ਇੱਕ ਕਿਸਾਨ ਮੋਰਚਾ ਹੁਣ ਬਠਿੰਡਾ ‘ਚ ਵੀ ਹੋ ਗਿਆ ਸ਼ੁਰੂ

Advertisement
Spread information

ਬੱਸ ਹਾਦਸਾ: ਫੌਤ ਹੋਈਆਂ ਕਿਸਾਨ ਬੀਬੀਆਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਧਰਨਾ 

ਅਸ਼ੋਕ ਵਰਮਾ , ਬਠਿੰਡਾ,6 ਜਨਵਰੀ 2025
         ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਟੋਹਾਣਾ ਕਿਸਾਨ ਮਹਾਂਪੰਚਾਇਤ ਵਿੱਚ ਪਿੰਡ ਕੋਠਾ ਗੁਰੂ ਤੋਂ ਜਾ ਰਹੀ ਬੱਸ ਹਾਦਸਾ ਗ੍ਰਸਤ ਹੋਣ ਕਾਰਨ ਬੱਸ ਵਿੱਚ ਸਵਾਰ ਸ਼ਹੀਦ ਹੋਈਆਂ ਤਿੰਨ ਕਿਸਾਨ ਔਰਤਾਂ ਦੇ ਪਰਿਵਾਰਾਂ ਅਤੇ ਜਖਮੀ ਹੋਏ ਕਿਸਾਨਾਂ ਨੂੰ ਮੁਆਵਜਾ ਦਿਵਾਉਣ ਲਈ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ ਜੋ ਮੰਗ ਪੂਰੀ ਹੋਣ ਤੋਂ ਬਾਅਦ ਹੀ ਖਤਮ ਕੀਤਾ ਜਾਏਗਾ। ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਜਥੇਬੰਦੀ ਦੇ ਆਗੂਆਂ ਅਤੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਸ਼ਹੀਦ ਕਿਸਾਨ ਔਰਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 
      ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਰੋਜਾਨਾ ਹੋਣ ਵਾਲੇ ਸੜਕ ਹਾਦਸਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸੜਕਾਂ ਤੇ ਨਿੱਤ ਦਿਨ ਆਮ ਲੋਕ ਅਣ ਆਈ ਮੌਤੇ ਮਰ ਰਹੇ ਹਨ, ਪਰ ਪੰਜਾਬ ਸਰਕਾਰ ਲੰਬੀਆਂ ਤਾਣ ਕੇ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ  ਹਾਦਸਿਆਂ ਤੋਂ ਕੋਈ ਸਬਕ ਲਿਆ ਜਾਵੇ ਪਰ ਪੰਜਾਬ ਸਰਕਾਰ ਨੇ ਆਮ ਲੋਕਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ। ਉਨਾਂ ਸਰਕਾਰ ਨੂੰ ਇਹ ਆਲਸੀਪੁਣਾ ਛੱਡਣ ਦੀ ਨਸੀਹਤ ਵੀ ਦਿੱਤੀ ਅਤੇ ਇਸ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
         ਧਰਨੇ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਹਰਜਿੰਦਰ ਸਿੰਘ, ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਔਰਤ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਹਰਿੰਦਰ ਕੌਰ ਬਿੰਦੂ ਨੇ ਸਰਕਾਰ ਦੁਆਰਾ ਘਟਨਾ ਦੇ ਦੋ ਦਿਨ ਬੀਤਣ ਦੇ ਬਾਵਜੂਦ ਮੰਗਾਂ ਸਬੰਧੀ ਧਾਰੀ ਮੁਜਰਮਾਨਾ ਚੁੱਪ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹਸਪਤਾਲਾਂ ਚ ਸਰਕਾਰ ਦੁਆਰਾ ਤੁਰੰਤ ਮੁਫਤ ਸਿਹਤ ਸਹੂਲਤ ਦੇਣ ਦੀ ਬਜਾਏ ਉਹਨਾਂ ਨੂੰ ਫਰਿਸ਼ਤਾ ਸਕੀਮ ਤਹਿਤ ਇਲਾਜ ਦੇ ਪ੍ਰਬੰਧ ਅਧੀਨ ਆ ਰਹੀਆਂ ਤਕਨੀਕੀ ਦਿੱਕਤਾਂ ਕਾਰਨ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਹੀਦ ਹੋਈਆਂ ਤਿੰਨ ਔਰਤਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਸਿਰ ਚੜਿਆ ਸਾਰਾ ਕਰਜ਼ਾ ਖਤਮ ਕਰਵਾਉਣ, ਗੰਭੀਰ ਜਖਮੀਆਂ ਨੂੰ ਪੰਜ ਪੰਜ ਲੱਖ ਰੁਪਏ ਅਤੇ ਹੋਰ ਜਖਮੀਆਂ ਨੂੰ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਦਿਵਾਉਣ ਤੱਕ ਧਰਨਾ ਜਾਰੀ ਰਹੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਜਖਮੀਆਂ ਦਾ ਇਲਾਜ ਮਾਹਰ ਡਾਕਟਰਾਂ ਦੁਆਰਾ ਸਰਕਾਰੀ ਖਰਚੇ ਤੇ ਕੀਤਾ ਜਾਵੇ । 
       ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੁਆਰਾ ਕੇਂਦਰ ਸਰਕਾਰ ਵੱਲੋ ਕਾਰਪੋਰੇਟਾਂ ਦਾ ਅਨਾਜ ਅਤੇ ਜਮੀਨਾਂ ਤੇ ਕਬਜ਼ਾ ਕਰਾਉਣ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਕਾਰਪਰੇਟਾਂ ਨੂੰ ਕਿਸਾਨਾਂ ਦੀਆਂ ਜਮੀਨਾਂ ਹਥਿਆਉਣ ਲਈ ਉਹਨਾਂ ਦੇ ਪੱਖ ਦੇ ਕਾਨੂੰਨ ਬਣਾਏ ਜਾ ਰਹੇ ਹਨ ।ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਦੇ ਇੰਨੇ ਵੱਡੇ ਹਮਲੇ ਵਿਰੁੱਧ ਸਮੂਹ ਕਿਰਤੀ ਲੋਕ ਸੰਘਰਸ਼ਾਂ ਦੇ ਮੈਦਾਨ ਵਿੱਚ ਆਉਣ ਤਾਂ ਕਿ ਖੇਤੀ ਖੇਤਰ ਵਿੱਚੋਂ ਬਾਹਰ ਕਰਕੇ ਕਾਰਪੋਰੇਟਾਂ ਦਾ ਦਖਲ ਬੰਦ ਕੀਤਾ ਜਾ ਸਕੇ। ਅੱਜ ਦੇ ਧਰਨੇ ਵਿੱਚ ਸ਼ਹੀਦ ਹੋਈਆਂ ਤਿੰਨਾਂ ਔਰਤਾਂ ਦੇ ਪਰਿਵਾਰਾਂ ਨੇ ਵੀ ਸ਼ਮੂਲੀਅਤ ਕੀਤੀ। ਧਰਨੇ ਨੂੰ ਬਲਜੀਤ ਸਿੰਘ ਪੂਹਲਾ, ਸੁਖਜੀਤ ਸਿੰਘ ਕੋਠਾ ਗੁਰੂ,ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਜ਼ਿਲਾ ਆਗੂ ਤੀਰਥ ਸਿੰਘ ਕੋਠਾ ਗੁਰੂ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂ ਅਮਰਜੀਤ ਸਿੰਘ ਕੋਠਾ ਗੁਰੂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂ ਕੁਲਵੰਤ ਸਿੰਘ, ਕ੍ਰਾਂਤੀਕਾਰੀ ਸੈਨਿਕ ਯੂਨੀਅਨ ਦੇ ਆਗੂ ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ।
Advertisement
Advertisement
Advertisement
Advertisement
Advertisement
error: Content is protected !!