ਟ੍ਰਾਈਡੈਂਟ ਦੇ ਵਿਹੜੇ…”ਜਦੋਂ ‘ਛੱਤਰੀ’ ਹਿਲਾਈ ਤਾਂ ਉਹ ਪੈਰ ਕੱਢ ਗਏ”…….!

Advertisement
Spread information

ਰਜਿੰਦਰ ਗੁਪਤਾ ਦੇ ਸਵਾਗਤ ਮੌਕੇ ‘ਆਪ’ ਗਾਇਬ, ਵਿਰੋਧੀ ਪਾਰਟੀਆਂ ਦੇ ਆਗੂ ਰਹੇ ਮੋਹਰੀ

ਸ਼ਿਵਰਾਤਰੀ- ਰਣੀਕੇ ਧਾਰਮਿਕ ਸਮਾਗਮ ਹੈ, ਉੱਥੇ ਮੱਥਾ ਟੇਕਣ ਲਈ ਪਹੁੰਚੋ, ਪਰ ਮੁਸ਼ਕਿਲਾਂ ਦੇ ਹੱਲ ਲਈ ਉਥੇ ਨਹੀਂ ਹੋ ਸਕਣੀ ਕੋਈ ਮੀਟਿੰਗ-ਗੁਪਤਾ 

ਹਰਿੰਦਰ ਨਿੱਕਾ, ਬਰਨਾਲਾ 14 ਫਰਵਰੀ 2026 
      ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਜਿੰਦਰ ਗੁਪਤਾ ਦੀ ਨਵੀਂ ਪਾਰੀ ਤੋਂ ਬਾਅਦ ਉਨ੍ਹਾਂ ਦੀ ਕਰਮਭੂਮੀ ਬਰਨਾਲਾ ਵਿਖੇ ਹੋਈ ਅੱਜ ਹੋਈ ਪਹਿਲੀ ਆਮਦ ਨੇ ਜ਼ਿਲ੍ਹੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਟ੍ਰਾਈਡੈਂਟ ਗਰੁੱਪ ਦੇ ਵਿਹੜੇ ਵਿੱਚ ਹੋਏ ਇਸ ਵੱਡੇ ਸਮਾਗਮ ਦੌਰਾਨ ਜਿੱਥੇ ਵੱਖ-ਵੱਖ ਵਰਗਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਉੱਥੇ ਹੀ ਸਿਆਸੀ ਹਲਕਿਆਂ ਵਿੱਚ “ਆਪਣਿਆਂ ਦੀ ਦੂਰੀ ਅਤੇ ਬੇਗਾਨਿਆਂ ਦੀ ਨੇੜਤਾ” ਚਰਚਾ ਦਾ ਵਿਸ਼ਾ ਬਣੀ ਰਹੀ। ਬੇਸ਼ੱਕ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦਾ ਦੋ ਵਾਰ ਜਿਕਰ ਕਰਦਿਆਂ, ਉਨਾਂ ਨਾਲ ਮਿਲ ਕੇ ਜਿਲ੍ਹੇ ਅੰਦਰ ਵਿਕਾਸ ਕੰਮ ਕਰਵਾਉਣ ਲਈ ਜਰੂਰ ਕਿਹਾ, ਪਰੰਤੂ ਮੀਤ ਹੇਅਰ ਦੇ ਹਮੇਸ਼ਾਂ ਅੱਗੇ ਪਿੱਛੇ ਪਰਛਾਂਵੇ ਦੀ ਤਰਾਂ ਰਹਿੰਦੇ ਨੇੜਲੇ ਆਗੂਆਂ ਵਿੱਚੋਂ ਕੋਈ ਵੀ, ਉੱਥੇ ਨਹੀਂ ਰੜਕਿਆਂ। ਗੁਪਤਾ ਨੇ ਇਹ ਵੀ ਕਿਹਾ ਕਿ ਉਹ ਫਰਵਰੀ ਮਹੀਨੇ ਦੇ ਅਖੀਰਲੇ ਹਫਤੇ ਇੱਥੇ ਹੀ ਸ਼ਹਿਰ ਅਤੇ ਜਿਲ੍ਹੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨਾਂ ਦੇ ਹੱਲ ਲਈ ਵੱਡੀ ਮੀਟਿੰਗ ਕਰਨਗੇ। ਉਸ ਤੋਂ ਬਾਅਦ ਮਾਰਚ ਮਹੀਨੇ ਵਿੱਚ ਕਿਸੇ ਦਿਨ ਸੂਬੇ ਦੇ ਦੋ ਚਾਰ ਮੰਤਰੀਆਂ ਨੂੰ ਟ੍ਰਾਈਡੈਂਟ ਦੇ ਵਿਹੜੇ ਸੱਦ ਕੇ, ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਹੱਲ ਕਰਵਾਉਣ ਦਾ ਯਤਨ ਕਰਨਗੇ। ਆਪਣੇ ਸੰਬੋਧਨ ਵਿੱਚ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਨੇ ਰਣੀਕੇ ਮੰਦਿਰ ਵਿੱਚ ਬਰਨਾਲਾ ਇਲਾਕੇ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਸਬੰਧੀ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਨਾਲ ਕੋਈ ਮੀਟਿੰਗ ਕਰਵਾਏ ਜਾਣ ਦੀ ਗੱਲ ਨੂੰ ਟੋਕਦਿਆਂ ਕਿਹਾ ਕਿ ਮੇਰੀ ਬੇਨਤੀ ਹੈ ਤੁਸੀਂ ਉੱਥੇ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਲਈ ਪਹੁੰਚੋ, ਪਰ ਉੱਥੇ ਅਜਿਹੀ ਕੋਈ ਮੀਟਿੰਗ ਨਹੀਂ ਹੋ ਸਕਦੀ, ਨਾ ਤਾਂ ਧਾਰਮਿਕ ਸਮਾਗਮ ਮੌਕੇ ਅਜਿਹੀ ਗੱਲ ਕੋਈ ਸੁਣਦਾ ਹੈ, ਨਾ ਹੀ ਅਜਿਹੀ ਗੱਲ ਕਰਨਾ ਸ਼ੋਭਾ ਦਿੰਦਾ ਹੈ। 
ਆਪਣੇ ਹੀ ਕਿਨਾਰਾ ਕਰ ਗਏ…?
     ਹੈਰਾਨੀ ਦੀ ਗੱਲ ਇਹ ਦੇਖਣ ਨੂੰ ਮਿਲੀ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਦੇ ਸਵਾਗਤ ਲਈ ਪਾਰਟੀ ਦੀ ਸਥਾਨਕ ਲੀਡਰਸ਼ਿਪ ਲੱਗਭੱਗ ਨਦਾਰਦ ਰਹੀ। ਭਾਵੇਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਭੰਗੂ ਅਤੇ ਨਗਰ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਉੱਥੇ ਮੌਜੂਦ ਸਨ, ਪਰ ਇਨ੍ਹਾਂ ਨੂੰ ਛੱਡ ਕੇ ‘ਆਪ’ ਦਾ ਕੋਈ ਵੀ ਹੋਰ ਵੱਡਾ ਆਗੂ ਉੱਥੇ ਨਹੀਂ ਪਹੁੰਚਿਆ । ਸਿਆਸੀ ਚਸ਼ਮੇ ਰਾਹੀਂ ਤੱਕਿਆਂ , ਗੁਪਤਾ ਦੀ ਫੇਰੀ ਮੌਕੇ ਪਾਰਟੀ ਦੇ ਅੰਦਰੂਨੀ ਸਮੀਕਰਨ ਕੁਝ ਹੋਰ ਹੀ ਇਸ਼ਾਰਾ ਕਰ ਰਹੇ ਹਨ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਰਨਾਲਾ ਜਿਲ੍ਹੇ ਅੰਦਰ ਆਪ ਸਰਕਾਰ ਦੀ ਸੱਤਾ ਦੇ ਦੋ ਕੇਂਦਰ ਬਣਨ ਜਾ ਰਹੇ ਹਨ। ਕਿਉਂਕਿ ਪਹਿਲਾਂ ਜਿਲ੍ਹੇ ਅੰਦਰ ਇਕੱਲੇ ਮੀਤ ਹੇਅਰ ਦੀ ਤੂਤੀ ਬੋਲਦੀ ਰਹੀ ਹੈ, ਤੇ ਉਨਾਂ ਦੀ ਕੋਠੀ ਹੀ ਸੱਤਾ ਦਾ ਕੇਂਦਰ ਬਿੰਦੂ ਰਹੀ ਹੈ। ਹੁਣ ਟ੍ਰਾਈਡੈਂਟ ਦੇ ਵਿਹੜੇ ਵੀ ਸੱਤਾ ਦੀਆਂ ਰੌਣਕਾਂ ਲੰਬੇ ਅਰਸੇ ਬਾਅਦ ਮੁੜ ਪਰਤੀਆਂ ਹਨ। ਵਰਨਣਯੋਗ ਹੈ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜ਼ਕਾਲ ਦੌਰਾਨ ਟ੍ਰਾਈਡੈਂਟ ਦਾ ਵਿਹੜਾ ਸੱਤਾ ਦਾ ਵੱਖਰਾ ਕੇਂਦਰ ਬਣਿਆ ਰਿਹਾ ਹੈ।
    ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦਿਖਾਈ ਸਰਗਰਮੀ
       ਆਪ ਆਗੂਆਂ ਦੀ ਸਮਾਗਮ ਤੋਂ ਬਣਾਈ ਦੂਰੀ ਦੇ ਉਲਟ, ਵਿਰੋਧੀ ਪਾਰਟੀਆਂ ਦੇ ਆਗੂ ਰਜਿੰਦਰ ਗੁਪਤਾ ਦਾ ਸਵਾਗਤ ਕਰਨ ਵਿੱਚ ਸਭ ਤੋਂ ਅੱਗੇ ਰਹੇ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ:
 * ਸ੍ਰੋਮਣੀ ਅਕਾਲੀ ਦਲ ਬਾਦਲ : ਦਲ ਦੇ ਸੂਬਾਈ ਮੀਤ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਆਪਣੀ ਪੂਰੀ ਕੋਰ ਟੀਮ ਸਮੇਤ ਪਹੁੰਚੇ ਹੋਏ ਸਨ। ਸ਼ੋਰੀ ਦੇ ਕਰੀਬੀ ਤੇ ਅਕਾਲੀ ਆਗੂ  ਰਾਜੀਵ ਵਰਮਾ ਰਿੰਪੀ, ਜਿੰਨ੍ਹਾਂ ਨੇ ਵਿਧਾਨ ਸਭਾ ਦੀ ਜਿਮਨੀ ਚੋਣ ਮੌਕੇ ਕੁੱਝ ਘੰਟਿਆਂ ਲਈ ਆਪ ਜੁਆਇਨ ਕਰਕੇ, ਉਸ ਤੋਂ ਕਿਨਾਰਾ ਕਰ ਲਿਆ ਸੀ, ਉਹ ਵੀ ਮੌਜੂਦ ਸਨ। 
 * ਭਾਰਤੀ ਜਨਤਾ ਪਾਰਟੀ: ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਭਦੌੜ ਤੋਂ ਚੋਣ ਲੜ ਚੁੱਕੇ ਕੌਂਸਲਰ ਧਰਮ ਸਿੰਘ ਫੌਜੀ, ਕੌਂਸਲਰ ਹਰਬਖਸੀਸ਼ ਸਿੰਘ ਗੋਨੀ ਅਤੇ ਨਗਰ ਕੌਸਲ ਦੇ ਸਾਬਕਾ ਮੀਤ ਪ੍ਰਧਾਨ ਤੇ ਕੌਂਸਲਰ ਨਰਿੰਦਰ ਗਰਗ ਨੀਟਾ ਵਰਗੇ ਦਿੱਗਜ ਆਗੂ, ਗੁਪਤਾ ਦਾ ਸਨਮਾਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਅਕਾਲੀ ਭਾਜਪਾ ਸਰਕਾਰ ਸਮੇਂ ਗੁਪਤਾ ਦਾ ਪ੍ਰੋਡੈਕਟ ਮੰਨੇ ਜਾਂਦੇ ਅਤੇ ਹੁਣ ਵੱਖ ਵੱਖ ਰਾਜਸੀ ਪਾਰਟੀ ਵਿੱਚ ਵੱਡੇ ਅਹੁਦਿਆਂ ਦੇ ਬਿਰਾਜਮਾਨ ਆਗੂਆਂ ਵੱਲੋਂ ਗੁਪਤਾ ਦੇ ਸਵਾਗਤ ਲਈ ਪਹੁੰਚਣ ਨੂੰ ਲੈ ਕੇ, ਇੱਕ ਵਿਅਕਤੀ ਨੇ ਚਟਕਾਰੇ ਲੈਂਦਿਆਂ ਕਿਹਾ ਕਿ ਹਾਲੇ ਤੱਕ ਗੁਪਤਾ ਜੀ ਨੇ, ਰਾਜਸੀ ਛੱਤਰੀ ਹੀ ਹਿਲਾਈ ਹੈ, ਅੱਜ ਹੀ ਕਈ ਵਿਰੋਧੀ ਪਾਰਟੀਆਂ ਦੇ ਆਗੂ ਉਸ ਦੀ ਛੱਤਰੀ ਤੇ ਪਹੁੰਚ ਗਏ। ਆਉਣ ਵਾਲੇ ਦਿਲਾਂ ਵਿੱਚ ਕੀ ਹੁੰਦਾ ਹੈ, ਵੇਖਣ ਵਾਲੀ ਗੱਲ ਹੋਵੇਗੀ। ਉੱਧਰ ਅਕਾਲੀ ਆਗੂ ਸ਼ੋਰੀ ਨੇ ਇੱਕ ਸਵਾਲ ਦੇ ਜੁਆਬ ਵਿੱਚ ਮੰਨਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ, ਉਹ ਜੋ ਵੀ ਹਨ, ਗੁਪਤਾ ਜੀ ਦੀ ਬਦੌਲਤ ਹੀ ਹਨ। ਇਸ ਲਈ,ਉਨਾਂ ਦੇ ਸੁਆਗਤ ਲਈ ਪਹੁੰਚਣਾ ਮੈਨੂੰ ਠੀਕ ਲੱਗਿਆ, ਮੈਂ ਕੋਈ ਪਰਦੇ ਦੇ ਪਿੱਛੇ ਮਿਲਣ ਲਈ ਨਹੀਂ ਆਇਆ, ਲੋਕਾਂ ਦੇ ਸਾਹਮਣੇ ਹੀ ਵਧਾਈ ਦੇਣ ਲਈ ਪਹੁੰਚਿਆਂ ਹਾਂ। 
     ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੇ ਇਸ ਸਵਾਗਤੀ ਸਮਾਗਮ ਨੇ ਬਰਨਾਲਾ ਦੀ ਸਿਆਸਤ ਵਿੱਚ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ‘ਆਪ’ ਦੇ ਅੰਦਰ ਸਭ ਅੱਛਾ ਹੈ? ਜਿੱਥੇ ਵਿਰੋਧੀ ਪਾਰਟੀਆਂ ਦੇ ਆਗੂ ਦਲਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਗੁਪਤਾ ਦਾ ਸਨਮਾਨ ਕਰ ਰਹੇ ਹਨ, ਉੱਥੇ ਹੀ ਆਪਣੀ ਹੀ ਪਾਰਟੀ ਦੇ ਆਗੂਆਂ ਦੀ ਗੈਰ-ਹਾਜ਼ਰੀ ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਨੂੰ ਜਨਮ ਦੇ ਰਹੀ ਹੈ।
Advertisement
Advertisement
Advertisement
Advertisement
error: Content is protected !!