ਸ਼ਹਿਰ ਦੇ 1 ਕੱਪੜਾ ਵਪਾਰੀ ਰਾਕੇਸ਼ ਕੁਮਾਰ ਤੇ ਉਸਦੀ ਦੁਕਾਨ ਦੇ 10 ਮੁਲਾਜਿਮ ਵੀ ਆਏ ਪੌਜੇਟਿਵ
ਹਰਿੰਦਰ ਨਿੱਕਾ ਬਰਨਾਲਾ 29 ਜੁਲਾਈ 2020
ਜਿਲ੍ਹੇ ਅੰਦਰ ਕੋਰੋਨਾ ਵਾਇਰਸ ਦਾ ਜ਼ੋਰ ਹਰ ਦਿਨ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ 33 ਹੋਰ ਮਰੀਜ਼ਾਂ ਦੀ ਰਿਪੋਰਟ ਪੌਜੇਟਿਵ ਆਉਣ ਨਾਲ ਜਿਲ੍ਹੇ ਅੰਦਰ ਪੌਜੇਟਿਵ ਮਰੀਜਾਂ ਦਾ ਅੰਕੜਾ 177 ਨੂੰ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੇ ਵੇਰਵਿਆਂ ਅਨੁਸਾਰ 100 ਕੇਸ ਐਕਟਿਵ ਹਨ, ਜਦੋਂ ਕਿ 77 ਮਰੀਜ਼ ਕੋਰੋਨਾ ਤੇ ਫਤਿਹ ਪਾ ਕੇ ਘਰੀਂ ਪਰਤ ਚੁੱਕੇ ਹਨ। ਮਹਿਲ ਕਲਾਂ ਥਾਣੇ ਚ, ਗਿਰਫਤਾਰ ਕਰਕੇ ਲਿਆਂਦੇ ਕੋਰੋਨਾ ਪੌਜੇਟਿਵ ਦੋਸ਼ੀ ਤੋਂ ਬਾਅਦ ਪੁਲਿਸ ਮੁਲਾਜਮਾਂ ਦੇ ਪੌਜੇਟਿਵ ਆਉਣ ਦਾ ਸ਼ੁਰੂ ਹੋਇਆ ਸਿਲਸਿਲਾ ਹਾਲੇ ਵੀ ਜਾਰੀ ਹੈ। ਅੱਜ ਵੀ ਥਾਣੇ ਦੇ ਐਸਆਈ ਸਤਨਾਮ ਸਿੰਘ, ਏਐਸਆਈ ਗੁਰਸਿਮਰਨ ਸਿੰਘ, ਮੁੱਖ ਮੁਨਸ਼ੀ ਰਜਿੰਦਰ ਸਿੰਘ, ਸਹਾਇਕ ਮੁਨਸ਼ੀ ਬਲਵਿੰਦਰ ਸਿੰਘ ਦੀ ਰਿਪੋਰਟ ਵੀ ਪੌਜੇਟਿਵ ਆ ਗਈ ਹੈ। ਜਦੋਂ ਕਿ ਥਾਣੇ ਦੀ ਐਸਐਚਉ ਜਸਵਿੰਦਰ ਕੌਰ ,ਹੌਲਦਾਰ ਯਾਦਵਿੰਦਰ ਸਿੰਘ ਪਹਿਲਾਂ ਹੀ ਪੌਜੇਟਿਵ ਆਉਣ ਕਾਰਣ ਆਈਸੋਲੇਟ ਕੀਤੇ ਹੋਏ ਹਨ। ਇੱਥੇ ਹੀ ਬੱਸ ਨਹੀਂ ਐਸਐਚਉ ਜਸਵਿੰਦਰ ਕੌਰ ਦੇ ਸੰਪਰਕ ਚ,ਆਇਆ ਰਣਜੀਤ ਸਿੰਘ ਵੀ ਪੌਜੇਟਿਵ ਪਾਇਆ ਗਿਆ ਹੈ।
ਥਾਣਾ ਸਿਟੀ ਬਰਨਾਲਾ 1 ਦੇ ਨੇੜੇ ਵੀ ਦਿੱਤੀ ਕੋਰੋਨਾ ਨੇ ਦਸਤਕ
ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਂਕ ਚ, ਸਥਿਤ ਗੁਰਸ਼ਰਨ ਸੂਟ ਐਂਡ ਸਾੜੀ ਹਾਊਸ ਦੇ ਮਾਲਿਕ ਰਾਕੇਸ਼ ਕੁਮਾਰ ਅਤੇ ਉਸ ਦੀ ਦੁਕਾਨ ਤੇ ਕੰਮ ਕਰਦੇ 10 ਮੁਲਾਜਮ ਵੀ ਪੌਜੇਟਿਵ ਪਾਏ ਗਏ ਹਨ। ਇਸ ਦੁਕਾਨ ਤੇ ਕੰਮ ਕਰਕੇ ਲੱਗਭੱਗ ਸਾਰੇ ਹੀ ਵਿਅਕਤੀਆਂ ਦੇ ਪੌਜੇਟਿਵ ਆਉਣ ਕਾਰਣ ਹੁਣ ਇਸ ਖੇਤਰ ਦੇ ਨੇੜਲੇ ਲੋਕਾਂ ਚ, ਜਿੱਥੇ ਸਹਿਮ ਦਾ ਮਾਹੌਲ ਬਣ ਗਿਆ ਹੈ, ਉੱਥੇ ਹੀ ਸਿਹਤ ਵਿਭਾਗ ਦੀ ਟੀਮ ਲਈ ਵੀ ਇੱਨਾਂ ਵਿਅਕਤੀਆਂ ਦੇ ਸੰਪਰਕ ਚ, ਆਏ ਹੋਰ ਵਿਅਕਤੀਆਂ ਦੀ ਸੂਚੀ ਤਿਆਰ ਕਰਨਾ ਵੀ ਕਾਫੀ ਮੁਸ਼ਕਿਲ ਭਰਿਆ ਕੰਮ ਹੈ। ਕਿਉਂਕਿ ਦੁਕਾਨ ਤੇ ਆਉਣ ਵਾਲੇ ਗ੍ਰਾਹਕਾਂ ਦੀ ਜਾਣਕਾਰੀ ਜੁਟਾਉਣਾ ਕੋਈ ਅਸਾਨ ਕੰਮ ਨਹੀਂ ਹੈ।
ਬਰਨਾਲਾ ਸ਼ਹਿਰ ਦੇ 20 ਅਤੇ ਪੇਂਡੂ ਖੇਤਰਾਂ ਚੌ਼ 13 ਮਰੀਜ਼
ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਮਰੀਜ਼ਾਂ ਵਿੱਚ ਬਰਨਾਲਾ ਸ਼ਹਿਰ ਵਿੱਚੋਂ ਸੇਖਾ ਰੋਡ, ਅਨਾਜ ਮੰਡੀ, ਆਸਥਾ ਕਾਲੋਨੀ, ਜੰਡਾਂਵਾਲਾ ਰੋਡ, ਕਚਹਿਰੀ ਦੇ ਨਜਦੀਕ, ਗੋਬਿੰਦ ਚੈਰੀਟੇਬਲ ਧਰਮਸਾਲਾ ਨਜਦੀਕ, ਦਾਦੂ ਆਇਸ ਫੈਕਟਰੀ ਕੋਲੋਂ, ਗੀਤਾ ਭਵਨ ਕੋਲੋਂ, ਰਾਮਾ ਆਇਸ ਫੈਕਟਰੀ ਨੇੜਿਓ, ਗਲੀ ਨੰਬਰ 3 ਪੱਤੀ ਰੋਡ, ਮਾਤਾ ਗੁਜਰੀ ਨਗਰ, ਖੁੱਡੀ ਨਗਰ, ਗੁਰਨਾਨਕਪੁਰਾ ਮਹੱਲਾ, ਸਿਵ ਵਾਟਿਕਾ ਕਾਲੋਨੀ, ਕਿਲਾ ਮੁੱਹਲਾ , ਗੁਰਦੁਆਰਾ ਕਲਗੀਧਰ ਨੇੜਿਓਂ, ਅਤੇ ਪਿੰਡ ਪੱਤੀ ਸੇਖਵਾਂ ਤੋਂ ਕੁੱਲ 20 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਇਸ ਤਰਾਂ ਤਪਾ ਬਲਾਕ ਵਿੱਚੋਂ 7, ਪਿੰਡ ਬਖਤਗੜ ਤੋਂ 2, ਪਿੰਡ ਢਿੱਲਵਾਂ ਤੋਂ 2 ਅਤੇ ਪਿੰਡ ਚੀਮਾ ਤੋਂ 2 ,ਧਨੌਲਾ ਤੋਂ 4 , ਪਿੰਡ ਸੰਘੇੜਾ ਤੋਂ 3 , ਪਿੰਡ ਝਲੂਰ ਤੋਂ 1 ਅਤੇ ਮਹਿਲ ਕਲਾਂ ਬਲਾਕ ਦੇ ਪਿੰਡ ਮਹਿਲ ਖੁਰਦ ਤੋਂ 1, ਪਿੰਡ ਸਹੋਰ ਤੋਂ 1 ਤੇ ਮਹਿਲ ਕਲਾਂ ਤੋਂ 2 ਮਰੀਜ਼ ਪੌਜੇਟਿਵ ਆਏ ਹਨ। ਇਹਨਾਂ ਵਿੱਚੋਂ ਕੁੱਝ ਮਰੀਜ਼ਾਂ ਨੂੰ ਉਨਾਂ ਦੇ ਘਰਾਂ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਹੈ, ਜਦੋਂ ਕਿ ਕੁਝ ਮਰੀਜ਼ਾਂ ਨੂੰ ਮਹਿਲ ਕਲਾਂ ਹਸਪਤਾਲ, ਸੰਘੇੜਾ ਕਾਲਜ ਵਿੱਚ ਬਣੇ ਇਕਾਂਤਵਾਸ ਕੇਂਦਰ ਅਤੇ ਸੋਹਲ ਪੱਤੀ ਦੇ ਆਈਸੋਲੇਸ਼ਨ ਕੇਂਦਰ ਵਿੱਚ ਰੱਖ ਕੇ ਉਨਾਂ ਦਾ ਇਲਾਜ ਸੁਰੂ ਕਰ ਦਿੱਤਾ ਗਿਆ ਹੈ।