ਡਾਕਟਰਾਂ ਦੀ ਸਰਕਾਰ ਨੂੰ ਘੁਰਕੀ, ਸਮੂਹਿਕ ਹੜਤਾਲ ਤੇ ਜਾਵਾਂਗੇ,,,

Advertisement
Spread information

ਮਰੀਜ਼ਾਂ ਨੂੰ ਖੱਜਲਖੁਆਰੀ ਦੀ ਹਸਪਤਾਲਾਂ ‘ਚ ਫਿਰ ਹੋਗੀ ਤਿਆਰੀ,,,

ਪੀ.ਸੀ.ਐਮ.ਐਸ. ਐਸੋਸੀਏਸ਼ਨ ਮੁੜ ਧਰਨੇ  ਲਾਉਣ ਲਈ ਹੋਈ ਮਜਬੂਰ

ਵੱਡਾ ਦੋਸ਼, ਪੰਜਾਬ ਸਰਕਾਰ ਆਪਣੇ ਮਿੱਥੇ ਸਮੇਂ ਵਿੱਚ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਸਕੀ

ਬੇਅੰਤ ਬਾਜਵਾ, ਲੁਧਿਆਣਾ 5 ਜਨਵਰੀ

   ਲੰਘੇ ਵਰ੍ਹੇ ਸਤੰਬਰ ਮਹੀਨੇ ਦੌਰਾਨ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਅਫਸਰਾਂ ਵੱਲੋਂ ਸੁਰੱਖਿਆ ਅਤੇ ਤਰੱਕੀਆਂ ਦੀਆਂ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ, ਜਿਸ ਦੌਰਾਨ ਓਪੀਡੀ ਸੇਵਾਵਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਡਾਕਟਰਾਂ ਦੇ ਰੋਸ ਮੁਜ਼ਾਹਰਿਆਂ ਤੋਂ ਬਾਅਦ 14 ਸਤੰਬਰ ਨੂੰ ਸਿਹਤ ਮੰਤਰੀ ਪੰਜਾਬ ਵੱਲੋਂ ਪੰਜਾਬ ਭਵਨ ਵਿੱਚ ਬੈਠਕ ਉਪਰੰਤ ਮੀਡੀਆ ਵਿੱਚ ਲੋਕਾਂ ਦੇ ਸਾਹਮਣੇ ਆ ਕੇ ਇਹ ਵਾਅਦਾ ਕੀਤਾ ਸੀ ਕਿ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਤਿੰਨ ਹਫਤੇ ਦੇ ਸਮੇਂ ਵਿੱਚ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ।

Advertisement

   ਸਰਕਾਰੀ ਡਾਕਟਰਾਂ ਦੀ ਜਥੇਬੰਦੀ ਵੱਲੋਂ ਇਸ  ਭਰੋਸੇ ਤੇ ਧਰਨਾ ਖਤਮ ਕਰ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ, ਪਰ ਮਿਥੇ ਸਮੇਂ ਵਿੱਚ ਸਰਕਾਰ ਵੱਲੋਂ ਦੋਨੋਂ ਮੁੱਦਿਆਂ ਤੇ ਕੁਝ ਨਾ ਕੀਤੇ ਜਾਣ ਕਾਰਨ ਪੂਰੇ ਪੰਜਾਬ ਦੇ ਮੈਡੀਕਲ ਅਫਸਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਬਹੁਤੀਆਂ ਥਾਵਾਂ ਤੇ ਕਈ ਸਪੈਸ਼ਲਿਸਟ ਸਰਕਾਰੀ ਸੇਵਾਵਾਂ ਤੋਂ ਰਿਜਾਇਨ ਕਰਕੇ ਹਸਪਤਾਲ ਛੱਡ ਰਹੇ ਹਨ। ਇਸ ਨੂੰ ਦੇਖਦੇ ਹੋਏ ਡਾਕਟਰਾਂ ਦੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨੂੰ ਮੁੜ ਚੇਤਾਵਨੀ ਦਿੱਤੀ ਹੈ ਕਿ ਡਾਕਟਰ ਨਹੀਂ ਚਾਹੁੰਦੇ ਕਿ ਮਰੀਜ਼ ਪਰੇਸ਼ਾਨ ਹੋਣ ਇਸ ਲਈ ਸਰਕਾਰ ਸਮਾਂ ਰਹਿੰਦੇ ਹੀ ਸੁਰੱਖਿਆ ਤੇ ਕੈਰੀਅਰ ਪ੍ਰੋਗਰੈਸ਼ਨ ਦੇ ਦੋਨੋਂ ਮੁੱਦਿਆਂ ਤੇ ਜਿੱਥੇ ਸਹਿਮਤੀ ਬਣੀ ਸੀ। ਉਹਨਾਂ ਨੂੰ ਪੂਰਾ ਕਰੇ ਨਹੀਂ ਤਾਂ 20 ਜਨਵਰੀ 2025 ਤੋਂ ਮੁੜ ਤੋਂ ਓਪੀਡੀ ਸੇਵਾਵਾਂ ਬੰਦ ਕਰ ਧਰਨੇ ਦੇਣ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਨਹੀਂ ਰਹੇਗਾ।

   ਐਸੋਸੀਏਸ਼ਨ ਨੇ ਸਾਰੇ ਜਿਲਿਆਂ ਦੀਆਂ ਇਕਾਈਆਂ ਦੀ 12 ਜਨਵਰੀ ਨੂੰ ਅਗਲੀ ਰਣਨੀਤੀ  ਸਬੰਧੀ ਇੱਕ ਮੀਟਿੰਗ ਵੀ ਸੱਦੀ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਕਿ ਸਾਡੀ ਐਸੋਸੀਏਸ਼ਨ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਜਥੇਬੰਦੀ ਹੈ ।

     ਹਸਪਤਾਲਾਂ ਵਿੱਚ ਸੁਰੱਖਿਆ ਸਿਰਫ ਡਾਕਟਰਾਂ ਦੀ ਹੀ ਨਹੀਂ, ਉੱਥੇ ਹਰੇਕ ਸਟਾਫ ਅਤੇ ਆਉਣ ਵਾਲੇ ਮਰੀਜ਼ਾਂ ਦੀ ਵੀ ਲੋੜ ਹੈ ਕਿਉਂਕਿ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਸਮਾਨ ਦੀ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਗਾਰਡ ਹੋਣੇ ਚਾਹੀਦੇ ਹਨ।          ਇਸੇ ਤਰ੍ਹਾਂ ਡਾਕਟਰਾਂ ਦੇ ਕੈਰੀਅਰ ਵਿੱਚ ਪ੍ਰਮੋਸ਼ਨ ਨਾ ਹੋਣ ਕਾਰਨ ਚੰਗੇ ਸੂਝਵਾਨ ਡਾਕਟਰ ਸਰਕਾਰੀ ਹਸਪਤਾਲ ਛੱਡ ਕੇ ਪ੍ਰਾਈਵੇਟ ਹਸਪਤਾਲਾਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ। ਇਹ ਸਰਕਾਰ ਦੀ ਨਾਕਾਮਯਾਬੀ ਹੈ ਕਿ ਉਹ ਨਾ ਤਾਂ ਪੁਰਾਣੇ ਕੰਮ ਕਰ ਰਹੇ ਡਾਕਟਰਾਂ ਨੂੰ ਸੰਭਾਲ ਪਾ ਰਹੇ ਹਨ ਅਤੇ ਨਾ ਹੀ ਉਹਨਾਂ ਕੋਲ ਨਵੀਂ ਭਰਤੀ ਵਿੱਚ ਡਾਕਟਰ ਜੁਆਇਨ ਕਰ ਰਹੇ ਹਨ। ਜ਼ਿਕਰ ਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਵੱਡਾ ਆਯੋਜਨ ਕਰਦੇ ਹੋਏ ਪਟਿਆਲਾ ਜਿਲੇ ਵਿੱਚ 304 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ ਜਿਨਾਂ ਦੀ ਜੁਆਇਨ ਕਰਨ ਦੀ ਅੱਜ ਆਖਰੀ ਮਿਤੀ ਸੀ ਪਰ ਜਾਣਕਾਰੀ ਅਨੁਸਾਰ ਇੱਕ ਤਿਹਾਈ ਡਾਕਟਰਾਂ ਨੇ ਨੌਕਰੀ ਜੁਆਇਨ ਹੀ ਨਹੀਂ ਕੀਤੀ, ਕਿਉਂਕਿ ਸਰਕਾਰ ਸਿਹਤ ਵਿਭਾਗ ਦੇ ਮੈਡੀਕਲ ਅਫਸਰਾਂ ਦੀਆਂ ਸੇਵਾਵਾਂ ਦੀਆਂ ਸ਼ਰਤਾਂ ਵਿੱਚ ਕੋਈ ਸੁਧਾਰ ਹੀ ਨਹੀਂ ਕਰ ਰਹੀ।      ਪ੍ਰਮੋਸ਼ਨ ਦੇ ਮੌਕਿਆ ਦੀ ਘਾਟ ਹੋਣ ਕਾਰਨ  4-9-14 ਸਾਲਾਂ ਤੇ ਕੈਰੀਅਰ ਪ੍ਰੋਗਰੈਸ਼ਨ ਦੀ ਪਹਿਲਾਂ ਤੋਂ ਚਲਦੀ ਆ ਰਹੀ ਸਕੀਮ ਨੂੰ ਵੀ ਬਿਨਾਂ ਕਿਸੇ ਕਾਰਨ ਤੋਂ ਰੋਕਿਆ ਜਾਣਾ ਇਸ ਦਾ ਪ੍ਰਮੁੱਖ ਕਾਰਨ ਹੈ। ਪੀਸੀਐਮਐਸ ਮੈਡੀਕਲ ਅਧਿਕਾਰੀਆਂ ਨੇ ਹਾਲੇ ਵੀ ਆਸ ਜਤਾਈ ਹੈ ਕਿ ਸਿਹਤ ਮੰਤਰੀ ਅਤੇ ਸਿਹਤ ਪ੍ਰਬੰਧਕੀ ਸਕੱਤਰ ਵੱਲੋਂ ਸਮੇਂ ਸਿਰ ਫਾਈਨੈਨੰਸ ਡਿਪਾਰਟਮੈਂਟ ਤੋਂ ਲੋੜੰਦੀਆਂ ਮਨਜੂਰੀਆਂ ਲੈ ਲਈਆਂ ਜਾਣ ਤਾਂ ਜੋ ਕਿਸੇ ਧਰਨੇ ਦੀ ਨੌਬਤ ਨਾ ਆਵੇ । ਜੇਕਰ 20 ਜਨਵਰੀ ਤੱਕ ਇਸ ਬਾਬਤ ਸਰਕਾਰ ਨੇ ਕੁਝ ਨਾ ਕੀਤਾ ਤਾਂ ਸਾਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਇਕੱਠੀ ਹੜਤਾਲ ਕੀਤੀ ਜਾਵੇਗੀ।

Advertisement
Advertisement
Advertisement
Advertisement
Advertisement
error: Content is protected !!