ਭੜ੍ਹਕੇ ਲੋਕਾਂ ਨੇ ਨਸ਼ੇੜੀ ਨੂੰ ਕੁਟਾਪਾ ਚਾੜ੍ਹ ਕੇ ਪਹੁੰਚਾਇਆ ਹਸਪਤਾਲ, ਔਰਤ ਦੀ ਬਚਾਈ ਜਾਨ
ਪੇਕੇ ਘਰ ਰਹਿੰਦੀ ਪਤਨੀ ਨੂੰ ਚੁੱਕ ਕੇ ਨਸ਼ੇੜੀ ਰੇਹੜੀ ਤੇ ਬੰਨ੍ਹਕੇ ਸੜ੍ਹਕ ਤੇ ਲਿਆਇਆ
ਹਰਿੰਦਰ ਨਿੱਕਾ ਸੰਗਰੂਰ 16 ਅਗਸਤ 2020
ਜਿਲ੍ਹੇ ਦੇ ਸ਼ਹਿਰ ਸੁਨਾਮ ਚ, ਇੱਕ ਨਸ਼ੇੜੀ ਨੇ ਸੈਂਕੜੇ ਲੋਕਾਂ ਤੇ ਪੁਲਿਸ ਦੀ ਹਾਜ਼ਰੀ ਵਿੱਚ ਆਪਣੀ ਪਤਨੀ ਨੂੰ ਦਾਤ ਨਾਲ ਵੱਢਣਾ ਸ਼ੁਰੂ ਕਰ ਦਿੱਤਾ। ਦਰਿੰਦਗੀ ਦਾ ਅਜਿਹਾ ਕਾਰਾ ਵੇਖ ਕੇ ਭੜ੍ਹਕੇ ਲੋਕਾਂ ਨੇ ਨਸ਼ੇੜੀ ਨੂੰ ਫੜ੍ਹਕੇ ਇੰਨਾਂ ਕੁਟਾਪਾ ਚਾੜ੍ਹਿਆ ਕਿ ਉਸ ਨੂੰ ਵੀ ਹਸਪਤਾਲ ਪਹੁੰਚਾ ਦਿੱਤਾ । ਪਰੰਤੂ ਲੋਕਾਂ ਨੇ ਆਪਣੀ ਜਾਨ ਜੋਖਿਮ ਚ, ਪਾ ਕੇ ਔਰਤ ਦੀ ਜਾਨ ਬਚਾ ਦਿੱਤੀ। ਪੁਲਿਸ ਨੇ ਜਖਮੀ ਔਰਤ ਅਤੇ ਉਸ ਦੇ ਨਸ਼ੇੜੀ ਪਤੀ ਨੂੰ ਹਸਪਤਾਲ ਦਾਖਿਲ ਕਰਵਾਇਆ।
ਨਸ਼ੇੜੀ ਪਤੀ ਤੋਂ ਤੰਗ ਵੀਰਪਾਲ ਪੇਕੇ ਘਰ ਰਹਿਣ ਲੱਗ ਪਈ
ਪੁਲਿਸ ਨੂੰ ਦਿੱਤੀ ਜਾਣਕਾਰੀ ਚ, ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਵੀਰਪਾਲ ਕੌਰ ਦੀ ਸ਼ਾਦੀ ਅਜਾਇਬ ਸਿੰਘ ਪਿੰਡ ਛਾਜਲੀ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਹੀ ਅਜਾਇਬ ਸਿੰਘ ਨੇ ਵੀਰਪਾਲ ਕੌਰ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਕਾਫੀ ਸਮਾਂ ਤਾਂ ਵੀਰਪਾਲ ਆਪਣੇ ਨਸ਼ੇੜੀ ਪਤੀ ਦਾ ਜੁਲਮ ਸਹਿੰਦੀ ਰਹੀ। ਪਰੰਤੂ ਪਤੀ ਦੇ ਅੱਤਿਆਚਾਰ ਦੀ ਇੰਤਹਾ ਹੋਣ ਤੇ ਉਹ ਕੁਝ ਮਹੀਨੇ ਪਹਿਲਾਂ ਪੇਕੇ ਘਰ ਆ ਗਈ। ਅੱਜ ਨਸ਼ੇ ਚ, ਧੁੱਤ ਅਜਾਇਬ ਸਿੰਘ ਮੋਟਰ ਸਾਈਕਲ ਪਿੱਛੇ ਰੇਹੜੀ ਲਾ ਕੇ ਸਾਡੇ ਘਰ ਇੰਦਰਾ ਬਸਤੀ ਸੁਨਾਮ ਵਿਖੇ ਆਇਆ ,ਉਹ ਦੇ ਹੱਥ ਚ, ਸ਼ਰਾਬ ਦੀ ਬੋਤਲ ਅਤੇ ਤੇਜ਼ਧਾਰ ਦਾਤ ਫੜ੍ਹਿਆ ਹੋਇਆ ਸੀ। ਅਜਾਇਬ ਸਿੰਘ ਵੀਰਪਾਲ ਕੌਰ ਨੂੰ ਜਬਰਦਸਤੀ ਘਰੋਂ ਚੁੱਕ ਕੇ ਰੇਹੜੀ ਤੇ ਬੰਨ੍ਹ ਕੇ ਲੈ ਗਿਆ।
ਲੋਕਾਂ ਦੀ ਹਾਜ਼ਰੀ ਚ, ਪਤਨੀ ਨੂੰ ਦਾਤ ਨਾਲ ਵੱਢਣ ਲੱਗਿਆ,,,,
ਘਟਨਾ ਸਬੰਧੀ ਵਾਇਰਲ ਵੀਡੀਉ ਚ, ਅਜਾਇਬ ਸਿੰਘ ਰੇਹੜੀ ਚ, ਬੰਨ੍ਹ ਕੇ ਲਿਆਂਦੀ ਆਪਣੀ ਪਤਨੀ ਨੂੰ ਦਾਤ ਨਾਲ ਵੱਢਣ ਲੱਗ ਪਿਆ। ਜਦੋਂ ਲੋਕਾਂ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਹੱਥ ਚ, ਫੜ੍ਹਿਆ ਦਾਤ ਉਸ ਨੇ ਛੁਡਾਉਣ ਆਏ ਲੋਕਾਂ ਵੱਲ ਸਿੱਧਾ ਕਰ ਲਿਆ। ਘਟਨਾ ਦੀ ਸੂਚਨਾ ਮਿਲਦੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਜਦੋਂ ਕੁੱਝ ਲੋਕ ਹਿੰਮਤ ਕਰਕੇ ਨਸ਼ੇੜੀ ਵੱਲ ਵਧੇ ਤਾਂ ਨਸ਼ੇੜੀ ਨੇ ਬਹੁਤ ਹੀ ਦਰਿੰਦਗੀ ਨਾਲ ਆਪਣੀ ਪਤਨੀ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਦਾਤ ਨਾਲ ਵਾਰ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਆਖਿਰ ਕੁਝ ਭੜ੍ਹਕੇ ਲੋਕਾਂ ਨੇ ਰੋਂਦੀ ਔਰਤ ਦੀ ਜਾਨ ਬਚਾਉਣ ਲਈ ਆਪਣੀ ਜਾਨ ਜੋਖਿਮ ਚ, ਪਾ ਕੇ ਅਜਾਇਬ ਸਿੰਘ ਨੂੰ ਡਾਂਗਾ ਨਾਲ ਕੁੱਟ ਕੇ ਹੇਠਾਂ ਸੁੱਟ ਲਿਆ। ਮੌਕੇ ਤੇ ਖੜ੍ਹੀ ਪੁਲਿਸ ਨੇ ਵੀ ਵਰ੍ਹਦੀਆਂ ਡਾਂਗਾ ਚੋਂ ਔਰਤ ਅਤੇ ਉਸ ਦੇ ਨਸ਼ੇੜੀ ਪਤੀ ਨੂੰ ਲੋਕਾਂ ਤੋਂ ਬਚਾਇਆ ਅਤੇ ਦੋਵਾਂ ਨੂੰ ਹੀ ਗੰਭੀਰ ਹਾਲਤ ਚ, ਸੁਨਾਮ ਦੇ ਸਰਕਾਰੀ ਹਸਪਤਾਲ ਦਾਖਿਲ ਕਰਵਾਇਆ।
ਨਸ਼ੇੜੀ ਖਿਲਾਫ ਕੇਸ ਦਰਜ਼
ਮਾਮਲੇ ਦੇ ਤਫਤੀਸ਼ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਵੀਰਪਾਲ ਕੌਰ ਸੁਨਾਮ ਹਸਪਤਾਲ ਚ, ਦਾਖਿਲ ਹੈ। ਪਰੰਤੂ ਲੋਕਾਂ ਦੀ ਕੁੱਟ ਨਾਲ ਜਖਮੀ ਹੋਏ ਅਜਾਇਬ ਸਿੰਘ ਦੀ ਗੰਭੀਰ ਹਾਲਤ ਦੇ ਚਲਦਿਆਂ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਹੈ। ਉਨਾਂ ਦੱਸਿਆ ਕਿ ਵੀਰਪਾਲ ਕੌਰ ਦੀ ਮਾਂ ਅਮਰਜੀਤ ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਅਜਾਇਬ ਸਿੰਘ ਦੇ ਖਿਲਾਫ ਅਧੀਨ ਜੁਰਮ 307 ਆਈਪੀਸੀ ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਹੁਣ ਤੱਕ ਦੀ ਤਫਤੀਸ਼ ਤੋਂ ਪਤਾ ਲੱਗਿਆ ਹੈ ਕਿ ਵੀਰਪਾਲ ਕੌਰ ਅਤੇ ਅਜਾਇਬ ਸਿੰਘ ਦਾ ਲੰਬੇ ਸਮੇਂ ਤੋਂ ਘਰੇਲੂ ਝਗੜਾ ਚੱਲਦਾ ਸੀ। ਪੁਲਿਸ ਡੂੰਘਾਈ ਨਾਲ ਪੂਰੀ ਘਟਨਾ ਦੀ ਜਾਂਚ ਕਰ ਰਹੀ ਹੈ।