ਮੋਦੀ ਹਕੂਮਤ ਖਿਲ਼ਾਫ 22 ਵੇਂ ਦਿਨ ਵੀ ਗੂੰਜਦੇ ਰਹੇ ਨਾਅਰੇ
ਹਰਿੰਦਰ ਨਿੱਕਾ/ਰਘਵੀਰ ਹੈਪੀ , ਬਰਨਾਲਾ 22 ਅਕਤੂਬਰ 2020
ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਉਲੀਕਿਆ ਗਿਆ ਸਾਂਝਾ ਸੰੰਘਰਸ਼ ਅੱਜ 22 ਵੇਂ ਦਿਨ ਵਿੱਚ ਦਾਖਲ ਹੋ ਗਿਆ । ਕੱਲ੍ਹ ਕਿਸਾਨ ਜਥੇਬੰਦੀਆਂ ਵੱਲੋਂ ਲਏ ਫੈਸਲੇ ਅਨੁਸਾਰ ਮਾਲ ਗੱਡੀਆਂ ਦੇ ਲੰਘਣ ਲਈ ਰੇਲਵੇ ਟਰੈਕ ਖਾਲੀ ਕਰਦਿਆਂ ਰੇਲਵੇ ਸਟੇਸ਼ਨ ਬਰਨਾਲਾ ਉੱਪਰ ਕਬਜਾ ਜਮਾ ਲਿਆ। ਰਿਲਾਇੰਸ ਪਟਰੋਲ ਪੰਪ, ਮਹਿਲਕਲਾਂ ਟੋਲ ਪਲਾਜਾ, ਰਿਲਾਇੰਸ ਅਤੇ ਡੀ ਮਾਰਟ ਮਾਲ ਅੱਗੇ ਸੈਂਕੜੇ ਕਿਸਾਨਾਂ ਦੀ ਰੋਹਲੀ ਗਰਜ ਹੋਰ ਵਧੇਰੇ ਜੋਸ਼ ਨਾਲ ਸੁਣਾਈ ਦਿੰਦੀ ਰਹੀ।
ਇਹਨਾਂ ਥਾਵਾਂ ਉੱਪਰ ਵਿਸ਼ਾਲ ਕਿਸਾਨ ਮਰਦ-ਔਰਤਾਂ ਦੇ ਇੱਕੱਠਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਗੁਰਦੇਵ ਸਿੰਘ ਮਾਂਗੇਵਾਲ , ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ, ਸਿੱਧੂਪੁਰ ਦੇ ਜਸਪਾਲ ਸਿੰਘ ਕਲਾਲਮਾਜਰਾ, ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲਕਲਾਂ, ਕ੍ਰਾਂਤੀਕਾਰੀ ਦੇ ਪਵਿੱਤਰ ਸਿੰਘ ਲਾਲੀ, ਜੈ ਕਿਸਾਨ ਦੇ ਗੁਰਬਖਸ਼ ਸਿੰਘ ਬਰਨਾਲਾ, ਕੁਲ ਹਿੰਦ ਕਿਸਾਨ ਸਭਾ ਦੇ(ਸਾਂਬਰ) ਉਜਾਗਰ ਸਿੰਘ ਬੀਹਲਾ, ਪੰਜਾਬ ਕਿਸਾਨ ਸਭਾ ਦੇ ਨਿਰੰਜਣ ਸਿੰਘ , ਬੀਕੇਯੂ ਏਕਤਾ ਡਕੌਂਦਾ ਦੀਆਂ ਔਰਤ ਕਿਸਾਨ ਆਗੂਆਂ ਅਮਰਜੀਤ ਕੌਰ, ਪਰਮਜੀਤ ਕੌਰ ਜੋਧਪੁਰ ਨੇ ਕਿਹਾ ਕਿ ਭਾਵੇਂ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਕੇੰਦਰੀ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਮੰਡੀ ਕਾਨੂੰਨ, ਠੇਕਾ ਕਾਨੂੰਨ,ਜਰੂਰੀ ਵਸਤਾਂ ਸੋਧ ਕਾਨੂੰਨ ਰੱਦ ਕਰ ਦਿੱਤੇ ਹਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਮਤਾ ਪਾਸ ਕੀਤਾ ਹੈ। ਪਰ ਨਵੇਂ ਪਾਸ ਕੀਤੇ ਬਿਲਾਂ ਵਿੱਚ ਸਿਰਫ ਕਣਕ ਤੇ ਝੌਨਾ ਦੋ ਫਸਲਾਂ ਦੀ ਘੱਟੋ ਘੱਟ ਸਮਰਥਨ ਮੁਲ ਤੇ ਖ੍ਰੀਦ ਯਕੀਨੀ ਬਨਾਉਣ ਦੀ ਗੱਲ ਕੀਤੀ ਗਈ ਹੈ ।
ਜਦ ਕਿ ਕਿਸਾਨਾਂ ਦੀ ਮੰਗ ਸੀ /ਹੈ ਕਿ ਸਾਰੀਆਂ 23 ਫਸਲਾਂ ਦੀ ਘੱਟੋ ਘੱਟ ਕੀਮਤ ਉੱਤੇ ਖ੍ਰੀਦ ਯਕੀਨੀ ਬਣਾਈ ਜਾਵੇ। ਪਰ ਇਹ ਬਿੱਲ ਰੱਦ ਕਰਨ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਵਾਰ ਸਾਂਝੇ ਤੋਰ‘ਤੇ ਆਉਣ ਲਈ ਵਿਸ਼ਾਲ ਸਾਂਝੇ ਸੰਘਰਸ਼ ਨੇ ਕੀਤਾ ਹੈ। ਕਿਸਾਨ ਸੰਘਰਸ਼ ਦੀ ਇਹ ਮੁੱਢਲੀ ਪਰ ਅਹਿਮ ਪ੍ਰਾਪਤੀ ਹੈ। ਇਸ ਨੂੰ ਜਿੱਤ ਦੇ ਅੰਜਾਮ ਤੱਕ ਪਹੁੰਚਾਉਣ ਲਈ ਲੰਬੇ ਵਿਸ਼ਾਲ ਸਾਂਝੇ ਸੰਘਰਸ਼ ਦੀ ਲੋੜ ਹੈ। ਜਿਸ ਲਈ ਕਿਸਾਨਾਂ ਵਾਸਤੇ ਅਵੇਸਲੇ ਹੋਣ ਦਾ ਸਮਾਂ ਨਹੀਂ । ਜਿਸ ਮੋਦੀ ਹਕੂਮਤ ਨੇ ਇਹ ਤਿੰਨੇ ਕਿਸਾਨ ਵਿਰੋਧੀ ਬਿੱਲ ਵੱਡੀ ਲੋਕ/ਕਿਸਾਨ ਸੰਘਰਸ਼ ਨੂੰ ਟਿੱਚ ਜਾਣਦਿਆਂ ਰਾਜ ਸਭਾ ਅੰਦਰ ਬੇਸ਼ਰਮੀ ਭਰੇ ਆਪੇ ਬਣਾਏ ਜਮਹੂਰੀਆਂ ਦੇ ਸਭ ਹੱਦਾਂ ਬੰਨ੍ਹੇ ਪਾਰ ਕਰਦਿਆਂ ਪਾਸ ਕੀਤੇ ਹਨ। ਪੰਜਾਬ ਵਿਧਾਨ ਸਭਾ ਵੱਲੋਂ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਕੇ ਪਾਸ ਕੀਤੇ ਇਨ੍ਹਾਂ ਬਿੱਲਾਂ ਨੂੰ ਰਾਸ਼ਟਰਪਤੀ ਵੱਲੋਂ ਮਨਜੂਰੀ ਦੇਣ ਤੱਕ ਦਾ ਰਾਹ ਵਿੱਚ ਬੜੇ ਰੋੜੇ ਆਉਣੇ ਹਨ।
ਪਰ ਪੰਜਾਬ ਦੇ ਲੋਕਾਂ ਨੇ ਜਿਸ ਢੰਗ ਨਾਲ ਇੱਕਜੁੱਟ ਹੋਕੇ ਜੋ ਸੰਘਰਸ਼ ਪ੍ਰਤੀ ਇੱਕਜੁੱਟਤਾ ਵਿਖਾਈ ਹੈ, ਇਹ ਅਸੰਭਵ ਵੀ ਨਹੀਂ ਹੈ। ਆਗੂਆਂ ਕਿਹਾ ਕਿ ਇਹ ਸੰਘਰਸ਼ ਦਾ ਰੂਪ ਬਦਲਿਆ ਹੈ, ਪਰ ਦਮ ਰੱਖਕੇ ਲੰਬਾ ਚੱਲਣ ਵਾਲੇ ਸੰਘਰਸ਼ ਦੀ ਤਿਆਰੀ ਕਰ ਲਈ ਗਈ ਹੈ। 5 ਨਵੰਬਰ ਤੱਕ ਰੇਲਵੇ ਸਟੇਸ਼ਨਾਂ, ਰਿਲਾਇੰਸ ਮਾਲਾਂ, ਪਟਰੋਲ ਪੰਪਾਂ, ਟੋਲ ਪਲਾਜਿਆਂ ਅੱਗੇ ਚੱਲ ਰਿਹਾ ਸੰਘਰਸ਼ ੳੇੁਸੇ ਤਰ੍ਹਾਂ ਹੋਰ ਵਧੇਰੇ ਜੋਸ਼ ਨਾਲ ਜਾਰੀ ਰਹੇਗਾ।
ਅੱਜ ਵੀ ਵੱਡੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਸੈਂਕੜਿਆਂ ਦੇ ਰੂਪ‘ਚ ਕਾਫਲੇ ਪੂਰੇ ਜੋਸ਼ ਨਾਲ ਸ਼ਾਮਿਲ ਹੋਏ। ਹੁਣ ਖੇਤੀ ਵਿਰੋਧੀ ਬਿਲਾਂ ਖਿਾਲਫ ਇਹ ਸੰਘਰਸ਼ ਮੁਲਕ ਦੇ ਵੱਡੇ ਹਿੱਸੇ ਵਿੱਚ ਫੈਲ ਚੁੱਕਾ ਹੈ। ਮੁਲਕ ਦੀਆਂ 250 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਵੀ ਮੋਦੀ ਹਕੂਮਤ ਦੇ ਵੱਡੇ ਹੱਲੇ ਖਿਲਾਫ ਇੱਕਜੁਟ ਹੋਕੇ ਸਾਂਝਾ ਸੰਘਰਸ਼ ਲਾਮਬੰਦ ਕਰਨ ਲਈ ਨੇੜਤਾ ਵੱਲ ਗੰਭੀਰਤਾ ਨਾਲ ਹੱਥ ਅੱਗੇ ਵਧਾ ਰਹੀਆਂ ਹਨ। ਵੱਖੋ-ਵੱਖ ਥਾਵਾਂ ਉੱਪਰ ਆਗੂਆਂ ਅਮਰਜੀਤ ਕੁੱਕੂ, ਵਰਿੰਦਰ ਸਿੰਘ ,ਜਗਰਾਜ ਹਰਦਾਸਪੁਰਾ, ਭੋਲਾ ਸੰਘ ਛੰਨਾਂ, ਪਰÇੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਕਰਨੈਲ ਸਿੰਘ ਗਾਂਧੀ, ਗੁਰਮੇਲ ਸ਼ਰਮਾ ਸ਼ਹਿਣਾ, ਰਜਿੰਦਰ ਭਦੌੜ, ਗੁਰਪ੍ਰੀਤ ਗੋਪੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।