ਲੁਟੇਰਿਆਂ ਨੇ ਬਾਲੀਵੁੱਡ ਫਿਲਮ “ਸਪੈਸ਼ਲ 26” ਤੋਂ ਲਿਆ ਲੁੱਟ ਦਾ ਆਈਡਿਆ, ਐਮ.ਐਲ.ਏ. ਦੀ ਚੋਣ ਵੀ ਲੜ੍ਹ ਚੁੱਕਿਐ ਦੋਸ਼ੀ ਸੇਵਾ ਰਾਮ
ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ,ਤਫਤੀਸ਼ ਜਾਰੀ ,5 ਹੋਰ ਦੋਸ਼ੀ ਵੀ ਨਾਮਜ਼ਦ
ਹਰਿੰਦਰ ਨਿੱਕਾ , ਸੰਗਰੂਰ 20 ਅਕਤੂਬਰ 2020
ਇੰਨਕਮ ਟੈਕਸ ਵਿਭਾਗ ਦੇ ਨਕਲੀ ਅਧਿਕਾਰੀ ਬਣ ਕੇ ਪੰਜ ਦਿਨ ਪਹਿਲਾਂ ਭਵਾਨੀਗੜ੍ਹ ਸ਼ਹਿਰ ਦੀ ਢੋਢਿਆਂ ਪੱਤੀ ਦੇ ਰਹਿਣ ਵਾਲੇ ਵਪਾਰੀ ਕ੍ਰਿਸ਼ਨ ਕੋਹਲੀ ਦੇ ਘਰੋਂ ਲੱਖਾਂ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣੇ ਲੁੱਟਣ ਵਾਲੇ 4 ਲੁਟੇਰਿਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਜਦੋਂ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਦੇ 5 ਹੋਰ ਮੈਂਬਰਾਂ ਨੂੰ ਵੀ ਪੁਲਿਸ ਨੇ ਦੋਸ਼ੀ ਨਾਮਜ਼ਦ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਇਹ ਜਾਣਕਾਰੀ ਐਸ.ਐਸ.ਪੀ. ਵਿਵੇਕਸ਼ੀਲ਼ ਸੋਨੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦਿੱਤੀ।
ਵਾਰਦਾਤ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨੇ ਦੱਸਿਆ ਕਿ 16-10-2020 ਨੂੰ 06/07 ਅਣਪਛਾਤੇ ਵਿਅਕਤੀ ਇਨੋਵਾ ਕਾਰ ਜਾਅਲੀ ਨੰਬਰ CH-01-BW-6633 ਵਿੱਚ ਸਵਾਰ ਹੋ ਕੇ ਸ਼੍ਰੀ ਕ੍ਰਿਸਨ ਕੋਹਲੀ ਪੁੱਤਰ ਰਾਮ ਸਰੂਪ ਕੋਹਲੀ ਵਾਸੀ ਢੋਡਿਆਂ ਪੱਤੀ ਭਵਾਨੀਗੜ੍ਹ ਦੇ ਘਰ ਵਕਤ ਕਰੀਬ 06 ਵਜੇ ਸਵੇਰੇ, ਆਪਣੇ ਆਪ ਨੂੰ ਇੰਨਕਮ ਟੈਕਸ ਵਿਭਾਗ ਦੇ ਅਧਿਕਾਰੀ ਅਤੇ ਵਰਦੀਧਾਰੀ / ਅਸਲਾਧਾਰੀ ਪੁਲਿਸ ਮੁਲਾਜਮ ਬਣ ਕੇ ਇੰਨਕਮ ਟੈਕਸ ਵਿਭਾਗ ਦੀ ਰੇਡ ਦਾ ਨਾਟਕ ਰਚ ਕੇ ਪਹੁੰਚੇ। ਦੋਸ਼ੀ ਸ਼੍ਰੀ ਕ੍ਰਿਸ਼ਨ ਕੋਹਲੀ ਦੇ ਘਰ ਤੋਂ ਭਾਰੀ ਮਾਤਰਾ ਵਿੱਚ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 291 ਮਿਤੀ 16-10-2020 ਅ/ਧ 420, 171 ਹਿੰ:ਦੰ: ਥਾਣਾ ਭਵਾਨੀਗੜ੍ਹ ਦਰਜ ਰਜਿਸਟਰ ਕੀਤਾ ਗਿਆ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਸਨਸਨੀਖੇਜ ਵਾਰਦਾਤ ਨੂੰ ਟਰੇਸ ਲਈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਜਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਐਸ.ਪੀ.ਡੀ. ਸ੍ਰੀ ਹਰਪ੍ਰੀਤ ਸਿੰਘ ਸੰਧੂ ਅਤੇ ਸ੍ਰੀ ਸੁਖਰਾਜ ਸਿੰਘ ਡੀ.ਐਸ.ਪੀ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਸਤਨਾਮ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਭਵਾਨੀਗੜ੍ਹ ਦੀ ਟੀਮ ਵੱਲੋਂ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਸਬੰਧੀ ਸੋਰਸ ਕਾਇਮ ਕਰਕੇ ਸੇਵਾ ਰਾਮ ਪੁੱਤਰ ਸਿੰਗਾਰਾ ਰਾਮ ਵਾਸੀ ਬਡਬਰ ਜਿਲ੍ਹਾ ਬਰਨਾਲਾ ਹਾਲ ਵਾਸੀ ਰਾਮਪੁਰਾ ਬਸਤੀ ਸੰਗਰੂਰ, ਬਲਦੇਵ ਸਿੰਘ ਉਰਫ ਸੋਨੀ ਪੁੱਤਰ ਭੂਪ ਸਿੰਘ ਵਾਸੀ ਬਡਬਰ ਜਿਲ੍ਹਾ ਬਰਨਾਲਾ, ਮਨਦੀਪ ਸਿੰਘ ਪੁੱਤਰ ਪ੍ਰਸ਼ੋਤਮ ਸਿੰਘ ਵਾਸੀ ਘੱਗਾ ਜਿਲਾ ਪਟਿਆਲਾ, ਜਸਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਅਤਾਲਾਂ ਜਿਲਾ ਪਟਿਆਲਾ ਵਗੈਰਾ ਨੂੰ ਨਾਮਜਦ ਕੀਤਾ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਵਿੱਚ ਪੰਜ ਹੋਰ ਦੋਸ਼ੀ ਵੀ ਸ਼ਾਮਿਲ ਸਨ ।
ਐਸ.ਐਸ.ਪੀ. ਨੇ ਦੱਸਿਆ ਕਿ ਇੰਨਕਮ ਟੈਕਸ ਦੀ ਨਕਲੀ ਰੇਡ ਵਾਰਦਾਤ ਦਾ ਮਾਸਟਰ ਮਾਈਂਡ ਸੇਵਾ ਰਾਮ ਪੁੱਤਰ ਸਿੰਗਾਰਾ ਰਾਮ ਵਾਸੀ ਬਡਬਰ ਜਿਲ੍ਹਾ ਬਰਨਾਲਾ ਹਾਲ ਵਾਸੀ ਰਾਮਪੁਰਾ ਬਸਤੀ ਸੰਗਰੂਰ ਸੀ। ਇਸ ਤੋਂ ਇਲਾਵਾ ਮਨੋਜ ਕੁਮਾਰ ਉਰਫ ਬਿੱਟੂ ਪੁੱਤਰ ਹਰੀ ਚੰਦ ਵਾਸੀ ਜੋਗਿੰਦਰ ਨਗਰ, ਭਵਾਨੀਗੜ੍ਹ ਵਪਾਰੀ ਕ੍ਰਿਸਨ ਕੋਹਲੀ ਦਾ ਨਿੱਜੀ ਤੌਰ ਪਰ ਵਾਕਫ ਸੀ। ਜਿਸ ਨੇ ਕ੍ਰਿਸ਼ਨ ਕੋਹਲੀ ਦੇ ਘਰ ਕਾਫੀ ਮਾਤਰਾ ਵਿੱਚ ਸੋਨੇ-ਚਾਂਦੀ ਦੇ ਗਹਿਣੇ ਅਤੇ ਨਕਦੀ ਹੋਣ ਸਬੰਧੀ ਲੁਟੇਰਾ ਗਿਰੋਹ ਦੇ ਸਰਗਨੇ ਨੂੰ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਇਹ ਜਾਅਲੀ ਰੇਡ ਕਰਵਾਉਣ ਦੀ ਸਾਜਿਸ ਵਿੱਚ ਰਾਜਿੰਦਰ ਸਿੰਘ ਵਾਸੀ ਤਲਵੰਡੀ ਮਲਿਕ ਜਿਲ੍ਹਾ ਪਟਿਆਲਾ ਅਤੇ ਪ੍ਰਸ਼ੋਤਮ ਸਿੰਘ ਵਾਸੀ ਘੱਗਾ ਜਿਲ੍ਹਾ ਪਟਿਆਲਾ ਵੀ ਸ਼ਾਮਿਲ ਹਨ।
ਮੁਖਬਰੀ ਦੇ ਅਧਾਰ ਪਰ ਪੁਲਿਸ ਪਾਰਟੀ ਵੱਲੋਂ ਸੰਗਰੂਰ-ਭਵਾਨੀਗੜ੍ਹ ਮੇਨ ਰੋਡ, ਨੇੜੇ ਰੋਸ਼ਨਵਾਲਾ ਕੱਟ ਬਾ ਹੱਦ ਪਿੰਡ ਰੌਸ਼ਨਵਾਲਾ ਨਾਕਾ ਬੰਦੀ ਕਰਕੇ ਦੋਸੀ ਸੇਵਾ ਰਾਮ, ਮਨੋਜ ਕੁਮਾਰ ਉਰਫ ਬਿੱਟੂ, ਜਸਪਾਲ ਸਿੰਘ ਅਤੇ ਬਲਦੇਵ ਸਿੰਘ ਉਰਫ ਸੋਨੀ ਨੂੰ ਸਮੇਤ ਕਾਰ ਇਨੋਵਾ ਜਾਅਲੀ ਨੰਬਰ CH-01-BW-6633 ਅਤੇ ਕਾਰ ਮਾਰਕਾ ਬਰਿੰਜਾ ਨੰਬਰੀ PB-13-BE-0164 ਦੇ ਗ੍ਰਿਫਤਾਰ ਕੀਤਾ ਗਿਆ। ਗਿਰਫਤਾਰ ਦੋਸੀਆਂ ਪਾਸੋਂ ਲੁੱਟ ਦੇ ਮਾਲ ਵਿੱਚੋਂ 3 ਲੱਖ 80 ਹਜਾਰ ਰੁਪਏ ਦੀ ਨਗਦੀ, 272 ਗ੍ਰਾਮ ਅਸਲ ਸੋਨੇ ਦੇ ਗਹਿਣੇ, 06 ਕਿਲੋਗ੍ਰਾਮ ਚਾਂਦੀ ਅਤੇ ਇੱਕ ਰਿਵਾਲਵਰ 32 ਬੋਰ ਸਮੇਤ 22 ਰੌਂਦ ਬਰਾਮਦ ਕਰਵਾ ਕੇ ਮੁਕੱਦਮਾ ਉਕਤ ਵਿੱਚ ਜੁਰਮ 395, 342, 483, 120 ਬੀ ਹਿੰ:ਦੰ: 25, 27 ਅਸਲਾ ਐਕਟ ਦਾ ਵਾਧਾ ਕੀਤਾ ਗਿਆ।
ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਨਾਮਜਦ ਦੋਸ਼ੀ ਜਸਪਾਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਅਤਾਲਾਂ ਜਿਲਾ ਪਟਿਆਲਾ, ਸਾਹਿਲ ਸ਼ਰਮਾ ਵਾਸੀ ਸੁਨਾਮ, ਦੀਪ ਵਾਸੀ ਹੋਤੀਪੁਰ ਥਾਣਾ ਖਨੌਰੀ, ਰਾਜਿੰਦਰ ਸਿੰਘ ਵਾਸੀ ਤਲਵੰਡੀ ਮਲਿਕ ਜਿਲ੍ਹਾ ਪਟਿਆਲਾ ਅਤੇ ਪ੍ਰਸ਼ੋਤਮ ਸਿੰਘ ਵਾਸੀ ਘੱਗਾ ਜਿਲ੍ਹਾ ਪਟਿਆਲਾ ਦੀ ਗ੍ਰਿਫਤਾਰੀ ਸਬੰਧੀ ਵੱਖ ਵੱਖ ਪੁਲਿਸ ਪਾਰਟੀਆਂ ਵੱਲੋਂ ਦੋਸੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਾਲੀਵੁੱਡ ਫਿਲਮ “ਸਪੈਸ਼ਲ 26” ਤੋਂ ਲਿਆ ਲੁੱਟ ਦਾ ਆਈਡਿਆ
ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਨੇ ਦੱਸਿਆ ਗ੍ਰਿਫਤਾਰ ਕੀਤੇ ਦੋਸੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਕਤ ਜਾਅਲੀ ਇੰਨਕਮ ਟੈਕਸ ਦੀ ਰੇਡ ਕਰਨ ਦਾ ਆਈਡੀਆ ਉਨਾਂ , ਬਾਲੀਵੁੱਡ ਦੀ ਫਿਲਮ “ਸਪੈਸ਼ਲ 26” ਤੋਂ ਲਿਆ ਸੀ। ਲੁੱਟ ਦਾ ਇਹ ਪੂਰਾ ਮਾਸਟਰ ਪਲਾਨ ਗ੍ਰਿਫਤਾਰ ਕੀਤੇ ਮੁੱਖ ਦੋਸੀ ਸੇਵਾ ਰਾਮ ਨੇ ਕਰੀਬ 2-3 ਮਹੀਨੇ ਪਹਿਲਾਂ ਬਣਾਇਆ ਸੀ। ਇਸ ਤੋਂ ਬਾਅਦ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਉਕਤ ਹੋਰ ਵਿਅਕਤੀਆ ਨੂੰ ਆਪਣੀ ਸਾਜਿਸ ਵਿੱਚ ਸ਼ਾਮਿਲ ਕੀਤਾ ਸੀ।
ਐਮ.ਐਲ.ਏ. ਦੀ ਚੋਣ ਲੜ੍ਹ ਚੁੱਕਿਐ ਦੋਸ਼ੀ ਸੇਵਾ ਰਾਮ
ਐਸ.ਐਸ.ਪੀ. ਨੇ ਦੱਸਿਆ ਕਿ ਗਿਰੋਹ ਦਾ ਮਾਸਟਰ ਮਾਈਂਡ ਸੇਵਾ ਰਾਮ, ਵਿਧਾਨ ਸਭਾ ਚੋਣਾਂ ਸਾਲ 2017 ਵਿੱਚ ਵਿਧਾਨ ਸਭਾ ਹਲਕਾ ਸੁਤਰਾਣਾ ਤੋਂ ਅਜਾਦ ਉਮੀਦਵਾਦ ਦੇ ਤੌਰ ਤੇ ਐਮ.ਐਲ.ਏ. ਦੀ ਚੋਣ ਲੜ੍ਹ ਚੁੱਕਿਐ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸੀਆਂ ਦਾ ਮਾਣਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਿਲ ਕਰਕੇ ਵਾਰਦਾਤ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਨਾਂ ਦਾਵਾ ਕੀਤਾ ਕਿ ਦੋਸ਼ੀਆਂ ਦੀ ਪੁੱਛ ਪੜਤਾਲ ਤੋਂ ਹੋਰ ਵਾਰਦਾਤਾਂ ਸਬੰਧੀ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।