ਸੁਮਨਪ੍ਰੀਤ ਨੇ ਪੰਜਾਬ ਹੁਨਰ – 2024 ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਤਮਗਾ

Advertisement
Spread information

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਚੰਡੀਗੜ੍ਹ ‘ਚ ਚਾਂਦੀ ਦਾ ਤਗਮਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਕੀਤਾ ਗਿਆ ਸਨਮਾਨਿਤ 

ਰਘਵੀਰ ਹੈਪੀ, ਬਰਨਾਲਾ 18 ਸਤੰਬਰ 2024
      ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੀ ਸੁਮਨਪ੍ਰੀਤ ਕੌਰ ਨੇ ਇੰਡੀਆ ਸਕਿੱਲ ਪੰਜਾਬ 2024 ਦੇ ਤਹਿਤ ਹੋਏ ਪੰਜਾਬ ਹੁਨਰ ਦੇ ਮੁਕਾਬਲਿਆਂ ਵਿੱਚ ਸੂਬਾ ਪੱਧਰ ‘ਤੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਸੁਮਨਪ੍ਰੀਤ ਕੌਰ ਇਸ ਸਮੇਂ ਸੰਤ ਬਾਬਾ ਅੱਤਰ ਸਿੰਘ ਸਰਕਾਰੀ ਬਹੁ- ਤਕਨੀਕੀ ਕਾਲਜ ਬਡਬਰ ਵਿਖੇ ਸਿਵਲ ਇੰਜੀਨੀਅਰਿੰਗ ਸਮੈਸਟਰ ਪੰਜਵੇਂ ਦੀ ਵਿਦਿਆਰਥਣ ਹੈ।                                 
        ਸੁਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੀ ਚੋਣ ਪ੍ਰੀ ਸਕਰੀਨਿੰਗ ਦੇ ਤਹਿਤ ਕੰਕਰੀਟ ਕੰਸਟਰਕਸ਼ਨ ਵਿੱਚ ਸਿੱਧੀ ਸਟੇਟ ਪੱਧਰ ‘ਤੇ ਹੋਈ ਸੀ, ਜਦਕਿ ਇਸ ਪੱਧਰ ‘ਤੇ ਪਹੁੰਚਣ ਲਈ ਆਮ ਤੌਰ ‘ਤੇ ਪ੍ਰੈਕਟੀਕਲ ਰੂਪ ਵਿੱਚ ਇਮਤਿਹਾਨ ਦੇਣਾ ਪੈਂਦਾ ਹੈ। ਇਸ ਤੋਂ ਬਾਅਦ ਉਸ ਨੂੰ ਨੈਸ਼ਨਲ ਪੱਧਰ ‘ਤੇ ਵੀ ਦਿੱਲੀ ਵਿਖੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਮਿਲਿਆ ਹੈ।                                     
          ਉਸ ਨੇ ਦੱਸਿਆ ਕਿ ਉਨ੍ਹਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਦੇ ਹਯਾਤ ਰੈਜੀਏਸੀ ਵਿਖੇ ਮੁੱਖ ਮਹਿਮਾਨ ਵਜੋਂ ਪੁੱਜੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਤੇ ਪੰਜਾਬ ਸਰਕਾਰ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਆਈ.ਏ. ਐੱਸ. ਸ਼੍ਰੀਮਤੀ ਜਸਪ੍ਰੀਤ ਤਲਵਾੜ ਵੱਲੋਂ ਚਾਂਦੀ ਦਾ ਤਮਗਾ, ਸਨਮਾਨ ਪੱਤਰ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ।
      ਸੁਮਨਪ੍ਰੀਤ ਕੌਰ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕਾਲਜ ਦੇ ਪ੍ਰੋਫੈਸਰ ਹਰਚਰਨ ਸਿੰਘ ਨੂੰ ਦਿੰਦਿਆਂ ਕਿਹਾ ਕਿ ਇੰਨ੍ਹਾਂ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਦੀ ਬਦੌਲਤ ਉਸ ਨੂੰ ਇੱਥੇ ਤੱਕ ਅੱਪੜਨ ਦਾ ਮੌਕਾ ਮਿਲਿਆ ਹੈ, ਇਸ ਲਈ ਉਹ ਅੱਗੇ ਵੀ ਪੰਜਾਬ ਹੁਨਰ ਦੇ ਤਹਿਤ ਹੋਣ ਵਾਲੇ ਇੰਨਾਂ ਮੁਕਾਬਲਿਆਂ ਵਿੱਚ ਮੁੜ ਭਾਗ ਲਵੇਗੀ। ਇਸ ਤੋਂ ਇਲਾਵਾ ਉਸ ਦੀ ਇਸ ਕਾਮਯਾਬੀ ਵਿੱਚ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾ ਦਾ ਵੀ ਉਚੇਚਾ ਤੇ ਅਹਿਮ ਯੋਗਦਾਨ ਹੈ। ਜਿੰਨਾ ਵੱਲੋਂ ਦਿੱਤੀ ਗਈ ਪ੍ਰੇਰਣਾ ‘ਤੇ ਚੱਲਦਿਆਂ ਉਸ ਨੇ ਕਦੇ ਖੁਦ ਨੂੰ ਕਿਸੇ ਤੋਂ ਘੱਟ ਨਹੀਂ ਸਮਝਿਆ, ਜਦਕਿ ਇਸ ਖੇਤਰ ਵਿੱਚ ਕੁੜੀਆਂ ਦੇ ਮੁਕਾਬਲੇ ਜਿਆਦਾਤਰ ਮੁੰਡੇ ਹੀ ਅੱਗੇ ਆਉਂਦੇ ਹਨ। ਨਾਲ ਹੀ ਇਸ ਪ੍ਰਾਪਤੀ ਦੇ ਲਈ ਉਸ ਦੇ ਪਾਪਾ ਜਸਵੀਰ ਸਿੰਘ ਗਹਿਲ ਤੇ ਮਾਂ ਪਰਮਿੰਦਰ ਕੌਰ ਵੀ ਬਰਾਬਰ ਦੇ ਹੱਕਦਾਰ ਹਨ, ਜਿੰਨਾਂ ਨੇ ਹਮੇਸ਼ਾ ਉਸ ਨੂੰ ਅੱਗੇ ਵਧਣ ਦਾ ਹੌਂਸਲਾ ਦਿੱਤਾ ਅਤੇ ਆਰਥਿਕ ਤੰਗੀਆਂ – ਤਰੁੱਟੀਆਂ ਦੇ ਬਾਵਜੂਦ ਉਸ ਦੀਆਂ ਇਸ ਖੇਤਰ ਵਿੱਚ ਲੋੜੀਂਦੀਆਂ ਲੋੜਾਂ ਪੂਰੀਆਂ ਕੀਤੀਆਂ। ਅੱਜ ਉਸਦੀ ਇਸ ਪ੍ਰਾਪਤੀ ‘ਤੇ ਉਹ ਵੀ ਮਾਣ ਮਹਿਸੂਸ ਕਰ ਰਹੇ ਹਨ। ਜਸਵੀਰ ਸਿੰਘ ਗਹਿਲ ਨੇ ਆਪਣੀ ਧੀ ਦੀ ਪ੍ਰਾਪਤੀ ‘ਤੇ ਖੁਸ਼ੀ ਤੇ ਮਾਣ ਮਹਿਸੂਸ ਕਰਦਿਆਂ ਕੁੜੀਆਂ ਨੂੰ ਹਰ ਚੰਗੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਉਚੇਚੇ ਤੌਰ ‘ਤੇ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਚੇਅਰਮੈਨ ਅਵਤਾਰ ਸਿੰਘ ਅਣਖੀ, ਪ੍ਰਧਾਨ ਬਲਜਿੰਦਰ ਸਿੰਘ ਢਿੱਲੋ ਆਦਿ ਪ੍ਰਮੁੱਖ ਤੌਰ ਹਾਜ਼ਿਰ ਰਹੇ। 
Advertisement
Advertisement
Advertisement
Advertisement
Advertisement
error: Content is protected !!