ਹਰਿੰਦਰ ਨਿੱਕਾ, ਬਰਨਾਲਾ 24 ਅਪ੍ਰੈਲ 2024
ਵਿਦੇਸ਼ ਭੇਜ਼ਣ ਦੇ ਨਾਂ ਤੇ 2 ਜਣਿਆਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਕਥਿਤ ਠੱਗ ਟ੍ਰੈਵਲ ਏਜੰਟਾਂ ਖਿਲਾਫ ਪੁਲਿਸ ਨੇ ਦੋ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਕਰਕੇ,ਦੋਸ਼ੀਆਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਆਲਾ ਅਧਿਕਾਰੀਆਂ ਨੂੰ ਦਿੱਤੀ ਦੁਰਖਾਸਤ ਵਿੱਚ ਜਗਸੀਰ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਪੱਖੋਕੇ ਨੇ ਦੱਸਿਆ ਕਿ ਬੱਸ ਸਟੈਡ ਬਰਨਾਲਾ ਦੀ ਬੈਕ ਸਾਈਡ ਤੇ ਸਥਿਤ ਟਰੈਵਲ ਏਜੰਟ ਬਲਿਉ ਵਾਟਰ ਦੇ ਮਾਲਿਕ ਕੁਲਵੀਰ ਸਿੰਘ ਸਿੱਧੂ ਪੁੱਤਰ ਪਰਮਜੀਤ ਸਿੰਘ ਵਾਸੀ ਫਰੀਦਕੋਟ ਨੇ ਮੁਦੱਈ ਮੁਕੱਦਮਾ ਦੇ ਲੜਕੇ ਨੂੰ ਬਾਹਰਲੇ ਦੇਸ ਕੈਨੇਡਾ ਭੇਜਣ ਦੇ ਨਾਮ ਉੱਤੇ 17 ਲੱਖ 45 ਹਜ਼ਾਰ ਰੁਪਏ ਲੈ ਲਏ। ਪਰੰਤੂ ਉਸ ਨੇ ਨਾ ਮੁਦਈ ਦੇ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ, ਉਸ ਤੋਂ ਲਈ ਰਕਮ ਵਾਪਿਸ ਕੀਤੀ । ਪੁਲਿਸ ਨੇ ਮੁਦਈ ਦੇ ਦੋਸ਼ਾਂ ਦੀ ਪੜਤਾਲ ਉਪਰੰਤ ਨਾਮਜਦ ਦੋਸੀ ਕੁਲਵੀਰ ਸਿੰਘ ਸਿੱਧੂ ਦੇ ਖਿਲਾਫ ਅਧੀਨ ਜੁਰਮ 420 ਆਈ.ਪੀ.ਸੀ. ਤਹਿਤ ਥਾਣਾ ਸਿਟੀ-1 ਬਰਨਾਲਾ ਵਿਖੇ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਏ.ਐਸ.ਆਈ.ਮਲਕੀਤ ਸਿੰਘ ਨੂੰ ਸੌਂਪ ਦਿੱਤੀ ਹੈ।
ਇਸੇ ਤਰਾਂ ਬਠਿੰਡਾ ਦੇ ਲਾਲ ਸਿੰਘ ਨਗਰ ਦੇ ਰਹਿਣ ਵਾਲੇ ਦੋ ਭਰਾਵਾਂ ਨੇ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਨਾ ਉੱਤੇ 10 ਲੱਖ ਰੁਪਏ ਤੋਂ ਵਧੇਰੇ ਦੀ ਠੱਗੀ ਮਾਰ ਲਈ। ਪੁਲਿਸ ਨੇ ਨਾਮਜ਼ਦ ਦੋਵੇਂ ਭਰਾਵਾਂ ਖਿਲਾਫ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਗੁਰਪਾਲ ਸਿੰਘ ਢਿੱਲੋਂ ਪੁੱਤਰ ਗੁਰਦਿਆਲ ਸਿੰਘ ਵਾਸੀ ਪੱਤੀ ਜੈਤਾ ਕੋਠੇ ਬਾਦੀਆ ਆਲੀਕੇ ਰੋਡ ਢਿੱਲਵਾ ਨੇ ਦੱਸਿਆ ਕਿ ਨਕੁਲ ਖਰਾਣਾ ਅਤੇ ਤੁਸਾਰ ਖੁਰਾਣਾ ਦੋਵੇਂ ਪੁੱਤਰ ਰਵਿੰਦਰ ਖੁਰਾਣਾ ਵਾਸੀ ਲਾਲ ਸਿੰਘ ਨਗਰ ਬਠਿੰਡਾ ਨੇ ਕੈਨੇਡਾ ਭੇਜਣ ਦਾ ਝਾਸਾ ਦੇ ਕੇ 10 ਲੱਖ ਰੁਪਏ ਲੈ ਲਏ। ਕਾਫੀ ਸਮੇਂ ਦੀ ਟਾਲਮਟੋਲ ਉਪਰੰਤ ਜਦੋਂ ਉਨਾਂ ਜਿਹੜੀ ਜੀ.ਆਈ.ਸੀ ਦਿਵਾਈ, ਉਹ ਵੀ ਜਾਅਲੀ ਫਰਜੀ ਨਿੱਕਲ ਗਈ। ਪੁਲਿਸ ਨੇ ਮੁਦਈ ਵੱਲੋਂ ਦੋਸ਼ਾਂ ਦੀ ਪੜਤਾਲ ਤੋਂ ਬਾਅਦ ਨਕੁਲ ਖੁਰਾਣਾ ਅਤੇ ਤੁਸ਼ਾਰ ਦੇ ਖਿਲਾਫ ਜਾਅਲੀ ਫਰਜੀ ਦਸਤਾਵੇਜ਼ ਦੇ ਅਧਾਰ ਪਰ, ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਥਾਣਾ ਤਪਾ ਵਿਖੇ ਅਧੀਨ ਜੁਰਮ 420, 467,468,471,120 ਆਈਪੀਸੀ ਤਹਿਤ ਕੇਸ ਦਰਜ ਕਰਕੇ,ਤਫਤੀਸ਼ ਸਹਾਇਕ ਥਾਣੇਦਾਰ ਬਲਦੀਪ ਕੌਰ ਨੂੰ ਸੌਂਪ ਦਿੱਤੀ।