ਪ੍ਰਸ਼ਾਸ਼ਨ ਨੂੰ ਦਿੱਤੀ 2 ਹਫਤਿਆਂ ‘ਚ ਮਸਲੇ ਦੀ ਹੱਲ ਦੀ ਚਿਤਾਵਨੀ , ਮਸਲਾ ਹੱਲ ਨਾ ਹੋਇਆ ਤਾਂ –ਕੁਲਵੰਤ ਭਦੌੜ
ਹਰਿੰਦਰ ਨਿੱਕਾ, ਬਰਨਾਲਾ 11 ਅਪਰੈਲ, 2024
ਜੌੜੇ ਪੈਟ੍ਰੌਲ ਪੰਪਾਂ ਨੇੜੇ ਸਥਿਤ ਬਾਂਸਲ ਟਾਇਰ ਕੰਪਨੀ ਬਰਨਾਲਾ ਵਾਲਿਆਂ ਦੀ 16 ਏਕੜ ਮਾਰਕੀਟ ਵਿੱਚ ਚੱਲ ਰਹੀ ਇੰਗਲਿਸ਼ ਅਕੈਡਮੀ ਖਿਲਾਫ ਹੁਣ ਇੱਕ ਹੋਰ ਪੱਕਾ ਧਰਨਾ ਲਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਨੇ ਜ਼ਿਲ੍ਹਾ ਪੱਧਰੀ ਮੀਟਿੰਗ ਵਿੱਚ ਫੈਸਲਾ ਕਰਕੇ, ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜ਼ੇਕਰ,ਦੋ ਹਫਤਿਆਂ ਦੇ ਅੰਦਰ ਅੰਦਰ ਵਿਦੇਸ਼ ਭੇਜਣ ਦੇ ਨਾਂ ਪਰ ਸਾਢੇ 22 ਲੱਖ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਸਲਾ ਹੱਲ ਨਾ ਹੋਇਆਂ ਤਾਂ ਫਿਰ ਬਾਂਸਲ ਟਾਇਰ ਅਤੇ ਉਨ੍ਹਾਂ ਦੀ ਅਕੈਡਮੀ ਦੇ ਬਾਹਰ, ਅਣਮਿਥੇ ਸਮੇਂ ਲਈ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਇਨਾਂ ਧਰਨਿਆਂ ਨਾਲ ਲੋਕਾਂ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਲਈ, ਪ੍ਰਸ਼ਾਸ਼ਨ ਅਤੇ ਅਕੈਡਮੀ ਵਾਲੇ ਹੀ ਜਿੰਮੇਵਾਰ ਹੋਣਗੇ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਪ੍ਰਧਾਨਗੀ ਹੇਠ ਲੰਘੀ ਕੱਲ੍ਹ, ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਵਿਖੇ ਹੋਈ ਮੀਟਿੰਗ, ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਇਹ ਮੀਟਿੰਗ, ਬਾਂਸਲ ਟਾਇਰ ਕੰਪਨੀ ਬਰਨਾਲਾ ਵਾਲਿਆਂ ਦੀ 16 ਏਕੜ ਮਾਰਕੀਟ ਵਿੱਚ ਸਥਿਤ ਇੰਗਲਿਸ਼ ਅਕੈਡਮੀ ਵੱਲੋਂ ਪਿੰਡ ਸ਼ਹਿਣਾ ਦੇ ਕਿਸਾਨ ਨਿਰਮਲ ਸਿੰਘ ਦੇ ਬੇਟੇ ਜਗਦੇਵ ਸਿੰਘ ਨਾਲ ਮਾਰੀ 22 ਲੱਖ, 50 ਹਜ਼ਾਰ ਰੁਪਏ ਦੀ ਠੱਗੀ ਦਾ ਮਾਮਲਾ ਵਿਚਾਰਨ ਲਈ ਵਿਸ਼ੇਸ਼ ਤੌਰ ‘ਤੇ ਬੁਲਾਈ ਗਈ ਸੀ।
ਉਨ੍ਹਾਂ ਦੱਸਿਆ ਕਿ ਇੰਗਲਿਸ਼ ਅਕੈਡਮੀ ਵਾਲਿਆਂ ਨੇ ਜਗਦੇਵ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸ਼ਹਿਣਾ ਨੂੰ ਵਰਕ ਪਰਮਿਟ ਦੇ ਅਧਾਰ ਪਰ ਯੂ.ਕੇ. ਭੇਜਣ ਦੇ ਨਾਂ ਉੱਤੇ 22 ਲੱਖ 50 ਹਜ਼ਾਰ ਰੁਪਏ ਲੈ ਲਏ, ਪਰੰਤੂ ਉਸ ਨੂੰ ਵਰਕ ਪਰਮਿਟ ਦੀ ਥਾਂ ਵਿਜ਼ਟਰ ਵੀਜਾ ਲੁਆ ਕੇ, ਯੂਕੇ ਭੇਜ ਦਿੱਤਾ, ਹੁਣ ਉੱਥੇ ਉਸ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਦੋ ਡੰਗ ਦੀ ਰੋਟੀ ਦਾ ਵੀ ਮੁਥਾਜ਼ ਹੋਇਆ ਫਿਰਦਾ ਹੈ। ਉਨ੍ਹਾਂ ਕਿਹਾ ਕਿ ਇੰਗਲਿਸ਼ ਅਕੈਡਮੀ ਜਿਹੀਆਂ ਹੋਰ ਵੀ ਕੰਪਨੀਆਂ ਲੋਕਾਂ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ, ਉਨ੍ਹਾਂ ਨੂੰ ਵਰਗਲਾ ਕੇ, ਲੱਖਾਂ ਰੁਪਏ ਹੜੱਪ ਰਹੀਆਂ ਹਨ, ਜਦੋਂਕਿ ਹਰ ਇੱਕ ਪੜ੍ਹਿਆ ਲਿਖਿਆ ਵਿਅਕਤੀ ਸਮਝਦਾ ਹੈ ਕਿ ਵਿਜਟਰ ਵੀਜੇ ਤੇ ਸਾਢੇ 22 ਲੱਖ ਰੁਪਏ ਦਾ ਖਰਚ ਹੀ ਨਹੀਂ ਆਉਂਦਾ, ਪਰੰਤੂ ਉਕਤ ਕੰਪਨੀਆਂ ਵਾਲੇ, ਨੌਜਵਾਨਾਂ ਨੂੰ ਵਿਦੇਸ਼ ਜਾ ਕੇ, ਵਰਕ ਪਰਮਿਟ ਲੈ ਕੇ ਦੇਣ ਦੇ ਸਬਜਬਾਗ ਦਿਖਾ ਕੇ, ਭੋਲੇ-ਭਾਲੇ ਲੋਕਾਂ ਦੀ ਲੁੱਟ ਕਰਨ ਵਿੱਚ ਲੱਗੇ ਹੋਏ ਹਨ, ਅਜਿਹੇ ਲੁੱਟ ਦੇ ਵਰਤਾਰੇ ਨੂੰ ਨੱਥ ਪਾਉਣ ਲਈ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ-ਧਨੇਰ) ਨੇ ਬੀੜਾ ਚੁੱਕ ਲਿਆ ਹੈ ਤੇ ਲੋਕ ਸੰਘਰਸ਼ ਰਾਹੀਂ ਹੁਣ ਪੀੜਤ ਲੋਕਾਂ ਨੂੰ ਇਨਸਾਫ ਦਿਵਾ ਕੇ, ਕਥਿਤ ਲੋਟੂ ਟੋਲੇ ਨੂੰ ਬੇਪਰਦ ਕੀਤਾ ਜਾਵੇਗਾ।
ਮੀਟਿੰਗ ਵਿੱਚ, ਜ਼ਿਲ੍ਹਾ ਕਮੇਟੀ ਨੇ ਉਕਤ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਇਸ ਸਬੰਧੀ ਐੱਸ ਐੱਸ ਪੀ ਬਰਨਾਲਾ ਨੂੰ ਮਿਲਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਮਸਲਾ ਹੱਲ ਕਰਨ ਲਈ ਦੋ ਹਫ਼ਤੇ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਤੈਅ ਸਮੇਂ ਵਿੱਚ ਪ੍ਰਸ਼ਾਸਨ ਨੇ ਮਸਲਾ ਹੱਲ ਨਾ ਕੀਤਾ ਤਾਂ ਬਾਂਸਲ ਟਾਇਰਜ਼ ਬਰਨਾਲਾ ਅਤੇ ਉਨ੍ਹਾਂ ਦੀ ਇੰਗਲਿਸ਼ ਅਕੈਡਮੀ ਦੇ ਸਾਹਮਣੇ ਅਣਮਿਥੇ ਸਮੇਂ ਲਈ ਪੱਕੇ ਧਰਨੇ ਲਾਏ ਜਾਣਗੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀ ਕਲਾਂ, ਰਾਮ ਸਿੰਘ ਸ਼ਹਿਣਾ, ਅਮਰਜੀਤ ਕੌਰ ਬਰਨਾਲਾ, ਪ੍ਰੇਮਪਾਲ ਕੌਰ, ਮਨਜੀਤ ਕੌਰ ਸੰਧੂ ਕਲਾਂ, ਅਮਰਜੀਤ ਸਿੰਘ ਠੁੱਲੀਵਾਲ, ਭੋਲਾ ਸਿੰਘ ਛੰਨਾਂ, ਕਾਲਾ ਜੈਦ, ਧੀਰਜ ਸਿੰਘ ਭਦੌੜ, ਪ੍ਰੇਮ ਸਿੰਘ ਸੰਧੂ ਕਲਾਂ ਆਦਿ ਆਗੂ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਜਥੇਬੰਦੀ ਦਾ ਜ਼ਿਲ੍ਹਾ ਪੱਧਰੀ ਵਫ਼ਦ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭਦੌੜ ਦੀ ਅਗਵਾਈ ਹੇਠ ਐੱਸਪੀਡੀ ਬਰਨਾਲਾ ਸਨਦੀਪ ਸਿੰਘ ਮੰਡ ਨੂੰ ਮਿਲਿਆ, ਜਿਨ੍ਹਾਂ ਨੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਪਾਰਲੀਮੈਂਟ ਚੋਣਾਂ ਵਿੱਚ ਕਿਸਾਨਾਂ/ਮਜ਼ਦੂਰਾਂ ਦੀ ਮੁੱਖ ਦੁਸ਼ਮਣ ਭਾਰਤੀ ਜਨਤਾ ਪਾਰਟੀ ਨੂੰ ਉਨ੍ਹਾਂ ਦੀ ਪਿੰਡਾਂ /ਸ਼ਹਿਰਾਂ ਵਿੱਚ ਆਮਦ ਸਮੇਂ ਐਸ.ਕੇ.ਐਮ. ਦੇ ਸੱਦੇ ਤਹਿਤ 11 ਨੁਕਾਤੀ ਸਵਾਲ ਨਾਮੇ ਅਨੁਸਾਰ ਲਾਗੂ ਕਰਨ ਲਈ ਵਿਉਂਤਬੰਦੀ ਕੀਤੀ ਗਈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਵੀ ਉਕਤ ਅਕੈਡਮੀ ਅਤੇ ਉਨਾਂ ਦੀ ਟਾਇਰਾਂ ਵਾਲੀ ਦੁਕਾਨ ਅੱਗੇ, ਸ਼ਹਿਣਾ ਦੇ ਹੀ ਇੱਕ ਹੋਰ ਨੌਜਵਾਨ ਨਾਲ ਵਿਦੇਸ਼ ਭੇਜਣ ਦੇ ਨਾਂ ਉੱਤੇ ਠੱਗੀ ਹੋਣ ਸਬੰਧੀ ਯੂਨੀਅਨ ਵੱਲੋਂ ਧਰਨਾ ਲਾਇਆ ਗਿਆ ਸੀ, ਜਿਸ ਉਪਰੰਤ ਹੀ ਅਕੈਡਮੀ ਵਾਲਿਆਂ ਨੇ ਪੈਸੇ ਮੋੜ ਕੇ ਖਹਿੜਾ ਛੁਡਵਇਆ ਸੀ। ਇਸ ਧਰਨੇ ਕਾਰਣ, ਸ਼ਹਿਰੀਆਂ ਨੂੰ ਵੀ ਆਵਾਜਾਈ ਵਿੱਚ ਅੜਿੱਕਾ ਪੈਣ ਕਾਰਣ, ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।