ਲੋਕਾਂ ਨੂੰ ਸ਼ੋਸਲ ਮੀਡੀਆ ‘ਤੇ ਚੱਲ ਰਹੀਆਂ ਬੇਬੁਨਿਆਦ ਤੇ ਝੂਠੀਆਂ ਅਫਵਾਹਾਂ ਤੇ ਵਿਸ਼ਵਾਸ ਨਾ ਕਰਨ ਦੀ ਕੀਤੀ ਅਪੀਲ
ਕੋਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਕੜੇ ਕਦਮ ਚੁੱਕੇ ਜਾ ਰਹੇ ਹਨ
ਸਿਹਤ ਵਿਭਾਗ ਦੀਆਂ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਗਰੂਕਤਾ/ਟੈਸਟਿੰਗ ਟੀਮਾਂ ਦਾ ਸਹਿਯੋਗ ਕਰਨ ਦੀ ਅਪੀਲ
ਫੇਸਬੁੱਕ ਲਾਈਵ ਸੈਸ਼ਨ ਰਾਹੀਂ ਜ਼ਿਲ੍ਹਾ ਵਾਸੀਆਂ ਨਾਲ ਹੋਏ ਰੂ-ਬਰੂ
ਦਵਿੰਦਰ ਡੀ.ਕੇ. ਲੁਧਿਆਣਾ, 02 ਸਤੰਬਰ 2020
ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਲੁਧਿਆਣਾ ਦੇ ਅਧਿਕਾਰਤ ਪੇਜ ‘ਤੇ ਫੇਸਬੁੱਕ ਲਾਈਵ ਸੈਸ਼ਨ ਰਾਹੀਂ ਵਸਨੀਕਾਂ ਨਾਲ ਗੱਲਬਾਤ ਕੀਤੀ। ਉਨ੍ਹਾ ਕਿਹਾ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਕੋਵਿਡ-19 ਦੇ ਟੈਸਟ ਨਾ ਕਰਵਾਓ, ਟੈਸਟ ਕਰਵਾਉਣ ਨਾਲ ਫੜ੍ਹ ਕੇ ਲੈ ਜਾਣਗੇ ਆਦਿ ਸ਼ੋਸਲ ਮੀਡੀਆ ‘ਤੇ ਅਪਲੋਡ ਕਰਕੇ ਬੇਬੁਨਿਆਦ, ਕੋਰੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਸ਼ਹਿਰਾਂ ਅਤੇ ਪਿੰਡਾਂ ਵਿੱਚ ਕੋਵਿਡ-19 ਦੇ ਟੈਸਟ ਲਈ ਸੈਂਪਲ ਲੈਣ ਅਤੇ ਕੋਵਿਡ ਬਾਰੇ ਪ੍ਰਚਾਰ ਲਈ ਜਾਂਦੀਆਂ ਟੀਮਾਂ ਅਤੇ ਕੋਰੋਨਾ ਯੋਧਿਆਂ ਬਾਰੇ ਵੀ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ। ਜਿਸ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਦੇ ਟੈਸਟ ਕਰਵਾਉਣ ਲਈ ਬਿਲਕੁਲ ਵੀ ਗੁਰੇਜ਼ ਨਾ ਕਰਨ।
ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ, ਪੰਜਾਬ ਜਾਂ ਭਾਰਤ ਹੀ ਨਹੀਂ ਪੂਰਾ ਵਿਸ਼ਵ ਕੋਰੋਨਾ ਦੀ ਮਹਾਂਮਾਰੀ ਨਾਲ ਝੂਜ ਰਿਹਾ ਹੈ ਅਤੇ ਅਸੀਂ ਇੱਕ ਨਾਜੁਕ ਅਤੇ ਗੰਭੀਰ ਦੌਰ ਵਿਚੋ ਗੁਜਰ ਰਹੇ ਹਾਂ। ਅਮਰੀਕਾ ਵਰਗਾ ਵਿਸ਼ਵ ਸ਼ਕਤੀ ਕਹਿਲਾਉਣ ਵਾਲਾ ਦੇਸ਼ ਇਸ ਕੋਰੋਨਾ ਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸ ਵਾਇਰਸ ਨੂੰ ਕਾਬੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਆਪਕ ਤੇ ਕੜੇ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਤੋਂ ਇਲਾਵਾ ਲਗਭਗ ਸਾਰੇ ਵਿਭਾਗਾਂ ਦੀਆਂ ਡਿਊਟੀਆਂ ਨਿਸਚਿਤ ਕੀਤੀਆਂ ਗਈਆਂ ਹਨ, ਪਰ ਇਸ ਦੇ ਬਾਵਜੂਦ ਕੋਰੋਨਾ ਦਾ ਫੈਲਾਅ ਲਗਾਤਾਰ ਵੱਧ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿਚ ਵਿਸਵਾਸ਼ ਨਾ ਕਰਨ ਅਤੇ ਜੇਕਰ ਅਜਿਹੇ ਕਿਸੇ ਸ਼ਰਾਰਤੀ ਵਿਅਕਤੀ ਦਾ ਪਤਾ ਲੱਗਦਾ ਹੈ ਜੋ ਕੋਰੋਨਾ ਸਬੰਧੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਜਾਂ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਸਿਹਤ ਜਾਂ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤਾਂ ਜੋ ਇਨ੍ਹਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਨ੍ਹਾ ਕਿਹਾ ਕਿ ਜਿਵੇਂ ਕਿ ਅੱਜ ਤੱਕ ਕੋਰੋਨਾ ਸਬੰਧੀ ਕੋਈ ਵੈਕਸੀਨ ਨਹੀਂ ਆਈ ਅਤੇ ਸਾਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਕੇ ਹੀ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੂੰ ਕੀਤੇ ਗਏ ਸਵਾਲ ਕਿ ਕੋਰੋਨਾ ਦਾ ਇਲਾਜ਼ ਹੀ ਨਹੀਂ ਤਾਂ ਟੈਸਟ ਕਰਾਉਣ ਦਾ ਕੀ ਫਾਇਦਾ? ਸਬੰਧੀ ਸਪਸ਼ਟ ਕੀਤਾ ਕਿ ਮਰੀਜ਼ ਦੇ ਪੋਜ਼ਟਿਵ ਹੋਣ ਦੀ ਸੂਰਤ ਵਿੱਚ ਅਕਸਰ ਉਸ ਦਾ ਪੇਟ ਖਰਾਬ ਹੋ ਜਾਂਦਾ ਹੈ, ਬੁਖਾਰ ਹੋ ਜਾਂਦਾ ਹੈ, ਸਿਰਦਰਦ ਹੁੰਦਾ ਹੈ, ਅੱਖਾਂ ਲਾਲ ਹੋ ਜਾਂਦੀਆਂ ਹਨ, ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਇਨ੍ਹਾਂ ਬਿਮਾਰੀਆਂ ਨੂੰ ਕੰਟਰੋਲ ਕਰਨ ਲਈ ਦਵਾਈ ਦਿੱਤੀ ਜਾਂਦੀ ਹੈ। ਉਨ੍ਹਾ ਕਿਹਾ ਕਿ ਪਹਿਲਾਂ ਤੋਂ ਟੈਸਟ ਨਾ ਕਰਾਉਣ ਦੀ ਸੂਰਤ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਜਿਸ ਨਾਲ ਮਰੀਜ਼ ਨੂੰ ਤੰਦਰੁਸਤ ਕਰਨ ਵਿੱਚ ਡਾਕਟਰ ਵੀ ਅਸਮਰੱਥ ਹੋ ਜਾਂਦੇ ਹਨ।
ਇੱਕ ਹੋਰ ਸਵਾਲ ਕਿ ਸ਼ਾਮ ਸਮੇਂ, ਸ਼ਨੀਵਾਰ ਅਤੇ ਐਤਵਾਰ ਨੂੰ ਦੁਕਾਨਾਂ ਬੰਦ ਹੋਣ ਤੇ ਫੱਲ ਅਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗ ਜਾਂਦੀਆਂ ਹਨ ਸਬੰਧੀ ਕਿਹਾ ਕਿ ਇਹ ਜ਼ਰੂਰੀ ਵਸਤਾਂ ਦੀ ਕੈਟਾਗਰੀ ਵਿੱਚ ਸ਼ਾਮਲ ਹਨ। ਉਨ੍ਹਾਂ ਪੂਰਨ ਲਾਕਡਾਊਨ ਸਬੰਧੀ ਪ੍ਰਸ਼ਨ ਦਾ ਜੁਆਬ ਦਿੰਦਿਆ ਕਿਹਾ ਕਿ ਇਸ ਬਾਰੇ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ।
ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਵਿਸ਼ੇਸ਼ ਤੌਰ ‘ਤੇ ਅਪੀਲ ਕੀਤੀ ਕਿ ਜੋ ਟੀਮਾਂ ਉਨ੍ਹਾਂ ਦੇ ਇਲਾਕੇ ਵਿੱਚ ਜਾਗਰੂਕਤਾ/ਟੈਸਟਿੰਗ ਲਈ ਆਉਂਦੀਆਂ ਹਨ ਉਨ੍ਹਾਂ ਦਾ ਸਹਿਯੋਗ ਕਰੋ। ਇਹ ਜੋ ਜ਼ਿਲ੍ਹਾ ਪ੍ਰਸਾਸ਼ਨ, ਪੁਲਿਸ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਹਨ ਤੁਹਾਡੇ ਲਈ ਬਿਨ੍ਹਾ ਸ਼ਨੀਵਾਰ/ਐਤਵਾਰ ਛੁੱਟੀ ਕੀਤੇ ਲਗਾਤਾਰ ਕੰਮ ਕਰ ਰਹੇ ਹਨ, ਇਹ ਵੀ ਤੁਹਾਡੇ ਵਿੱਚੋਂ ਕਿਸੇ ਦੇ ਭੈਣ-ਭਰਾ ਹਨ। ਜਦੋਂ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਏ ਝੂਠੇ ਕੂੜ ਪ੍ਰਚਾਰ ਕਰਕੇ ਲੋਕਾਂ ਵੱਲੋਂ ਇਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਇਨ੍ਹਾਂ ਦਾ ਮਨੋਬਲ ਡਿਗਦਾ ਹੈ। ਇਸ ਲਈ ਇਸ ਕੋਰੋਨਾ ਮਹਾਂਮਾਰੀ ‘ਤੇ ਜਿੱਤ ਪ੍ਰਾਪਤ ਕਰਨ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦਾ ਸਹਿਯੋਗ ਕਰੋ।