28 ਅਕਤੂਬਰ ਤੱਕ ਸੇਵਾ ਕੇਂਦਰਾਂ ਵਿੱਚ ਕੀਤਾ ਜਾ ਸਕਦਾ ਹੈ ਅਪਲਾਈ
ਸਿਰਫ ਲਾਇਸੰਸ ਧਾਰਕ ਹੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਤੇ ਕਰ ਸਕਣਗੇ ਪਟਾਖਿਆਂ ਦੀ ਵਿਕਰੀ- ਵਧੀਕ ਜ਼ਿਲ੍ਹਾ ਮੈਜਿਸਟਰੇਟ
ਬਿੱਟੂ ਜਲਾਲਾਬਾਦੀ , ਫ਼ਿਰੋਜ਼ਪੁਰ 22 ਅਕਤੂਬਰ 2020
ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜਦੀਪ ਕੌਰ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਜ਼ਿਲ੍ਹੇ ਵਿਚ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜੀ ਲਾਇਸੰਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਖਿਆਂ ਦੀ ਖਰੀਦੋ-ਫਰੋਖਤ ਲਈ ਆਰਜੀ ਲਾਇਸੰਸ ਲੈਣਾ ਹੈ ਉਹ ਹੁਣ ਮਿਤੀ 28 ਅਕਤੂਬਰ ਤੱਕ ਆਪਣੇ ਨਜਦੀਕੀ ਸੇਵਾ ਕੇਂਦਰ ਵਿੱਚ ਵੀ ਫਾਰਮ ਭਰ ਕੇ ਅਪਲਾਈ ਕਰ ਸਕਦੇ ਹਨ।
ਵਧੀਕ ਜ਼ਿਲ੍ਹਾ ਮੈਜਿਸਟੇਟ ਨੇ ਦੱਸਿਆ ਕਿ ਪਟਾਖਿਆਂ ਲਈ ਆਰਜੀ ਲਾਇਸੰਸ ਲੈਣ ਲਈ ਆਪਣੇ ਨਜਦੀਕੀ ਸੇਵਾ ਕੇਂਦਰਾਂ ਵਿਚ ਫਾਰਮ ਭਰ ਕੇ ਅਤੇ ਲੋੜੀਂਦੇ ਦਸਤਾਵੇਜ ਨਾਲ ਲਗਾ ਕੇ ਸੇਵਾ ਕੇਂਦਰ ਵਿੱਚ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ www.punjab.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਫਾਰਮ ਭਰਨ ਤੋਂ ਬਾਅਦ ਸੇਵਾ ਕੇਂਦਰ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਫਾਰਮਾਂ/ਅਰਜੀਆਂ ਵਿਚੋਂ ਲੱਕੀ ਡਰਾਅ ਰਾਹੀਂ ਆਰਜੀ ਲਾਇਸੰਸ ਦਿੱਤਾ ਜਾਵੇਗਾ ਤੇ ਜਿਸ ਵਿਅਕਤੀ ਦਾ ਲਾਇਸੰਸ ਬਣੇਗਾ ਸਿਰਫ ਉਹੀ ਵਿਅਕਤੀ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਕੀਤੀਆਂ ਥਾਵਾਂ ਤੇ ਪਟਾਖਿਆਂ ਦੀ ਖ਼ਰੀਦੋ-ਫ਼ਰੋਖ਼ਤ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇੰਨ੍ਹਾਂ ਨਿਰਧਾਰਿਤ ਕੀਤੇ ਸਥਾਨਾਂ ਤੋਂ ਇਲਾਵਾ ਕਿਸੇ ਹੋਰ ਸਥਾਨ ਤੇ ਪਟਾਖੇ ਵੇਚਣ ‘ਤੇ ਪੂਰਨ ਪਾਬੰਦੀ ਹੋਵੇਗੀ।