ਅਜ਼ਾਦੀ ਘੁਲਾਟੀਆਂ ਦੀਆਂ ਸਮੱਸਿਆਵਾ ਦੇ ਹੱਲ ਲਈ ਜ਼ਿਲ੍ਰਾ ਪ੍ਰਸ਼ਾਸਨ ਯਤਨਸ਼ੀਲ- ਏ.ਡੀ.ਸੀ ਧਾਲੀਵਾਲ
ਹਰਪ੍ਰੀਤ ਕੌਰ ਸੰਗਰੂਰ, 9 ਅਗਸਤ:2020
ਦੇਸ਼ ਦੀ ਅਜ਼ਾਦੀ ਅੰਦਰ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਜ਼ਾਦੀ ਘੁਲਾਟੀਆ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਦੇਸ਼ ਦੀ ਆਨ ਅਤੇ ਸ਼ਾਨ ਲਈ ਹਮੇਸ਼ਾ ਬੁਲੰਦ ਹੌਂਸਲਿਆਂ ਨਾਲ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ ਮਹਾਨ ਸੂਰਬੀਰਾਂ ਦੀ ਕੁਰਬਾਨੀਆਂ ਸਦਕਾ ਹੀ ਅੱਜ ਅਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਡੀਸ਼ਨਲ ਡਿਪਟੀ ਕਮਿਸ਼ਨਰ (ਜ) ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਅੱਜ 1942 ਦੌਰਾਨ ਭਾਰਤ ਛੱਡੋ ਅੰਦੋਲਨ ’ਚ ਹਿੱਸਾ ਲੈਣ ਵਾਲੇ ਸ੍ਰੀ ਪ੍ਰੇਮ ਬੱਲਵ ਪੁੱਤਰ ਸ੍ਰੀ ਮੋਤੀ ਰਾਮ ਵਾਸੀ ਇੰਦਰਾ ਬਸਤੀ ਸੰਗਰੂਰ ਦੀ ਰਿਹਾਇਸ਼ੀ ’ਤੇ ਪਹੁੰਚ ਕੇ ਵਿਸ਼ੇਸ ਸਨਮਾਨ ਕਰਨ ਮੌਕੇ ਕੀਤਾ।
ਇਸ ਤੋਂ ਬਾਅਦ ਸ੍ਰੀ ਧਾਲੀਵਾਲ ਨੇ ਊਧਮ ਸਿੰਘ ਵਾਲਾ (ਸੁਨਾਮ) ਦੀ ਪਵਿੱਤਰ ਧਰਤੀ ਦੇ ਰਹਿਣ ਵਾਲੇ ਸ੍ਰੀ ਗੁਰਦੇਵ ਸਿੰਘ ਪੁੱਤਰ ਸ੍ਰੀ ਕਰਤਾਰ ਸਿੰਘ ਨੂੰ ਵੀ ਉਨ੍ਹਾਂ ਦੀ ਰਿਹਾਇਸ਼ ਦੇ ਪਹੁੰਚ ਕੇ 1942 ਦੌਰਾਨ ਭਾਰਤ ਛੱਡੋ ਅੰਦੋਲਨ ’ਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ। ਸ੍ਰੀ ਧਾਲੀਵਾਲ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਵੱਲੋਂ ਪ੍ਰਾਪਤ ਹੋਈਆ ਸ਼ੁਭਕਾਮਨਾਵਾਂ ਸਮੇਤ ਸਨਮਾਨਿਤ ਨਿਸ਼ਾਨੀਆਂ ਨਾਲ ਭਾਰਤ ਛੱਡੋਂ ਅੰਦੋਲਨ ’ਚ ਹਿੱਸਾ ਲੈਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਦੋਵੇ ਸਤਿਕਾਰਯੋਗ ਅਜ਼ਾਦੀ ਘੁਲਾਟੀਆ ਦਾ ਸਨਮਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਬੱਲਵ ਜੀ ਅਤੇ ਸ੍ਰੀ ਗੁਰਦੇਵ ਸਿੰਘ ਜੀ ਨਾਲ ਮੁਲਾਕਾਤ ਦੌਰਾਨ ਦੋਵੇਂ ਦੇਸ਼ ਭਗਤਾਂ ਨੇ 1942 ਸਮੇਂ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਅਜ਼ਾਦੀ ਘੁਲਾਟੀਆ ਦੀ ਸਮੱਸਿਆਵਾ ਦੇ ਹਲ ਲਈ ਜ਼ਿਲ੍ਰਾ ਪ੍ਰਸ਼ਾਸਨ ਹਰ ਸੰਭਵ ਕੋਸ਼ਿਸ ਕਰਨ ਲਈ ਕਾਰਜ਼ਸੀਲ ਹੈ। ਇਸ ਮੌਕੇ ਵਿਸ਼ੇਸ ਤੌਰ ’ਤੇ ਐਸ.ਡੀ.ਐਮ. ਸੰਗਰੂਰ ਬਬਨਦੀਪ ਸਿੰਘ ਵਾਲੀਆ, ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਪ੍ਰਧਾਨ ਫਰੀਡਮ ਫਾਈਟਰ, ਉਤਰਾਅਧਿਕਾਰੀ ਜੱਥੇਬੰਦੀ (ਪੰਜਾਬ) ਹਰਿੰਦਰ ਪਾਲ ਸਿੰਘ ਖਾਲਸਾ, ਸਿਆਸਤ ਸਿੰਘ ਜ਼ਿਲ੍ਹਾ ਪ੍ਰਧਾਨ, ਸੁਖਵਿੰਦਰ ਸਿੰਘ ਭੋਲਾ, ਰਾਮ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ।