ਅੱਡੇ ਤੇ ਜਾਣ ਵਾਲਿਆਂ ਦੀ ਫਹਰਿਸ਼ਤ ਲੰਬੀ , ਰਾਜਸੀ ਨੇਤਾ , ਪੁਲਿਸ ਕਰਮਚਾਰੀਆਂ ਸਣੇ 90 ਨਾਮਾਂ ਦੀ ਸ਼ਹਿਰੀਆਂ ‘ਚ ਚਰਚਾ !
ਹਰਿੰਦਰ ਨਿੱਕਾ ਬਰਨਾਲਾ 21 ਸਤੰਬਰ 2020
ਸ਼ਹਿਰ ਦੇ ਪੱਤੀ ਰੋਡ ਖੇਤਰ ‘ਚ ਸਥਿਤ ਪਿਆਰਾ ਕਲੋਨੀ ਦੀ ਇੱਕ ਕੋਠੀ ਵਿੱਚੋਂ ਕੁਝ ਦਿਨ ਪਹਿਲਾਂ ਸਿਟੀ ਪੁਲਿਸ ਦੁਆਰਾ 2 ਪੁਰਸ਼ਾਂ ਸਣੇ ਗਿਰਫਤਾਰ ਕੀਤੀਆਂ 4 ਔਰਤਾਂ ‘ ਚੋਂ ਇੱਕ ਦੇ ਮੋਬਾਇਲ ਨੇ ਇਕੱਲਾ ਸ਼ਹਿਰ ਹੀ ਨਹੀਂ, ਇਲਾਕੇ ਦੇ ਨਕਾਬਪੋਸ਼ਾਂ ਅੰਦਰ ਆਪਣੀਆਂ ਲੁਕ ਲੁਕ ਕੇ ਕੀਤਆਂ ਕਰਤੂਤਾਂ ਦਾ ਭੇਦ ਖੁੱਲ੍ਹ ਜਾਣ ਦਾ ਸਹਿਮ ਬਣਿਆ ਹੋਇਆ ਹੈ। ਜਿਸਮਫਰੋਸ਼ੀ ਦੇ ਅੱਡੇ ਤੋਂ ਕਾਬੂ ਕੀਤੀਆਂ ਔਰਤਾਂ ਦੇ ਮੋਬਾਇਲ ਪੁਲਿਸ ਕੋਲ ਹੀ ਮੌਜੂਦ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਅੱਡਾ ਸੰਚਾਲਕਾ ਦੇ ਸੰਪਰਕ ਵਾਲੇ 90 ਦੇ ਕਰੀਬ ਲੋਕਾਂ ਦੇ ਕਨਟੈਕਟ ਨੰਬਰ ਉਸ ਦੇ ਮੋਬਾਇਲ ਵਿੱਚੋਂ ਟ੍ਰੇਸ ਹੋ ਚੁੱਕੇ ਹਨ। ਬਹੁਤਿਆਂ ਦੀ ਅੱਡਾ ਸੰਚਾਲਕਾ ਨਾਲ ਸੌਦੇ ਸਬੰਧੀ ਹੋਈ ਵਟਸਐਪ ਚੈਟ ਵੀ ਪੁਲਿਸ ਦੇ ਹੱਥ ਲੱਗ ਚੁੱਕੀ ਹੈ। ਭਿੰਦਰ ਕੌਰ ਦੇ ਮੋਬਾਇਲ ਵਿੱਚੋਂ ਮਿਲੇ ਸੰਪਰਕ ਨੰਬਰਾਂ ਨੇ ਜਿੱਥੇ , ਕਦੇ ਨਾ ਕਦੇ ਉਸ ਦੇ ਸੰਪਰਕ ਵਿੱਚ ਰਹੇ ਨਕਾਬਪੋਸ਼ਾਂ ਦਾ ਭੇਦ ਜੱਗ ਜਾਹਿਰ ਹੋਣ ਦਾ ਖਤਰਾ ਨਕਾਬਪੋਸ਼ਾਂ ਅੰਦਰ ਪੈਦਾ ਹੋ ਗਿਆ ਹੈ। ਉੱਥੇ ਹੀ ਕੁਝ ਪੁਲਿਸ ਵਾਲਿਆਂ ਦੇ ਦੋਵੇਂ ਹੱਥੀਂ ਲੱਡੂ ਆ ਗਏ ਹਨ ਜਾਂ ਇਹ ਕਹਿ ਲਉ ਕਿ ਪੁਲਿਸ ਦੀਆਂ ਪੰਜੇ ਉਂਗਲੀਆਂ ਘਿਉ ਵਿੱਚ ਹੋ ਗਈਆਂ ਹਨ । ਸੂਤਰ ਦੱਸਦੇ ਹਨ ਕਿ ਕੁਝ ਪੁਲਿਸ ਕਰਮਚਾਰੀ ਅੱਡੇ ਤੋਂ ਫੜ੍ਹੀਆਂ ਔਰਤਾਂ ਦੇ ਮੋਬਾਇਲਾਂ ਵਿੱਚੋਂ ਮਿਲੇ ਕੰਟੈਕਟ ਨੰਬਰ ਵਾਲਿਆਂ ਨੂੰ ਕੇਸ ਵਿੱਚ ਨਾਮਜਦ ਕਰਨ ਦਾ ਭੈਅ ਦਿਖਾ ਕੇ ਆਪਣੀਆਂ ਜੇਬਾਂ ਗਰਮ ਕਰਨ ਤੇ ਵੀ ਲੱਗੇ ਹੋਏ ਹਨ।
ਪੁਲਿਸ ਕਰਮਚਾਰੀਆਂ ਤੇ ਕੁੱਝ ਲੀਡਰਾਂ ਦਾ ਵੀ ਨਾ ਬੋਲਦੈ,, !
ਭਰੋਸੇਯੋਗ ਸੂਤਰਾਂ ਮੁਤਾਬਿਕ ਅੱਡਾ ਸੰਚਾਲਕਾ ਦੇ ਮੋਬਾਇਲ ਦੀ ਕਾਲ ਡਿਟੇਲ ਖੰਗਾਲਣ ਅਤੇ ਵਟਸਐਪ ਚੈਟਿੰਗ ਨਾਲ ਕਈ ਪੁਲਿਸ ਕਰਮਚਾਰੀਆਂ ਅਤੇ ਕੁਝ ਲੀਡਰਾਂ ਦੇ ਨਾਮ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆ ਗਏ ਹਨ। ਥਾਣਾ ਸਿਟੀ 1 ਅੰਦਰ ਹੀ ਡਿਊਟੀ ਤੇ ਤਾਇਨਾਤ ਇੱਕ ਏ.ਐਸ.ਆਈ. ਦੀ ਵੱਟਸਐਪ ਚੈਟ ਅਤੇ ਹੋਰ ਵੱਖ ਵੱਖ ਵਿਅਕਤੀਆਂ ਦੇ ਨਾਵਾਂ ਦੀ ਚਰਚਾ ਸ਼ਹਿਰੀਆਂ ਅੰਦਰ ਆਮ ਹੋ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਅੱਡਾ ਸੰਚਾਲਕਾ ਦੇ ਮੋਬਾਇਲ ਦੀ ਕਾਲ ਡਿਟੇਲ ਨੂੰ ਗਹਿਰਾਈ ਨਾਲ ਖੰਗਾਲਿਆ ਜਾਵੇ ਤਾਂ ਹੋਰ ਵੀ ਕਾਫੀ ਗੁੱਝੇ ਭੇਦ ਖੁੱਲ੍ਹ ਸਕਦੇ ਹਨ। ਪਰੰਤੂ ਪਤਾ ਇਹ ਵੀ ਲੱਗਿਆ ਹੈ ਕਿ ਕੁਝ ਰਸੂਖਦਾਰ ਲੋਕਾਂ ਦਾ ਜ਼ੋਰ ਜਿਸਮਫਰੋਸ਼ੀ ਦੇ ਅੱਡੇ ਦੀ ਤਫਤੀਸ਼ ਨੂੰ ਅੱਗੇ ਵਧਾਉਣ ਦੀ ਬਜਾਏ , ਬੱਸ ਗਿਰਫਤਾਰ ਕੀਤੇ 6 ਜਣਿਆਂ ਤੱਕ ਹੀ ਸੀਮਿਤ ਰੱਖਣ ਤੇ ਲੱਗਿਆ ਹੋਇਆ ਹੈ। ਤਾਂਕਿ ਤਫਤੀਸ਼ ਦੀਆਂ ਤੰਦਾਂ ਅੱਗੇ ਦੀ ਅੱਗੇ ਰਾਤਾਂ ਦੀਆਂ ਰੰਗੀਨੀਆਂ ‘ਚ ਮਸ਼ਰੂਫ ਰਹਿੰਦੇ ਅਯਾਸ਼ ਲੋਕਾਂ ਤੱਕ ਨਾ ਪਹੁੰਚ ਜਾਣ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਹਰ ਪੱਖ ਤੋਂ ਤਫਤੀਸ਼ ਜਾਰੀ ਹੈ। ਜਿਵੇਂ ਜਿਵੇਂ ਤਫਤੀਸ਼ ਅੱਗੇ ਵਧੇਗੀ, ਤਫਤੀਸ਼ ਦੌਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਦੇ ਅਗਲੀ ਕਾਨੂੰਨੀ ਕਾਰਵਾਈ ਵੀ ਹੋਵੇਗੀ। ਵਰਨਯੋਗ ਹੈ ਕਿ ਸਿਟੀ ਪੁਲਿਸ ਨੇ ਜਿਸਮਫਰੋਸ਼ੀ ਦੇ ਅੱਡੇ ਤੋਂ ਭਿੰਦਰ ਕੌਰ, ਮਨਦੀਪ ਕੌਰ ਚੁਹਾਣਕੇ,ਕਮਲਜੀਤ ਕੌਰ ਬਰਨਾਲਾ, ਸਿਮਰਜੀਤ ਕੌਰ ਹੰਡਿਆਇਆ ਅਤੇ ਦੋ ਗ੍ਰਾਹਕ ਅਵਤਾਰ ਸਿੰਘ ਖੁੱਡੀ ਰੋਡ ਬਰਨਾਲਾ ਅਤੇ ਚਮਕੌਰ ਸਿੰਘ ਭੋਤਨਾ ਨੂੰ ਗਿਰਫਤਾਰ ਕੀਤਾ ਗਿਆ ਸੀ। ਜਿਨ੍ਹਾਂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਸੀ।