ਸਿੱਖਿਆ ਵਿਭਾਗ ਦੇ ਅਧਿਕਾਰੀਆਂ,ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਸਰਕਾਰ ਦਾ ਧੰਨਵਾਦ
ਹਰਿੰਦਰ ਨਿੱਕਾ ਬਰਨਾਲਾ, 13 ਅਗਸਤ 2020
ਜਿਲੇ ਦੇ ਸਰਕਾਰੀ ਸਕੂਲਾਂ ‘ਚ ਬਾਰਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਸਮਾਰਟ ਮੋਬਾਈਲ ਫੋਨ ਮੁਫਤ ਉਪਲਬਧ ਕਰਵਾਉਣ ਨਾਲ ਹੁਣ ਵਿਦਿਆਰਥੀ ਆਨਲਾਈਨ ਪੜਾਈ ਪ੍ਰਭਾਵੀ ਰੂਪ ਨਾਲ ਗ੍ਰਹਿਣ ਕਰਨ ਲੱਗੇ ਪਏ ਹਨ ।
ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਜਿਲੇ ਨੂੰ ਪਹਿਲੀ ਕਿਸ਼ਤ ਦੇ ਮੋਬਾਈਲ ਫੋਨ ਪ੍ਰਾਪਤ ਹੋ ਗਏ ਹਨ, ਜਿੰਨਾਂ ਵਿੱਚੋਂ ਕਰੀਬ 20 ਮੋਬਾਈਲ ਫੋਨ ਸੰਖੇਪ ਪ੍ਰੋਗਰਾਮ ਦੌਰਾਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਦੇ ਲੜਕੇ ਅਤੇ ਲੜਕੀਆਂ ਨੂੰ ਸੌਂਪਣ ਉਪਰੰਤ ਬਾਕੀ ਫੋਨ ਸਕੂਲ ਪਿ੍ਰੰਸੀਪਲਾਂ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਗਏ।
ਜ਼ਿਲਾ ਸਿੱਖਿਆ ਅਫਸਰਾਂ ਨੇ ਮੋਬਾਈਲ ਫੋਨਾਂ ਦੀ ਵੰਡ ਸਰਕਾਰੀ ਸਕੂਲਾਂ ਤੋਂ ਸ਼ੁਰੂ ਕਰਨ ਲਈ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਮੋਬਾਈਲ ਫੋਨਾਂ ਦੀ ਪ੍ਰਾਪਤੀ ਨਾਲ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜਾਈ ਸਕੂਲਾਂ ਦੀ ਤਾਲਾਬੰਦੀ ਦੌਰਾਨ ਵੀ ਪ੍ਰਭਾਵੀ ਰੂਪ ਨਾਲ ਜਾਰੀ ਰਹੇਗੀ।
ਪਹਿਲੀ ਕਿਸ਼ਤ ਵਿੱਚੋਂ ਮੋਬਾਇਲ ਫੋਨ ਪ੍ਰਾਪਤ ਕਰਨ ਵਾਲੇ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਇਸ ਉੱਦਮ ਲਈ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਵਿਦਿਆਰਥੀਆਂ ਦੀ ਆਨਲਾਈਨ ਪੜਾਈ ਨੂੰ ਪ੍ਰਭਾਵੀ ਬਣਾਉਣ ਵਿੱਚ ਵਧੇਰੇ ਕਾਰਗਰ ਸਿੱਧ ਹੋਵੇਗਾ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ‘ਚ ਪੜਦੇ ਜਰੂਰਤਮੰਦ ਪਰਿਵਾਰਾਂ ਨੂੰ ਮੋਬਾਈਲ ਫੋਨਾਂ ਦੀ ਸਖਤ ਜਰੂਰਤ ਸੀ।
ਇਸੇ ਤਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੀਆਂ ਵਿਦਿਆਰਥਣਾਂ ਗਿੰਨੀ ਸ਼ਰਮਾ ਅਤੇ ਸੋਨੀਆ ਨੇ ਕਿਹਾ ਕਿ ਮੋਬਾਈਲ ਫੋਨ ਦੀ ਪ੍ਰਾਪਤੀ ਸਾਡੀ ਆਨਲਾਈਨ ਪੜਾਈ ਨੂੰ ਪ੍ਰਭਾਵੀ ਬਣਾ ਕੇ ਸਾਡੀਆਂ ਸਾਲਾਨਾ ਪ੍ਰਾਪਤੀਆਂ ਨੂੰ ਸਾਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰੇਗੀ। ਵਿਭਾਗ ਦੇ ਜਿਲਾ ਮੀਡੀਆ ਕੋਆਰਡੀਨੇਟਰ ਨੇ ਕਿਹਾ ਕਿ ਮੋਬਾਈਲ ਫੋਨ ਆਨਲਾਈਨ ਪੜਾਈ ਦੇ ਦੌਰ ਦਾ ਲਾਜ਼ਮੀ ਸਾਧਨ ਹੈ, ਜਿਸ ਨੂੰ ਪੂਰਾ ਕਰਦਿਆਂ ਸਰਕਾਰ ਨੇ ਵਿਦਿਆਰਥੀਆਂ ਦੀ ਬਹੁਤ ਵੱਡੀ ਸਹਾਇਤਾ ਕੀਤੀ ਹੈ।