ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਬੀਡੀਪੀਓਜ਼ ਨਾਲ ਮੀਟਿੰਗ
ਰਘਵੀਰ ਹੈਪੀ ਬਰਨਾਲਾ, 8 ਅਗਸਤ 2020
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਜ਼ਿਲਾ ਬਰਨਾਲਾ ਵਿਚ ਵਿਕਾਸ ਕਾਰਜ ਵਿਆਪਕ ਪੱਧਰ ’ਤੇ ਜਾਰੀ ਹਨ। ਇਹ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਕੈਪਟਨ ਅਰੁਣ ਕੁਮਾਰ ਜਿੰਦਲ ਨੇ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਇਸ ਸਾਲ 35 ਕਰੋੜ ਰੁਪਏ ਖਰਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਲਗਭਗ 3000 ਮਨਰੇਗਾ ਲੇੇਬਰ ਰੋਜ਼ਾਨਾ ਪੱਧਰ ’ਤੇ ਜ਼ਿਲੇ ਵਿੱਚ ਕੰਮ ਕਰ ਰਹੀਂ ਹੈ, ਜਿਸ ਨੂੰ ਹੋਰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਜ਼ਿਲੇ ਦੇ ਸਮੂਹ ਪਿੰਡਾਂ ਵਿੱਚ ਵਾਟਰ ਬਾਡੀਜ਼ ਬਣਾਈਆਂ ਜਾ ਰਹੀਆਂ ਹਨ ਅਤੇ ਪਾਣੀ ਦੀ ਸੰਭਾਲ ਲਈ 15 ਪਿੰਡਾਂ ਵਿੱਚ ਛੱਪੜਾਂ ਨੂੰ ਸੀਚੇਵਾਲ ਮਾਡਲ, ਥਾਪਰ ਮਾਡਲ ਦੀ ਤਰਜ਼ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 10 ਪਿੰਡਾਂ ਵਿੱਚ ਰੂਫ ਟੌਪ ਵਾਟਰ ਹਾਰਵੈਸਟਿੰਗ ਦਾ ਕੰਮ ਚਲਾਇਆ ਗਿਆ ਹੈ। ਸ੍ਰੀ ਜਿੰਦਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਗ੍ਰਾਮੀਣ ਯੋਜਨਾ ਅਧੀਨ ਜ਼ਿਲੇ ਵਿੱਚ 54 ਮਕਾਨ ਬਣਾਏ ਜਾ ਰਹੇ ਹਨ, ਜਿਸ ਸਬੰਧੀ ਲਾਭਪਾਤਰੀਆਂ ਨੂੰ 120000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿੱਚ ਜਾਰੀ ਕਰਨ ਤੋਂ ਇਲਾਵਾ ਮਗਨਰੇਗਾ ਸਕੀਮ ਅਧੀਨ 90 ਦਿਨ ਦੀ ਦਿਹਾੜੀ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਉਨਾਂ ਸਮੂਹ ਬਲਾਕ ਬੀਡੀਪੀਓਜ਼ ਨਾਲ ਮੀਟਿੰਗ ਕਰਦਿਆਂ ਵਿਕਾਸ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਦਿੱਤੀ ਤਾਂ ਜੋ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਇਸ ਮੌਕੇ ਬੀਡੀਪੀਓ ਸ਼ਹਿਣਾ ਜਗਰਾਜ ਸਿੰਘ, ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਸੁਪਰਡੈਂਟ ਜਗਦੀਪ ਸਿੰਘ, ਡੀਪੀਐਮ ਮੋੋਹਿਤ ਸ਼ਰਮਾ, ਪੀਐਮਏਵਾਈ ਜੀ ਸਕੀਮ ਤੋਂ ਪੁਨੀਤ ਮੈਨਨ ਤੇ ਮਨਦੀਪ ਕੁਮਾਰ ਮੌਜੂਦ ਸਨ।