ਦਵਿੰਦਰ ਡੀ.ਕੇ. ਲੁਧਿਆਣਾ, 29 ਜੁਲਾਈ 2020
ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਦੇ ਹੋਂਦ ’ਚ ਆਉਣ ਤੋ ਤੁਰੰਤ ਬਾਅਦ ਹੀ ਕਾਂਗਰਸ ਨੇ ਆਪਣੀਆਂ ਸਿੱਖ ਮਾਰੂ ਨੀਤੀਆਂ ਤਹਿਤ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਹਿੱਤ ਸਿੱਖਾਂ ਖਿਲਾਫ਼ ਦਮਨ ਚਕਰ ਆਰੰਭ ਦਿੱਤਾ ਸੀ, ਜਿਸ ’ਚ ਕਾਲੇ ਕਾਨੂੰਨ ਯੂ.ਏ.ਪੀ.ਏ. ਦੀ ਆੜ ’ਚ ਸਿੱਖ ਖਾਸ ਤੌਰ ’ਤੇ ਦਲਿਤ ਵਰਗ ਦੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜਿਸ ਨਾਲ ਪੰਜਾਬ ਅੰਦਰ ਸਿੱਖ ਜਗਤ ਅੰਦਰ ਭੈਅ ਦਾ ਮਾਹੌਲ ਪੈਦਾ ਹੋ ਰਿਹਾ ਹੈ। ਸਿੱਖ ਸਟੂਡੈਂਟਸ ਫੈਡਰੇਸ਼ਨ ਕਾਂਗਰਸ ਵੱਲੋਂ ਕੀਤੇ ਜਾ ਰਹੇ ਹੱਲੇ ਖਿਲਾਫ਼ ਡਟਕੇ ਲੜਾਈ ਲੜੇਗੀ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਹਰ ਤਰੀਕੇ ਦੀ ਮਦਦ ਕਰਨ ਲਈ ਅੱਗੇ ਆਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਕ ਸਾਂਝੇ ਬਿਆਨ ਰਾਹੀਂ ਪ੍ਰਗਟ ਕੀਤਾ।
ਭਾਈ ਗਰੇਵਾਲ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਸਿੱਖ ਵਿਰੋਧੀ ਏਜੰਡੇ ਤਹਿਤ ਇਹ ਮੁਹਿੰਮ ਚਲਾਈ ਜਾ ਰਹੀ ਹੈ। ਬੇ-ਸਿਰਪੈਰ 20-20 ਰਿਫਰੈਂਡਮ ਤਹਿਤ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ। ਕਾਂਗਰਸ ਵੱੱਲੋਂ ਪੰਜਾਬ ਅੰਦਰ ਆਪਣੀ ਸਰਕਾਰ ਦੀ ਨਾਕਾਮੀ ਤੋਂ ਧਿਆਨ ਭਟਕਾਉਣ ਲਈ ਸੂਬੇ ਅੰਦਰ ਦਹਿਸ਼ਤ ਪਾ ਕੇ ਇਕ ਵਰਗ ਦੀਆਂ ਵੋਟਾਂ ਨੂੰ ਭਰਮਾਉਣ ਦਾ ਜੁਗਾੜ ਕੀਤਾ ਜਾ ਰਿਹਾ ਹੈ। ਫੈਡਰੇਸ਼ਨ ਆਗੂਆਂ ਨੇ ਕਾਂਗਰਸ ਨੂੰ ਚਿਤਾਵਨੀ ਦਿੱਤੀ ਕਿ ਉਹ ਅੱਗ ਨਾਲ ਨਾ ਖੇਡੇ, ਪੰਜਾਬ ਦੇ ਮਾਹੌਲ ਨੂੰ ਲਾਂਬੂ ਲਾਉਣ ਤੋਂ ਗੁਰੇਜ਼ ਕਰੇ ਤੇ ਲੋਕਾਂ ਨਾਲ ਕੀਤੇ ਵਾਅਦਿਆਂ ’ਤੇ ਖਰ੍ਹਾ ਉਤਰਨ ਲਈ ਕੰਮ ਕਰੇ। ਇਸ ਸਮੇਂ ਫੈਡਰੇਸ਼ਨ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬੰਟੀ, ਪ੍ਰਧਾਨ ਪ੍ਰਿਤਪਾਲ ਸਿੰਘ, ਗੁਰਜੀਤ ਸਿੰਘ ਗੱਗੀ, ਦਿਲਬਾਗ ਸਿੰਘ ਵਿਰਕ, ਕੁਲਜੀਤ ਸਿੰਘ ਧੰਜਲ, ਗੁਰਪ੍ਰੀਤ ਸਿੰਘ ਮਸੌਣ ਤੇ ਹਰਦੀਪ ਸਿੰਘ ਆਦਿ ਹਾਜ਼ਰ ਸਨ।