂਜਾ ਵੱਡਾ ਮਾਮਲਾ ਹੈ ਇਸ ਤੋਂ ਪਹਿਲਾਂ ਪਿੰਡ ਹਮੀਰਗੜ੍ਹ ਵਿਖੇ ਇੱਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਨੂੰ ਫਾਹਾ ਦੇਣ ਮਗਰੋਂ ਖੁਦ ਵੀ ਖੁਦਕੁਸ਼ੀ ਕਰ ਲਈ ਸੀ।