ਭਵਾਨੀਗੜ ਸ਼ਹਿਰ ਦੀ 100 ਫੀਸਦ ਆਬਾਦੀ ਨੂੰ ਪੀਣ ਯੋਗ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਦੇ ਨਾਲ-ਨਾਲ ਹਰ ਗਲੀ-ਸੜਕ ਪੱਕੀ ਕਰਵਾਈ ਜਾਵੇਗੀ: ਵਿਜੈ ਇੰਦਰ ਸਿੰਗਲਾ
ਪਿਛਲੀਆਂ ਸਰਕਾਰਾਂ ਮੌਕੇ ਐਲਾਨੇ ਗਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵੀ ਗ੍ਰਾਂਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਾਰੀ ਕਰਵਾਈ: ਸਿੰਗਲਾ
ਰਿੰਕੂ ਝਨੇੜੀ ਭਵਾਨੀਗੜ , 9 ਅਗਸਤ:2020
ਵਿਧਾਨ ਸਭਾ ਹਲਕਾ ਸੰਗਰੂਰ ਦੀ ਦਿੱਖ ਸੰਵਾਰਨ ਅਤੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ , ਇਕੱਲੇ ਭਵਾਨੀਗੜ ਸ਼ਹਿਰ ’ਚ ਹੀ ਵਿਕਾਸ ਕਾਰਜਾਂ ਲਈ 30 ਕਰੋੜ ਤੋਂ ਵਧੇਰੇ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ। ਸ਼੍ਰੀ ਸਿੰਗਲਾ ਨੇ ਕਿਹਾ ਕਿ ਜਲਦ ਹੀ ਭਵਾਨੀਗੜ ਦੀ 100 ਫੀਸਦ ਆਬਾਦੀ ਨੂੰ ਪੀਣਯੋਗ ਪਾਣੀ ਅਤੇ ਸੀਵਰੇਜ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹਿਰ ਦੀ ਹਰ ਗਲੀ ਅਤੇ ਸੜਕ ਨੂੰ ਪੱਕਾ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸਦੇ ਨਾਲ ਹੀ ਸਾਰੇ ਸ਼ਹਿਰ ਵਿਚ ਜਲਦ ਹੀ ਸਟਰੀਟ ਲਾਇਟਾਂ ਵੀ ਲਗਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਹ ਸਾਰੇ ਕੰਮ 31 ਮਾਰਚ 2021 ਤੋਂ ਪਹਿਲਾਂ ਕਰਵਾਉਣੇ ਯਕੀਨੀ ਬਣਾਏ ਜਾਣਗੇ ਅਤੇ ਕੰਮ ਦੀ ਗੁਣਵੱਤਾ ਦਾ ਖ਼ਾਸ ਖਿਆਲ ਰੱਖਣ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੂਰੇ ਸ਼ਹਿਰ ’ਚ ਪਾਣੀ ਦੀ ਸਪਲਾਈ ਤੇ ਸੀਵਰੇਜ ਪਾਇਪ ਲਾਈਨ ਵਿਛਾਉਣ ਲਈ 30 ਸਤੰਬਰ 2020 ਤੱਕ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਜੇਕਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਹਾਲਾਤ ਕਾਬੂ ਵਿਚ ਰਹੇ ਤਾਂ ਇਸਨੂੰ ਹਰ ਹੀਲੇ ਮਿੱਥੇ ਸਮੇਂ ਅੰਦਰ ਪੂਰਾ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਲਈ ਉਨਾਂ ਵੱਲੋਂ ਤਕਰੀਬਨ 19 ਕਰੋੜ ਰੁਪਏ ਜਾਰੀ ਕਰਵਾਏ ਗਏ ਹਨ ਜਿਨਾਂ ’ਚ 15.18 ਕਿਲੋਮੀਟਰ ਲੰਬੀ ਪਾਣੀ ਦੀ ਪਾਇਪਲਾਇਨ ਅਤੇ 31.80 ਕਿਲੋਮੀਟਰ ਲੰਬਾਈ ਵਾਲੀ ਸੀਵਰੇਜ ਲਾਈਨ ਸ਼ਾਮਲ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ 48,694 ਵਰਗ ਮੀਟਰ ਰਕਬੇ ’ਤੇ ਇੰਟਰਲਾਕਿੰਗ ਟਾਇਲਾਂ ਲਗਵਾਉਣ ਦਾ ਕੰਮ ਵੀ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਅਗਲੇ ਪ੍ਰੋਜੈਕਟ ਤਹਿਤ ਸ਼ਹਿਰ ਦੇ ਵਾਟਰ ਸਪਲਾਈ ਤੇ ਸੀਵਰੇਜ ਲਾਇਨਾਂ ਪਾਏ ਜਾਣ ਵਾਲੇ ਇਲਾਕਿਆਂ ’ਚ ਗਲੀਆਂ ਤੇ ਸੜਕਾਂ ਦੀ 100 ਫੀਸਦ ਮੁਰੰਮਤ ਕਰਵਾਉਣ ਲਈ 11.27 ਕਰੋੜ ਰੁਪਏ ਮਨਜੂਰ ਕਰਵਾਏ ਜਾ ਚੁੱਕੇ ਹਨ। ਉਨਾਂ ਕਿਹਾ ਕਿ ਇਸ ਗ੍ਰਾਂਟ ਨਾਲ 1 ਲੱਖ 15 ਹਜ਼ਾਰ 648 ਵਰਗ ਮੀਟਰ ’ਚ ਇੰਟਰਲਾਕਿੰਗ ਟਾਇਲਾਂ ਲਗਵਾਈਆਂ ਜਾਣਗੀਆਂ । ਜਿਸ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ। ਸ਼੍ਰੀ ਸਿੰਗਲਾ ਨੇ ਦੱਸਿਆ ਕਿ ਪੂਰਾ ਪ੍ਰੋਜੈਕਟ 31 ਮਾਰਚ 2021 ਤੱਕ ਪੂਰਾ ਕਰਵਾ ਲਿਆ ਜਾਵੇਗਾ । ਉਨਾਂ ਕਿਹਾ ਕਿ ਇੱਥੇ ਹੀ ਬੱਸ ਨਹੀਂ ਸਗੋਂ ਸੂਬੇ ’ਚ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਉਨਾਂ ਵੱਲੋਂ ਪਿਛਲੀਆਂ ਸਰਕਾਰਾਂ ਵੱਲੋਂ ਐਲਾਨੇ ਗਏ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗ੍ਰਾਂਟ ਜਾਰੀ ਕਰਵਾਈ ਗਈ ਹੈ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਉਹ ਆਪਣੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਹਲਕਾ ਵਾਸੀਆਂ ਨਾਲ ਕੀਤਾ ਗਿਆ ਹਰ ਵਾਅਦਾ ਨਿਭਾਉਣਗੇ ਅਤੇ ਸੰਗਰੂਰ ਹਲਕੇ ਨੂੰ ਨਮੂਨੇ ਦਾ ਹਲਕਾ ਬਣਾ ਕੇ ਪੇਸ਼ ਕਰਨਗੇ। ਉਨਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਨਾਲ-ਨਾਲ ਹੋਰ ਸਹੂਲਤਾਂ ਜਿਵੇਂ ਸਿਹਤ, ਸਿੱਖਿਆ ਆਦਿ ’ਚ ਵੀ ਸੰਗਰੂਰ-ਭਵਾਨੀਗੜ ਹਲਕੇ ’ਚ ਮਿਆਰੀ ਕੰਮ ਕਰਵਾਏ ਜਾ ਰਹੇ ਹਨ।