ਨਿਰਮਲਾ ਭੇਖ ਦੇ ਮੁਖੀ ਸੰਤ ਬੋਲੇ.. ਨਾ ਭੇਖ ਮੰਨਦੈ ..ਨਾ ਸੁਪਰੀਮ ਕੋਰਟ ਨੇ ਸੁਰਜੀ਼ਤ ਸਿੰਘ ਨੂੰ ਮਹੰਤ ਮੰਨਿਐ, ਉਹ ਤਾਂ ਆਪੇ ਹੀ ਬਣਿਆ ਫਿਰਦੈ…
ਹਰਿੰਦਰ ਨਿੱਕਾ, ਬਰਨਾਲਾ 15 ਅਪ੍ਰੈਲ 2024
ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮਹੰਤ ਹੋਣ ਨੂੰ ਲੈ ਕੇ ਦੋ ਧਿਰਾਂ ਵੱਲੋਂ ਕੀਤੇ ਜਾਂਦੇ ਪਰਸਪਰ ਦਾਅਵੇ ਅਤੇ ਇਤਰਾਜ਼ਾਂ ਦੇ ਦਰਮਿਆਨ ਨਿਰਮਲਾ ਭੇਖ ਦੇ ਮੁਖੀ ਮਹੰਤਾਂ ਨੇ ਲੰਘੀ ਕੱਲ੍ਹ ਡੇਰਾ ਬਾਬਾ ਗਾਂਧਾ ਸਿੰਘ ਵਿਖੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿੱਚ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ, ਸੁਰਜੀਤ ਸਿੰਘ ਨਹੀਂ, ਬਾਬਾ ਪਿਆਰਾ ਸਿੰਘ ਹੀ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦਾ ਮੋਹਤਮਿਮ ਮਹੰਤ ਹੈ। ਨਿਰਮਲ ਸੰਪਰਦਾਇ ਦੀ ਪ੍ਰਮੁੱਖ ਅਤੇ ਪ੍ਰਾਚੀਨ ਸੰਸਥਾ ਸ੍ਰੀ ਪੰਚਾਇਤੀ ਅਖਾੜਾ ਨਿਰਮਲ ਭੇਖ ਦੇ ਆਗੂਆਂ ਦਾ ਕਹਿਣਾ ਹੈ ਕਿ ਸੁਰਜੀਤ ਸਿੰਘ ਨੂੰ ਨਾ ਭੇਖ ਮੰਨਦੈ ਤੇ ਨਾ ਹੀ ਸੁਪਰੀਮ ਕੋਰਟ ਨੇ ਹੀ ਸੁਰਜੀਤ ਸਿੰਘ ਨੂੰ ਹਾਲੇ ਤੱਕ ਕੋਈ ਮਹੰਤ ਮੰਨਿਐ, ਉਹ ਤਾਂ ਆਪੇ ਹੀ ਮਹੰਤ ਬਣਿਆ ਫਿਰਦੈ,,,। ਨਿਰਮਲੇ ਭੇਖ ਦੇ ਮਹੰਤਾਂ ਨੇ ਇਹ ਪ੍ਰੈਸ ਕਾਨਫਰੰਸ ਕੁੱਝ ਦਿਨ ਪਹਿਲਾਂ, ਡੇਰਾ ਬਾਬਾ ਗਾਂਧਾ ਸਿੰਘ ਦੇ ਜਾਹਿਰ ਕਰਦਾ ਮਹੰਤ ਸੁਰਜੀਤ ਸਿੰਘ ਦੇ ਪੱਖ ਵਿੱਚ , ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਆਦਿ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਕੀਤੇ ਦਾਅਵਿਆਂ ਦਾ ਜੁਆਬ ਦੇਣ ਲਈ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿੱਚ ਭੇਖ ਦੇ ਮੁਖੀ ਸੰਤਾਂ ਤੇਜਾ ਸਿੰਘਗੁਰੂਸਰ ਖੁੱਡਾ, ਖਜਾਨਚੀ ਸੰਤ ਜਸਵਿੰਦਰ ਸਿੰਘ ਸ਼ਾਸ਼ਤਰੀ। ਸੰਤ ਦਰਸ਼ਨ ਸਿੰਘ ਸ਼ਾਸ਼ਤਰੀ, ਡੇਰਾ ਬਾਬਾ ਗਾਂਧਾ ਸਿੰਘ ਦੇ ਗੱਦੀਨਸ਼ੀਨ ਮਹੰਤ ਬਾਬਾ ਪਿਆਰਾ ਸਿੰਘ, ਸੰਤ ਮੱਘਰ ਦਾਸ ਖੁੱਡੀ ਕਲਾਂ ਅਤੇ ਪ੍ਰਸਿੱਧ ਐਡਵੇਕਟ ਤੇ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਆਦਿ ਪ੍ਰਮੁੱਖ ਤੌਰ ਤੇ ਸ਼ਾਮਿਲ ਰਹੇ।
ਸੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਨੇ ਡੇਰਾ ਬਾਬਾ ਗਾਂਧਾ ਸਿੰਘ ਦੇ ਗੱਦੀਨਸ਼ੀਨ ਦਾ ਪਿਛੋਕੜ ਬਿਆਨ ਕਰਦਿਆਂ ਦੱਸਿਆ ਕਿ ਮਹੰਤ ਗੁਰਬਚਨ ਸਿੰਘ ਚੇਲਾ ਮਹੰਤ ਰਘੁਵੀਰ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਦੇ ਮੋਹਤਮਿਮ ਮਹੰਤ ਸਨ। ਜਿਨ੍ਹਾਂ ਨੇ ਬਾਕਾਇਦਾ ਆਪਣੇ ਚੇਲਾ ਮਹੰਤ ਪਿਆਰਾ ਸਿੰਘ ਨੂੰ ਆਪਣੀ ਮੌਤ ਤੋਂ ਬਾਅਦ ਡੇਰਾ ਬਾਬਾ ਗਾਂਧਾ ਸਿੰਘ ਦਾ ਆਪਣੇ ਵਾਰਸ ਵਜੋਂ ਮਹੰਤ ਬਣਾਏ ਜਾਣ ਦੀ ਬਾਬਤ ਅਪਨੀ ਵਸੀਅਤ ਮਿਤੀ: 10/7/1985 ਮਹੰਤ ਪਿਆਰਾ ਸਿੰਘ ਦੇ ਹੱਕ ਵਿੱਚ ਕਰਵਾਈ ਅਤੇ ਬਾਅਦ ਵਿੱਚ ਅਪਨੀ ਕਮਜੋਰ ਸਿਹਤ ਕਾਰਨ ਨਿਰਮਲਾ ਭੇਖ ਦਾ ਇਕੱਠ ਕਰਕੇ ਮਹੰਤ ਪਿਆਰਾ ਸਿੰਘ ਨੂੰ ਮਿਤੀ: 21/1/1988 ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮੋਹਤਮਿਮ ਮਹੰਤ ਥਾਪ ਦਿੱਤਾ ਸੀ। ਇਹ ਸਾਰੀ ਕਾਰਵਾਈ ਨਿਰਮਲਾ ਭੇਖ ਦੇ ਸੰਤਾਂ ਮਹੰਤਾਂ ਅਤੇ ਇਲਾਕੇ ਦੀਆਂ ਪੰਚਾਇਤਾਂ ਅਤੇ ਮੋਅਜਿਜ ਬੰਦਿਆਂ ਜੋ ਡੇਰਾ ਬਾਬਾ ਗਾਂਧਾ ਸਿੰਘ ਦੇ ਪੈਰੋਕਾਰ ਸਨ ਦੀ ਹਾਜਰੀ ਵਿੱਚ ਕੀਤੀ ਗਈ ਸੀ। ਜੋ ਇਸ ਸਾਰੇ ਇਕੱਠ ਨੇ ਅਤੇ ਨਿਰਮਲਾ ਭੇਖ ਨੇ, ਉਦੋਂ ਤੋਂ ਹੀ ਮਹੰਤ ਪਿਆਰਾ ਸਿੰਘ ਚੇਲਾ ਮਹੰਤ ਗੁਰਬਚਨ ਸਿੰਘ ਨੂੰ ਡੇਰਾ ਬਾਬਾ ਗਾਂਧਾ ਸਿੰਘ ਦਾ ਮੋਹਤਮਿਮ ਮਹੰਤ ਨਿਯੁਕਤ ਕੀਤਾ ਅਤੇ ਇਸ ਨਿਯੁਕਤੀ ਨੂੰ ਮਾਨਤਾ ਦਿੱਤੀ ਹੋਈ ਹੈ।
ਉਨਾਂ ਦੱਸਿਆ ਕਿ ਡੇਰਾ ਬਾਬਾ ਗਾਂਧਾ ਸਿੰਘ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਦਿੱਤੀ ਗਈ ਜਮੀਨ ਵਿੱਚ ਮਹੰਤ ਗੁਰਬਚਨ ਸਿੰਘ ਨਾਲ ਕੀਤੇ ਇਕਰਾਰ ਮੁਤਾਬਿਕ ਇੱਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਨਾਮ ਤੇ ਸ਼ੁਰੂ ਕੀਤਾ ਗਿਆ। ਜਿਸ ਲਈ ਮਹੰਤ ਗੁਰਬਚਨ ਸਿੰਘ ਜੀ ਨੇਂ 2 ਲੱਖ ਦੀ ਨਗਦ ਰਾਸ਼ੀ ਦਾਨ ਦਿੱਤੀ ਅਤੇ ਬਾਅਦ ਵਿੱਚ ਮਿਤੀ: 1/2/1999 ਨੂੰ ਗੁਰਚਰਨ ਸਿੰਘ ਟੌਹੜਾ ਤਤਕਾਲੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਦੀ ਹਦਾਇਤ ਅਤੇ ਰਜਾਮੰਦੀ ਨਾਲ ਮਹੰਤ ਗੁਰਬਚਨ ਸਿੰਘ ਨੇ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਸਥਾਪਿਤ ਕੀਤਾ। ਜਿਸ ਦੇ ਬਾਰੇ ਬਾਕਾਇਦਾ ਇੱਕ ਰਜਿਸਟਰਡ ਟਰੱਸਟ ਡੀਡ ਮਹੰਤ ਗੁਰਬਚਨ ਸਿੰਘ ਜੀ ਵੱਲੋਂ ਐਗਜੀਕਿਊਟ ਕੀਤੀ ਗਈ। ਇਹ ਟਰੱਸਟ ਉਕਤ ਸਕੂਲ ਦੇ ਪ੍ਰਬੰਧ ਲਈ ਬਣਾਇਆ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਇਹ ਟਰੱਸਟ ਇਸ ਸਕੂਲ ਦਾ ਪ੍ਰਬੰਧ ਚਲਾਉਂਦਾ ਆ ਰਿਹਾ ਹੈ। ਉਨਾਂ ਦੱਸਿਆ ਕਿ ਇਸ ਟਰੱਸਟ ਵਿੱਚ ਮਹੰਤ ਹਾਕਮ ਸਿੰਘ ਚੇਲਾ ਮਹੰਤ ਜੋਰਾ ਸਿੰਘ ਵੀ ਮੈਂਬਰ ਸੀ, ਜਿਸ ਦੇ ਬਤੌਰ ਮੈਂਬਰ ਉਕਤ ਟਰੱਸਟ ਡੀਡ ਤੇ ਦਸਤਖਤ ਵੀ ਕੀਤੇ ਹੋਏ ਹਨ। ਜਾਹਰ ਕਰਦਾ ਸੰਤ ਰਣਪ੍ਰੀਤ ਸਿੰਘ ਜੋ ਸ਼ਾਦੀ-ਸ਼ੁਦਾ ਅਤੇ ਬਾਲ ਬੱਚੇਦਾਰ ਹੈ, ਉਕਤ ਹਾਕਮ ਸਿੰਘ ਦਾ ਬੇਟਾ ਹੈ ਜੋ ਸਾਲ 1999 ਵਿੱਚ ਬਣਾਏ ਗਏ ਇਸ ਟਰੱਸਟ ਦਾ ਮੈਂਬਰ ਚੱਲਿਆ ਆ ਰਿਹਾ ਸੀ।
ਸੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਨੇ ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸੁਆਲ ਦਾ ਜੁਆਬ ਦਿੰਦਿਆਂ ਦੱਸਿਆ ਕਿ ਅਗਰ ਮਹੰਤ ਗੁਰਬਚਨ ਸਿੰਘ ਨੂੰ ਸਾਲ 1975 ਵਿੱਚ ਹੀ ਨਿਰਮਲਾ ਭੇਖ ਵਿੱਚੋਂ ਕੱਢ ਦਿੱਤਾ ਗਿਆ ਸੀ, ਤਾਂ ਉਕਤ ਹਾਕਮ ਸਿੰਘ ਉਹਨਾਂ ਵੱਲੋਂ ਬਣਾਏ ਗਏ ਉਕਤ ਟਰੱਸਟ ਜੋ ਨਿਰਮਲਾ ਭੇਖ ਦਾ ਹੀ ਹਿੱਸਾ ਹੈ, ਦੇ ਮੈਂਬਰ ਵਜੋਂ ਕੰਮ ਕਿਉਂ ਕਰਦਾ ਰਿਹਾ ? ਪਰੰਤੂ ਹਾਕਮ ਸਿੰਘ ਨੂੰ ਕਿ ਟਰੱਸਟ ਨੇ ਬਾਅਦ ਵਿੱਚ ਕੱਢ ਦਿੱਤਾ ਸੀ, ਉਹ ਹੁਣ ਵੀ ਆਪਣੇ ਆਪ ਨੂੰ ਉਸ ਟਰੱਸਟ ਦਾ ਮੈਂਬਰ ਜਾਹਿਰ ਕਰਦਾ ਹੈ। ਇਸ ਤੋਂ ਇਹ ਸਾਫ ਜਾਹਿਰ ਹੁੰਦਾ ਹੈ ਕਿ ਹਾਕਮ ਸਿੰਘ ਦਾ ਅਪਨਾ ਖੁਦ ਦਾ ਪਰਿਵਾਰ ਮਹੰਤ ਗੁਰਬਚਨ ਸਿੰਘ ਜੀ ਨੂੰ ਬਾਕਾਇਦਾ ਨਿਰਮਲਾ ਭੇਖ ਦੇ ਮੁਖੀਆ ਮਹੰਤ ਮੰਨਦਾ ਆ ਰਿਹਾ ਹੈ। ਨਿਰਮਲਾ ਭੇਖ ਵੱਲੋਂ ਮਹੰਤ ਗੁਰਬਚਨ ਸਿੰਘ ਨੂੰ ਭੇਖ ਵਿੱਚੋਂ ਕੱਢੇ ਜਾਣ ਬਾਰੇ ਅੱਜ ਤੱਕ ਕੋਈ ਮਤਾ ਕਦੇ ਕਿਸੇ ਅਦਾਲਤ ਵਿੱਚ ਜਾਂ ਕਿਸੇ ਸਰਕਾਰੀ ਮਹਿਕਮੇ ਵਿੱਚ ਕਿਸੇ ਮੌਕੇ ਵੀ ਪੇਸ਼ ਨਹੀਂ ਕੀਤਾ ਗਿਆ। ਬਲਕਿ ਮਹੰਤ ਗੁਰਬਚਨ ਸਿੰਘ ਜੀ, ਆਖਰੀ ਦਮ ਤੱਕ ਨਿਰਮਲਾ ਭੇਖ ਦੀ ਸੁਪਰੀਮ ਅਥਾਰਟੀ ਨਿਰਮਲਾ ਅਖਾੜਾ ਕਨਖਲ ਹਰੀਦਵਾਰ ਦੇ ਬਤੌਰ ਮੁਖੀਆ ਮਹੰਤ ਰਹੇ ਸਨ । ਨਿਰਮਲਾ ਅਖਾੜਾ ਕਨਖਲ ਹਰੀਦਵਾਰ ਰਜਿਸਟਰਡ ਬਾਕਾਇਦਾ ਰਜਿਸਟਰਡ ਬਾਡੀ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਮਹੰਤ ਸਵਾਮੀ ਗਿਆਨ ਦੇਵ ਸਿੰਘ ਵੇਦਾਂਤਾਚਾਰਿਆ ਨਿਰਮਲ ਅਖਾੜਾ ਦੇ ਮੁਖੀ ਹਨ। ਜਿਸ ਨੂੰ ਉਕਤਾਨ ਹਾਕਮ ਸਿੰਘ ਅਤੇ ਉਸ ਦਾ ਬੇਟਾ ਰਣਪ੍ਰੀਤ ਸਿੰਘ ਔਰ ਜਾਹਰ ਕਰਦਾ ਮਹੰਤ ਸੁਰਜੀਤ ਸਿੰਘ ਵੀ ਮੰਨਦੇ ਹਨ। ਯਾਨੀਕਿ ਮਹੰਤ ਸੁਰਜੀਤ ਸਿੰਘ ਹੋਰਾਂ ਵੱਲੋਂ ਇਹ ਜਾਹਰ ਕੀਤਾ ਜਾਂਦਾ ਰਿਹਾ ਹੈ, ਕਿ ਸ਼੍ਰੀ ਮਹੰਤ ਗਿਆਨ ਦੇਵ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਮਹੰਤ ਗੁਰਬਚਨ ਸਿੰਘ ਨੂੰ ਨਿਰਮਲਾ ਭੇਖ ਵਿੱਚੋਂ ਕੱਢਿਆ ਗਿਆ ਸੀ। ਸਾਲ 1975 ਵਿੱਚ ਨਿਰਮਲ ਭੇਖ ਦੇ ਅਖਾੜਾ ਦੇ ਸ਼੍ਰੀ ਮਹੰਤ, ਮਹੰਤ ਸੁੱਚਾ ਸਿੰਘ ਸਨ ਅਤੇ ਸਾਲ 1988 ਵਿੱਚ ਨਿਰਮਲ ਅਖਾੜਾ ਦੇ ਸ਼੍ਰੀ ਮਹੰਤ ਬਲਵੀਰ ਸਿੰਘ ਸਨ, ਜਿਨ੍ਹਾਂ ਵੱਲੋਂ ਸਮੇਂ-ਸਮੇਂ ਇਹ ਲਿਖਤੀ ਤਸਦੀਕ ਦਿੱਤੀ ਜਾਂਦੀ ਰਹੀ ਹੈ ਕਿ ਮਹੰਤ ਗੁਰਬਚਨ ਸਿੰਘ ਨੂੰ ਕਦੇ ਵੀ ਨਿਰਮਲ ਭੇਖ ਵਿੱਚੋਂ ਨਹੀਂ ਕੱਢਿਆ ਗਿਆ। ਉਕਤ ਨਿਰਮਲ ਅਖਾੜਾ ਵੱਲੋਂ ਬਾਕਾਇਦਾ ਲਿਖਤੀ ਪ੍ਰਮਾਣ ਪੱਤਰ ਹੁਣ ਵੀ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਿਕ ਮਹੰਤ ਪਿਆਰਾ ਸਿੰਘ ਚੇਲਾ ਮਹੰਤ ਗੁਰਬਚਨ ਸਿੰਘ ਜੀ ਡੇਰਾ ਬਾਬਾ ਗਾਂਧਾ ਸਿੰਘ ਦੇ ਮੋਹਤਮਿਮ ਮਹੰਤ/ਮੁੱਖ ਸੰਚਾਲਕ ਅਤੇ ਗੱਦੀ ਨਸ਼ੀਨ ਮਹੰਤ ਹਨ।
ਹਾਕਮ ਸਿੰਘ ਤੇ ਉਸ ਦੇ ਬੇਟੇ ਨੇ ਖੜੀ ਕੀਤੀ ਸਮਾਨੰਤਰ ਬਾਡੀ
ਸੰਤ ਜਸਵਿੰਦਰ ਸਿੰਘ ਸ਼ਾਸ਼ਤਰੀ ਨੇ ਦੱਸਿਆ ਕਿ ਹਾਕਮ ਸਿੰਘ ਤੇ ਉਸ ਦੇ ਬੇਟੇ ਜਾਹਰ ਕਰਦਾ ਸੰਤ ਰਣਪ੍ਰੀਤ ਸਿੰਘ ਨੇ ਇੱਕ ਵੱਖਰਾ ਨਿਰਮਲ ਅਖਾੜਾ ਜਾਹਰ ਕਰਦੇ ਹੋਏ ਇੱਕ ਸਮਾਨੰਤਰ ਬਾਡੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਸਿਰਫ ਕੁਝ ਹੋਰ ਬੰਦਿਆਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਕਥਿਤ ਸਾਜ-ਬਾਜ ਕਰਕੇ ਡੇਰਾ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਤੇ ਕਥਿਤ ਤੌਰ ਤੇ ਕਬਜਾ ਕਰਨ ਅਤੇ ਇਸ ਜਾਇਦਾਦ ਨੂੰ ਕਥਿਤ ਤੌਰ ਤੇ ਖੁਰਦ-ਬੁਰਦ ਕਰਨ ਲਈ ਹੀ ਖੜੀ ਕੀਤੀ ਗਈ ਹੈ।
ਸੰਤ ਜਸਵਿੰਦਰ ਸਿੰਘ ਨੇ, ਉਲਟਾ ਸੁਆਲ ਖੜ੍ਹਾ ਕੀਤਾ ਕਿ ਜੋ ਇਹ ਜਾਹਰ ਕੀਤਾ ਜਾ ਰਿਹਾ ਹੈ ਕਿ ਮਹੰਤ ਗੁਰਬਚਨ ਸਿੰਘ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਸਮਝੌਤਾ ਕਰਨ ਤੇ ਡੇਰੇ ਦੀ ਜਮੀਨ ਉਕਤ ਕਮੇਟੀ ਨੂੰ ਦੇਣ ਕਾਰਨ, ਨਿਰਮਲ ਭੇਖ ਵਿੱਚੋਂ ਕੱਢਿਆ ਗਿਆ ਸੀ, ਤਾਂ ਹੁਣ ਇਹ ਹਾਕਮ ਸਿੰਘ, ਰਣਪ੍ਰੀਤ ਸਿੰਘ ਅਤੇ ਸੁਰਜੀਤ ਸਿੰਘ ਵਗੈਰਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਇੱਕ ਇਕਰਾਰਨਾਮਾ ਕਰਕੇ ਉਕਤ ਡੇਰੇ ਦੀ ਜਮੀਨ ਜਾਇਦਾਦ ਇਸ ਕਮੇਟੀ ਨੂੰ ਕਿਉਂ ਦੇ ਰਹੇ ਹਨ ? ਕੀ ਇਹਨਾਂ ਨੂੰ ਨਿਰਮਲ ਭੇਖ ਦੇ ਮੈਂਬਰ ਜਾਂ ਸੰਤ ਮਹੰਤ ਮੰਨਿਆ ਜਾ ਸਕਦਾ ਹੈ ?
ਉਨ੍ਹਾਂ ਕੁੱਝ ਅਦਾਲਤੀ ਹੁਕਮ ਮੀਡੀਆ ਨੂੰ ਦਿਖਾਉਂਦਿਆਂ ਦਾਅਵਾ ਕੀਤਾ ਕਿ ਜਾਹਿਰ ਕਰਦਾ ਮਹੰਤ ਸੁਰਜੀਤ ਸਿੰਘ ਨੂੰ ਹਾਲੇ ਤੱਕ ਕਿਸੇ ਵੀ ਅਦਾਲਤ ਵੱਲੋਂ ਮਹੰਤ ਡਿਕਲੇਅਰ ਨਹੀਂ ਕੀਤਾ ਗਿਆ । ਇਹ ਲੋਕ ਐੱਸ. ਜੀ. ਪੀ. ਸੀ. ਨਾਲ ਮਿਲਕੇ ਇੱਕ ਕਥਿਤ ਸਾਜਿਸ਼ ਅਧੀਨ ਆਪਣੇ ਆਪ ਨੂੰ ਮਹੰਤ ਜਾਹਰ ਕਰਕੇ ਨਿਰਮਲਾ ਭੇਖ ਦੇ ਡੇਰੇ ਦੀ ਜਮੀਨ ਹਥਿਆਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਐੱਸ. ਜੀ. ਪੀ. ਸੀ. ਅਦਾਲਤ ਵਿੱਚ ਹਾਰ ਚੁੱਕੀ ਹੈ, ਕਿ ਉਸ ਦਾ ਡੇਰਾ ਬਾਬਾ ਗਾਂਧਾ ਸਿੰਘ ਦੀ ਕਿਸੇ ਜਾਇਦਾਦ ਨਾਲ ਕੋਈ ਸਬੰਧ ਨਹੀਂ ਰਿਹਾ। ਜਿਸ ਕਾਰਨ ਉਹਨਾਂ ਨੇ ਜਾਹਰ ਕਰਦਾ ਮਹੰਤ ਸੁਰਜੀਤ ਸਿੰਘ , ਹਾਕਮ ਸਿੰਘ ਅਤੇ ਉਸ ਦੇ ਬੇਟੇ ਰਣਪ੍ਰੀਤ ਸਿੰਘ ਨਾਲ ਕਥਿਤ ਸਾਜਿਸ਼ ਰਚਕੇ ਡੇਰਾ ਬਾਬਾ ਗਾਂਧਾ ਸਿੰਘ ਦੀ ਜਾਇਦਾਦ ਨੂੰ ਕਥਿਤ ਤੌਰ ਹੜੱਪ ਕਰਨ ਦੀ ਤਿਆਰੀ ਕੀਤੀ ਹੈ। ਮਹੰਤ ਸੁਰਜੀਤ ਸਿੰਘ, ਹਾਕਮ ਸਿੰਘ ਅਤੇ ਰਣਪ੍ਰੀਤ ਸਿੰਘ ਨੇ ਇਸੇ ਕਾਰਣ ਰਣਪ੍ਰੀਤ ਸਿੰਘ ਨੂੰ ਜਾਹਰ ਕਰਦਾ ਮਹੰਤ ਸੁਰਜੀਤ ਸਿੰਘ ਦਾ ਚੇਲਾ ਜਾਹਰ ਕਰਕੇ ਇੱਕ ਹੋਰ ਕਮੇਟੀ ਵੀ ਖੜੀ ਕੀਤੀ ਹੈ, ਜੋ ਸਰਾਸਰ ਗੈਰ-ਕਾਨੂੰਨੀ ਹੈ, ਜਿਸ ਦਾ ਡੇਰਾ ਬਾਬਾ ਗਾਂਧਾ ਸਿੰਘ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈ।
ਇਹ ਐ ਕਾਨੂੰਨੀ ਪੱਖ , ਕੌਣ ਕਰ ਸਕਦੈ ਅੱਖੋਂ ਪਰੋਖੇ,,,
ਸਾਬਕਾ ਮੈਂਬਰ ਪਾਰਲੀਮੈਂਟ ਐਡਵੇਕਟ ਰਾਜਦੇਵ ਸਿੰਘ ਖਾਲਸਾ ਨੇ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੀ ਗੱਦੀਨਸ਼ੀਨੀ ਅਤੇ ਡੇਰੇ ਦੀ ਜਾਇਦਾਦ ਦੇ ਕਾਨੂੰਨੀ ਪੱਖਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਸੁਪਰੀਮ ਕੋਰਟ ਨੇ ਡੇਰੇ ਦੀ ਜਾਇਦਾਦ ਬਾਰੇ ਇਹ ਗੱਲ ਸਪੱਸਟ ਕਰ ਦਿੱਤੀ ਹੈ ਕਿ ਐਸ.ਜੀ.ਪੀ.ਸੀ. ਦਾ ਡੇਰੇ ਦੀ ਜਾਇਦਾਦ ਨਾਲ ਕੋਈ ਸਬੰਧ ਨਹੀਂ। ਨਾ ਹੀ ਡੇਰੇ ਦੇ ਮੋਹਤਮਿਮ ਮਹੰਤ ਗੁਰਬਚਨ ਸਿੰਘ ਕੋਲ ਡੇਰੇ ਦੀ ਜਾਇਦਾਦ ਅੱਗੋਂ ਐਸ.ਜੀ.ਪੀ.ਸੀ. ਨੂੰ ਦੇਣ ਦਾ ਕੋਈ ਕਾਨੂੰਨੀ ਹੱਕ ਹੀ ਹਾਸਿਲ ਨਹੀਂ ਸੀ। ਇਸ ਤਰਾਂ ਕੋਰਟ ਨੇ ਇਹ ਵੀ ਸਾਫ ਕਰ ਦਿੱਤਾ ਕਿ ਨਿਰਮਲੇ ਭੇਖ ਅਤੇ ਸਿੱਖ ਪੰਥ, ਦੋਵੇਂ ਵੱਖ ਵੱਖ ਹਨ, ਦੋਵਾਂ ਦਾ ਇੱਕ ਹੋਣ ਬਾਰੇ ਕੋਈ ਇਤਿਹਾਸਿਕ ਅਤੇ ਧਾਰਮਿਕ ਵੇਰਵਾ ਵੀ ਨਹੀਂ ਮਿਲਦਾ। ਸਰਦਾਰ ਖਾਲਸਾ ਨੇ ਕਿਹਾ ਕਿ ਸਰਵਉੱ ਅਦਾਲਤ ਨੇ ਡੇਰੇ ਦੀ ਮਹੰਤੀ ਬਾਰੇ ਫੈਸਲੇ ਤੇ ਸਟੇਟਸ ਕੋ ਜ਼ਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਡੇਰਾ ਬਾਬਾ ਗਾਂਧਾ ਸਿੰਘ ਦਾ ਮਹੰਤ ਬਾਬਾ ਪਿਆਰਾ ਸਿੰਘ ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੀ ਸਟੇਟਸ ਕੋ ਹੋਣ ਕਾਰਣ ਅਤੇ ਡੇਰੇ ਦੇ ਮਹੰਤ ਕੋਲ, ਉਸ ਦੀ ਪ੍ਰੋਪਰਟੀ ਕਿਸੇ ਹੋਰ ਨੂੰ ਦੇਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਇਸ ਲਈ ਐਸ.ਜੀ.ਪੀ.ਸੀ. ਅਤੇ ਜਾਹਿਰ ਕਰਦਾ ਮਹੰਤ ਸੁਰਜੀਤ ਸਿੰਘ ਕੋਲ ਆਪਸੀ ਸਮਝੌਤੇ ਰਾਹੀਂ ਜਾਇਦਾਦ ਦੀ ਵੰਡ ਕਰਨਾ ਗੈਰਕਾਨੂੰਨੀ ਤਾਂ ਹੈ ਹੀ, ਮਹੰਤ ਦੇ ਗੱਦੀਨਸ਼ੀਨ ਹੋਣ ਬਾਰੇ ਕੋਰਟ ਵੱਲੋਂ ਜ਼ਾਰੀ ਸਟੇਟਸ ਕੋ ਦਾ ਉਲੰਘਣ ਵੀ ਹੈ। ਡੇਰੇ ਦੇ ਗੱਦੀਨਸ਼ੀਨ ਮਹੰਤ ਪਿਆਰਾ ਸਿੰਘ ਨੇ ਕਿਹਾ ਕਿ ਅਦਾਲਤੀ ਹੁਕਮ ਦਾ ਉਲੰਘਣ ਕਰਨ ਦੇ ਖਿਲਾਫ, ਉਹ ਕੋਰਟ ਆਫ ਕੰਟੈਪਟ ਦਾ ਕੇਸ ਵੀ ਜਲਦ ਹੀ ਦਾਇਰ ਕਰ ਰਿਹਾ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ। ਬਾਬਾ ਪਿਆਰਾ ਸਿੰਘ ਨੇ ਕਿਹਾ ਮਹੰਤ ਰਾਮ ਸਿੰਘ ਨੇ ਬਰਨਾਲਾ ਅਦਾਲਤ ਵਿੱਚ ਬਤੌਰ ਮਹੰਤ ਡੇਰਾ ਬਾਬਾ ਗਾਂਧਾ ਸਿੰਘ, ਇਸ ਡੇਰੇ ਦੀ ਜਾਇਦਾਦ ਦਾ ਕਬਜਾ ਹਾਸਲ ਕਰਨ ਲਈ ਇੱਕ ਦਾਵਾ ਦਾਇਰ ਕੀਤਾ ਸੀ, ਜੋ ਰਾਮ ਸਿੰਘ ਦਾ ਦਾਵਾ ਅਦਾਲਤ ਸ਼੍ਰੀ ਦਲਬਾਰਾ ਸਿੰਘ ਸਬ ਜੱਜ ਬਰਨਾਲਾ ਦੀ ਅਦਾਲਤ ਵਿੱਚੋਂ 20-05-1976 ਨੂੰ ਖਾਰਜ ਕੀਤਾ ਗਿਆ ਸੀ । ਇਹ ਫੈਸਲਾ ਮਾਨਯੋਗ ਹਾਈ ਕੋਰਟ ਤੱਕ ਕਾਇਮ ਰਿਹਾ ਸੀ, ਯਾਨੀਕਿ ਮਹੰਤ ਰਾਮ ਸਿੰਘ ਦਾ ਦਾਵਾ ਖਾਰਜ ਕੀਤਾ ਗਿਆ ਸੀ ‘ਤੇ ਇਹ ਕਰਾਰ ਦਿੱਤਾ ਗਿਆ ਸੀ ਕਿ ਉਸ ਦਾ ਡੇਰਾ ਬਾਬਾ ਗਾਂਧਾ ਸਿੰਘ ਨਾਲ ਕੋਈ ਤਾਲੁਕ ਵਾਸਤਾ ਨਹੀਂ ਹੈ। ਇਹ ਫੈਸਲਾ ਪੰਜਾਬ,ਹਰਿਆਣਾ ਹਾਈ ਕੋਰਟ ਵਿੱਚ ਵੀ 27-10-1976 ਨੰ ਖਾਰਜ ਹੋਇਆ।