ਚੰਗੀ ਖੜੀ ਫਸਲ ਵਧਾ ਰਹੀ ਹੈ ਕਿਸਾਨਾਂ ਦਾ ਹੌਂਸਲਾ, ਪਿੰਡ ਕਬੂਲ ਸ਼ਾਹ ਦੇ ਕਿਸਾਨਾਂ ਨੇ ਸਾਂਝੇ ਕੀਤੇ ਤਜਰਬੇ
B T N S ਫਾਜਿਲਕਾ, 29 ਜੁਲਾਈ2020
ਇਸ ਸਾਲ ਕੋਵਿਡ ਸੰਕਟ ਦੇ ਚੱਲਦਿਆਂ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ ਕਿ ਉਹ ਲੇਬਰ ਦੀ ਘਾਟ ਦੇ ਮੱਦੇਨਜਰ ਝੋਨੇ ਦੀ ਸਿੱਧੀ ਬਿਜਾਈ ਕਰਨ। ਹਾਲਾਂਕਿ ਪਹਿਲਾਂ ਵੀ ਇਸ ਤਕਨੀਕ ਨਾਲ ਕਿਸਾਨ ਬਿਜਾਈ ਕਰਦੇ ਸਨ ਪਰ ਉਨਾਂ ਦੀ ਤਦਾਦ ਘੱਟ ਸੀ ਪਰ ਇਸ ਵਾਰ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸ ਤਕਨੀਕ ਨੂੰ ਅਜਮਾਇਆ ਹੈ। ਤੇ ਹੁਣ ਜਦ ਫਸਲ ਲਗਭਗ ਦੋ ਮਹੀਨੇ ਦੀ ਹੋ ਗਈ ਹੈ ਤਾਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਪੌਦਿਆਂ ਦੇ ਵਾਧੇ ਅਤੇ ਲਾਗਤ ਖਰਚਿਆਂ ਵਿਚ ਆਈ ਕਮੀ ਤੋਂ ਖੁਸ਼ ਹਨ।
ਅਜਿਹਾ ਹੀ ਇਕ ਕਿਸਾਨ ਪਰਿਵਾਰ ਹੈ ਪਿੰਡ ਕਬੂਲ ਸ਼ਾਹ ਦੇ ਫਤਿਹ ਸਿੰਘ ਦਾ। ਉਸਦੀਆਂ ਤਿੰਨ ਪੀੜੀਆਂ ਖੇਤੀ ਵਿਚ ਲੱਗੀਆਂ ਹਨ। ਉਸਦਾ ਪੁੱਤਰ ਜਸਵੀਰ ਸਿੰਘ ਅਤੇ ਪੋਤਾ ਕਰਨਵੀਰ ਸਿੰਘ। ਇੰਨਾਂ ਦੀ ਆਪਣੀ ਖੇਤੀਬਾੜੀ ਸੰਦਾਂ ਦੀ ਵਰਕਸ਼ਾਪ ਵੀ ਹੈ। ਫਤਿਹ ਸਿੰਘ ਆਖਦਾ ਹੈ ਕਿ ਨਵੀਂ ਤਕਨੀਕ ਬਹੁਤ ਲਾਭਕਾਰੀ ਅਤੇ ਕਾਰਗਾਰ ਸਿੱਧ ਹੋਈ ਹੈ। ਉਸਨੇ ਪੁਰਾਣੀ ਪਨੀਰੀ ਲਗਾਉਣ ਵਾਲੀ ਅਤੇ ਮਸ਼ੀਨ ਨਾਲ ਸਿੱਧੀ ਬਿਜਾਈ ਦੋਨੋਂ ਤਕਨੀਕਾਂ ਨਾਲ ਬਿਜਾਈ ਕੀਤੀ ਹੈ ਪਰ ਉਹ ਆਖਦਾ ਹੈ ਕਿ ਨਵੀਂ ਤਕਨੀਕ ਜਿਆਦਾ ਲਾਭਕਾਰੀ ਹੈ।
ਕਰਨਵੀਰ ਸਿੰਘ ਨੇ ਦੱਸਿਆ ਕਿ ਮਸ਼ੀਨ ਨਾਲ ਸਿੱਧੀ ਬਿਜਾਈ ਤਰੀਕੇ ਨਾਲ ਲਗਾਏ ਝੋਨੇ ਵਿਚ ਪ੍ਰਤੀ ਪੌਦਾ ਜਿਆਦਾ ਸਖ਼ਾਵਾਂ ਬਣ ਚੁੱਕੀਆਂ ਹਨ। ਸਾਰਾ ਖੇਤ ਇਕਸਾਰ ਹੈ। ਨਦੀਨਾਂ ਦੀ ਰੋਕਥਾਮ ਲਈ ਉਸਨੇ ਨਦੀਨਨਾਸ਼ਕ ਦੀ ਵਰਤੋਂ ਕਰ ਲਈ ਸੀ। ਉਹ ਆਖਦਾ ਹੈ ਕਿ ਨਵੀਂ ਤਕਨੀਕ ਨਾਲ ਖੇਤੀ ਕਰਨਾ ਜਿਆਦਾ ਸੌਖਾ ਹੈ।
ਜਸਵੀਰ ਸਿੰਘ ਨੇ ਕਿਹਾ ਕਿ ਮਸ਼ੀਨ ਨਾਲ ਝੋਨੇ ਦੀ ਬਿਜਾਈ ਨਾਲ ਜਿੱਥੇ ਖਰਚੇ ਘੱਟ ਹੁੰਦੇ ਹਨ ਉਥੇ ਹੀ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਉਸਨੇ ਕਿਹਾ ਕਿ ਉਹ ਆਪਣੀ ਸਾਰੀ ਖੇਤੀ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਕਰਦਾ ਹੈ।
ਬਲਾਕ ਖੇਤੀਬਾੜੀ ਅਫ਼ਸਰ ਡਾ: ਸਰਵਨ ਸਿੰਘ ਨੇ ਕਿਹਾ ਕਿ ਸ਼ੁਰੂ ਵਿਚ ਜਰੂਰ ਕਿਸਾਨਾਂ ਦੇ ਮਨ ਵਿਚ ਸੰਕੇ ਸਨ ਪਰ ਹੁਣ ਫਸਲ ਦੀ ਸਥਿਤੀ ਵੇਖ ਕੇ ਸਾਰੇ ਕਿਸਾਨ ਜਿੰਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਖੁਸ਼ ਹਨ। ਉਨਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਵਿਚ ਨਾਈਟੋ੍ਰਜਨ ਖਾਦ 45 ਦਿਨਾਂ ਦੀ ਫਸਲ ਹੋਣ ਤੋਂ ਬਾਅਦ ਨਾ ਪਾਉਣ ਇਸ ਨਾਲ ਫਸਲ ਤੇ ਰਸ ਚੂਸਕ ਕੀੜਿਆਂ ਦਾ ਹਮਲਾ ਵੱਧਦਾ ਹੈ ਅਤੇ ਫਸਲ ਦੇ ਡਿੱਗਣ ਦਾ ਖ਼ਤਰਾ ਅਤੇ ਫੌਕ ਪੈਣ ਦਾ ਖਤਰਾ ਵੱਧਦਾ ਹੈ। ਇਸ ਮੌਕੇ ਉਨਾਂ ਨਾਲ ਖੇਤੀਬਾੜੀ ਵਿਕਾਸ ਅਫ਼ਸਰ ਡਾ: ਵਰਮਾ ਅਤੇ ਏ.ਐਸ.ਆਈ. ਗਗਨ ਵੀ ਹਾਜਰ ਸਨ।