ਡਾ. ਅਮਿਤ ਬਾਂਸਲ ਨੂੰ ਭਲ੍ਹਕੇ ਕੋਰਟ ‘ਚ ਕੀਤਾ ਜਾਵੇਗਾ ਪੇਸ਼, ਹੋ ਸਕਦੇ ਨੇ ਅਹਿਮ ਖੁਲਾਸੇ…
ਨਸ਼ਾ ਛੁਡਾਊ ਕੇਂਦਰਾਂ ਦੀ ਤਹਿਕੀਕਾਤ ਲਈ ਹੋਰ ਚੁਕੰਨੀ ਹੋਈ ਪੰਜਾਬ ਸਰਕਾਰ
ਹਰਿੰਦਰ ਨਿੱਕਾ, ਚੰਡੀਗੜ੍ਹ 6 ਜਨਵਰੀ 2025
ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਦੇ ਜੰਜਾਲ ਵਿੱਚੋਂ ਕੱਢਣ ਦੇ ਨਾਂ ਹੇਠ ਸੂਬੇ ਦੀਆਂ 22 ਵੱਖ-ਵੱਖ ਥਾਂਵਾ ਤੇ ਮੱਕੜਜਾਲ ਵਿਛਾ ਕੇ ਥੋਡ੍ਹੇ ਸਮੇਂ ਵਿੱਚ ਹੀ ਫਰਸ਼ ਤੋਂ ਅਰਸ਼ ਤੱਕ ਪਹੁੰਚਣ ਵਾਲੇ ਡਾਕਟਰ ਅਮਿਤ ਬਾਂਸਲ ਦੀ ਪੁੱਛਗਿੱਛ ਲਈ ਵਿਜੀਲੈਂਸ ਬਿਊਰੋ ਨੂੰ ਮਿਲੇ ਪੁਲਿਸ ਰਿਮਾਂਡ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਭਲਕੇ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ ਦੀ ਟੀਮ ਵੱਲੋਂ ਡਾਕਟਰ ਅਮਿਤ ਬਾਂਸਲ ਦੇ ਖਿਲਾਫ 31 ਦਸੰਬਰ 2024 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਸੈਕਸ਼ਨ 7/7ਏ ਅਤੇ 120-ਬੀ ਆਈਪੀਸੀ ਦੇ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕਰਕੇ,ਉਸ ਨੂੰ ਗਿਰਫਤਾਰ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਹਾਲੀ ਦੀ ਸਪੈਸ਼ਲ ਕੋਰਟ ਵਿੱਚ, ਉਸ ਨੂੰ ਪੇਸ਼ ਕਰਕੇ,ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਮਾਨਯੋਗ ਕੋਰਟ ਤੋਂ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ, ਮਾਨਯੋਗ ਅਦਾਲਤ ਨੇ ਵਿਜੀਲੈਂਸ ਬਿਊਰੋ ਨੂੰ ਡਾਕਟਰ ਤੋਂ ਪੁੱਛਗਿੱਛ ਲਈ 7 ਜਨਵਰੀ ਤੱਕ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ। ਪੁਲਿਸ ਰਿਮਾਂਡ ਦੀ ਮਿਆਦ ਭਲਕੇ ਪੂਰੀ ਹੋਣੀ ਹੈ,ਤੇ ਨਾਮਜ਼ਦ ਦੋਸ਼ੀ ਡਾਕਟਰ ਅਮਿਤ ਨੂੰ ਦੁਬਾਰਾ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਦੇ ਸੂਤਰਾਂ ਅਨੁਸਾਰ ਵਿਜੀਲੈਂਸ ਬਿਊਰੋ ਡਾਕਟਰ ਅਮਿਤ ਦਾ ਪੁਲਿਸ ਰਿਮਾਂਡ ਵਧਾਉਣ ਦੀ ਡਿਮਾਂਡ ਅਦਾਲਤ ਪਾਸੋਂ ਕਰੇਗੀ। ਤਾਂਕਿ ਪਹਿਲਾਂ ਪੁੱਛਗਿੱਛ ਦੌਰਾਨ ਸਾਹਮਣੇ ਆਈਆਂ ਗੱਲਾਂ ਦੀ ਕੜੀ ਨਾਲ ਕੜੀ ਜੋੜ ਕੇ, ਜਾਂਚ ਦਾ ਦਾਇਰਾ ਹੋਰ ਵਧਾਇਆ ਜਾ ਸਕੇ। ਦੂਜੇ ਪਾਸੇ ਡਾਕਟਰ ਅਮਿਤ ਬਾਂਸਲ ਦੇ ਪਰਿਵਾਰਿਕ ਮੈਂਬਰ, ਉਸ ਦੇ ਕਾਲੇ ਧੰਦੇ ਵਿੱਚ ਭਾਗੀਦਾਰ ਵਿਅਕਤੀ ਅਤੇ ਨਿਆਂਪਾਲਿਕਾ ਵਿੱਚ ਅਸਰ ਰਸੂਖ ਰੱਖਣ ਵਾਲੇ ਕੁੱਝ ਅਧਿਕਾਰੀ ਪੁਲਿਸ ਰਿਮਾਂਡ ਨਾ ਵਧਾਉਣ ਲਈ ਪੂਰਾ ਜੋਰ ਲਾ ਰਹੇ ਹਨ ਤਾਂਕਿ ਪੁੱਛਗਿੱਛ ਦੌਰਾਨ ਉਸ ਦੀ ਪੂਰੀ ਜੁੰਡਲੀ ਦਾ ਚਿਹਰਾ ਬੇਨਕਾਬ ਨਾ ਹੋ ਜਾਵੇ। ਵਰਨਣਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਨੇ ਆਪਣੇ ਪ੍ਰਾਈਵੇਟ ਕੈਰੀਅਰ ਦੀ ਸ਼ੁਰੂਆਤ ਅਮਿਤ ਸਕੈਨ ਸੈਂਟਰ ਬਰਨਾਲਾ ਤੋਂ ਕੀਤੀ ਸੀ, ਫਿਰ ਬਰਨਾਲਾ ਮਨੋਰੋਗ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਤੋਂ ਹੁੰਦਿਆਂ ਪੰਜਾਬ ਅੰਦਰ 22 ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ ਪੰਜਾਬ ਅੰਦਰ ਆਪਣੀ ਧਾਂਕ ਜਮਾ ਰੱਖੀ ਸੀ।
ਪਤਾ ਇਹ ਵੀ ਲੱਗਿਆ ਹੈ ਕਿ…..
ਵਿਜੀਲੈਂਸ ਦੀ ਤਫਤੀਸ਼ ਅਤੇ ਕੰਮ ਢੰਗ ਨੂੰ ਨੇੜਿਉ ਸਮਝਣ ਵਾਲਿਆਂ ਦਾ ਕਹਿਣਾ ਹੈ ਕਿ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੀ ਪੁੱਛਗਿੱਛ ਅਤੇ ਪੰਜਾਬ ਪੁਲਿਸ ਦੀ ਤਫਤੀਸ਼ ਵਿੱਚ ਜਮੀਨ ਅਸਮਾਨ ਜਿੰਨ੍ਹਾਂ ਫਰਕ ਹੁੰਦਾ ਹੈ, ਸੱਤ ਦਿਨਾਂ ਦੇ ਪੁਲਿਸ ਰਿਮਾਂਡ ਦੌਰਾਨ ਡਾਕਟਰ ਅਮਿਤ ਦੇ ਨਸ਼ਾ ਛੁਡਾਊ ਕੇਂਦਰਾਂ ਦੇ ਵਿਛਾਏ ਜਾਲ ਵਿੱਚ ਸ਼ਾਮਿਲ ਹੋਰਨਾਂ ਹਿੱਸੇਦਾਰਾਂ ਬਾਰੇ ਅਹਿਮ ਖੁਲਾਸੇ ਹੋਣਾ ਅਤੇ ਪੂਰੇ ਗੜਬੜ ਘੁਟਾਲੇ ਦੀਆਂ ਤੰਦਾਂ ਉੱਧੜਣੀਆਂ ਲਾਜਿਮੀ ਹੀ ਹਨ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਹੈਰਾਨੀਜਨਕ ਖੁਲਾਸੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਕੁੱਝ ਵੀ ਖੁਲਾਸੇ ਕਰਨ ਤੋਂ ਗੁਰੇਜ ਹੀ ਕਰ ਰਹੇ ਹਨ। ਇਨ੍ਹਾਂ ਜਰੂਰ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ 7 ਦਿਨਾਂ ਦੌਰਾਨ ਕੀਤੀ ਪੁੱਛਗਿੱਛ ਅਤੇ ਤਫਤੀਸ਼ ਦੀ ਪ੍ਰਗਤੀ ਰਿਪੋਰਟ ਬਾਰੇ ਮਾਨਯੋਗ ਸਪੈਸ਼ਲ ਕੋਰਟ ਵਿੱਚ ਬਕਾਇਦਾ ਲਿਖਤੀ ਜਾਣਕਾਰੀ ਦਿੱਤੀ ਜਾਵੇਗੀ, ਵਿਜੀਲੈਂਸ ਬਿਊਰੋ ਦੀ ਟੀਮ ਡਾਕਟਰ ਅਮਿਤ ਬਾਂਸਲ ਤੋਂ ਹੋਰ ਕੀ ਕੁੱਝ ਪੁੱਛਣਾ ਹੈ ਅਤੇ ਬਰਾਮਦ ਕਰਵਾਉਣਾ ਚਾਹੁੰਦੀ ਹੈ,ਇਸ ਦੀ ਫਹਿਰਿਸ਼ਤ ਵੀ ਪੁਲਿਸ ਰਿਮਾਂਡ ਦੀ ਡਿਮਾਂਡ ਦੇ ਨਾਲ ਅਦਾਲਤ ਦੇ ਰਿਕਾਰਡ ਤੇ ਰੱਖੀ ਜਾਵੇਗੀ। ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀ ਪੁਰਉਮੀਦ ਹਨ ਕਿ ਨਸ਼ਾ ਛੁਡਾਊ ਕੇਂਦਰਾਂ ਦੀ ਆੜ ‘ਚ ਕਥਿਤ ਤੌਰ ਤੇ ਜ਼ਾਰੀ ਵੱਡੇ ਡਰੱਗ ਰੈਕਟ ਦੀ ਗੰਭੀਰਤਾ ਨੂੰ ਵੇਖਦਿਆਂ ਮਾਨਯੋਗ ਅਦਾਲਤ ਨਾਮਜ਼ਦ ਦੋਸ਼ੀ ਦੀ ਹੋਰ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮਿਆਦ ਵਿੱਚ ਵਾਧਾ ਕਰ ਸਕਦੀ ਹੈ। ਵਿਜੀਲੈਂਸ ਬਿਊਰੋ ਦੀ ਪੇਸ਼ੇਵਾਰਾਨਾ ਢੰਗ ਨਾਲ ਤਫਤੀਸ਼ ਕਰ ਰਹੀ ਟੀਮ ਨੇ ਪੁਲਿਸ ਰਿਮਾਂਡ ਹਾਸਿਲ ਕਰਨ ਲਈ ਆਪਣੇ ਵੱਲੋਂ ਪੂਰੀ ਤਿਆਰੀ ਕਰ ਰੱਖੀ ਹੈ। ਜਦੋਂਕਿ ਡਾਕਟਰ ਅਮਿਤ ਬਾਂਸਲ ਵੱਲੋਂ ਪੇਸ਼ ਹੋਣ ਵਾਲੇ ਵਕੀਲਾਂ ਵੱਲੋਂ ਪੁਲਿਸ ਰਿਮਾਂਡ ਦਾ ਵਿਰੋਧ ਕਰਨਾ ਅਤੇ ਕਾਨੂੰਨੀ ਦਾਅਪੇਚਾਂ ਦੇ ਸਹਾਰੇ ਕੇਸ ਨੂੰ ਹੀ ਗਲਤ ਕਿਹਾ ਜਾਣਾ ਸੁਭਾਵਿਕ ਹੀ ਹੈ। ਪਰੰਤੂ ਲੋਕਾਂ ਦੀਆਂ ਨਜ਼ਰਾਂ ਅਦਾਲਤ ਵਿੱਚ ਭਲ੍ਹਕੇ ਹੋਣ ਵਾਲੀ ਸੁਣਵਾਈ ਤੇ ਟਿਕੀਆਂ ਹੋਈਆਂ ਹਨ। ਫਿਰ ਵੀ ਨਾਮਜ਼ਦ ਦੋਸ਼ੀ ਦਾ ਪੁਲਿਸ ਰਿਮਾਂਡ ਦੇਣਾ ਜਾਂ ਨਿਆਂਇਕ ਹਿਰਾਸਤ ਵਿੱਚ ਭੇਜਣ ਬਾਰੇ ਫੈਸਲਾ ਤਾਂ ਮਾਨਯੋਗ ਅਦਾਲਤ ਦੇ ਹੱਥ ਵੱਸ ਹੀ ਹੈ। ਜਿਕਰਯੋਗ ਹੈ ਕਿ ਡਾਕਟਰ ਅਮਿਤ ਬਾਂਸਲ ਤੇ ਦੋਸ਼ ਹੈ ਕਿ ਉਹ ਆਪਣੇ ਪ੍ਰਬੰਧ ਅਧੀਨ ਚੱਲ ਰਹੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ਾ ਛੁਡਾਉਣ ਲਈ ਵਰਤੀਆਂ ਜਾਂਦੀਆਂ ਗੋਲੀਆਂ ਦੀ ਦੁਰਵਰਤੋਂ ਕਰਕੇ,ਇਨ੍ਹਾਂ ਨੂੰ ਬਜ਼ਾਰ ਵਿੱਚ ਵੀ ਵੇਚਿਆ ਜਾਂਦਾ ਰਿਹਾ ਹੈ। ਡਾਕਟਰ ਅਮਿਤ ਦੇ ਪ੍ਰਬੰਧ ਹੇਠਲੇ ਤਿੰਨ ਨਸ਼ਾ ਛੁਡਾਊ ਕੇਂਦਰਾਂ ਲੁਧਿਆਣਾ ,ਪਟਿਆਲਾ ਦੇ ਕੁੱਝ ਸਟਾਫ ਮੈਂਬਰਾਂ ਅਤੇ ਨਕੋਦਰ ਵਿਖੇ ਸਟਾਫ ਮੈਂਬਰਾਂ ਦੇ ਨਾਲ-ਨਾਲ ਖੁਦ ਡਾਕਟਰ ਅਮਿਤ ਦੇ ਖਿਲਾਫ ਵੀ ਐਨਡੀਪੀਐਸ ਐਕਟ ਤੇ ਆਈਪੀਸੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪਰੰਤੂ ਡਾਕਟਰ ਅਮਿਤ ਹੁਣ ਪਹਿਲੀ ਵਾਰ ਪੁਲਿਸ ਦੀ ਪਕੜ ਵਿੱਚ ਆਇਆ ਹੈ, ਜਦੋਂਕਿ ਇਸ ਤੋਂ ਪਹਿਲਾਂ ਉਹ ਆਪਣੇ ਰਾਜਸੀ ਰਸੂਖ ਅਤੇ ਨਿਆਂਪਾਲਿਕਾ ਨਾਲ ਜੁੜੇ ਅਧਿਕਾਰੀਆਂ ਦੇ ਰੁਤਬੇ ਦਾ ਫਾਇਦਾ ਉਠਾ ਕੇ ਬਚਦਾ ਰਿਹਾ ਸੀ। ਓਧਰ ਪੰਜਾਬ ਸਰਕਾਰ ਨੇ ਵੀ ਨਸ਼ਿਆਂ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਉਲੀਕ ਲਈ ਹੈ। ਸੂਬਾ ਸਰਕਾਰ ਨੇ ਨਸ਼ਾ ਮੁਕਤੀ ਅਤੇ ਪੁਨਰਵਾਸ ਪ੍ਰੋਗਰਾਮ ਦੀ ਨਿਗਰਾਨੀ ਲਈ ਮੁੱਖ ਸਕੱਤਰ ਕੇਪੀ ਸਿੰਨਹਾਂ ਦੀ ਅਗਵਾਈ ਵਿੱਚ ਸਟੀਰਿੰਗ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦਾ ਨੋਡਲ ਅਫਸਰ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ ਨੂੰ ਲਗਾਇਆ ਗਿਆ ਹੈ।