ਸੁਖਬੀਰ ਸਿੰਘ ਬਾਦਲ ਬੋਲੇ ,CM ਮਾਨ ਨੇ ਆਪਣੀ ਕੁਰਸੀ ਬਚਾਉਣ ਖ਼ਾਤਰ ਕੀਤੈ ਦਿੱਲੀ ਅੱਗੇ ਆਤਮ ਸਮਰਪਣ

Advertisement
Spread information

ਦਿੱਲੀ ਦੀਆਂ ਸਾਰੀਆਂ ਪਾਰਟੀਆਂ ਦੇ ਨਾਲ-ਨਾਲ ਭਗਵੰਤ ਮਾਨ  ਨੂੰ ਵੀ ਰੱਦ ਕਰਨ ਦੀ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ


ਰਾਜੇਸ਼ ਗੋਤਮ, ਪਟਿਆਲਾ 10 ਅਪ੍ਰੈਲ 2024

          ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ  ਨੇ ਅੱਜ ਪੰਜਾਬ ਸ਼ਰਾਬ ਘੁਟਾਲੇ ਅਤੇ ਸੂਬੇ ਦੇ ਸਰੋਤ ਆਮ ਆਦਮੀ ਪਾਰਟੀ (ਆਪ) ਦੀ ਵੱਖ-ਵੱਖ ਰਾਜਾਂ ਵਿਚ ਚੋਣ ਮੁਹਿੰਮ ’ਤੇ ਖਰਚ ਕੀਤੇ ਜਾਣ ਦੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ। ਉਹਨਾਂ ਇਹ ਮੰਗ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਚੁਣੌਤੀ ਦਿੰਦੀ ਪਟੀਸ਼ਨ ਦਿੱਲੀ ਹਾਈ ਕੋਰਟ ਵੱਲੋਂ ਖਾਰਜ ਕੀਤੇ ਜਾਣ ਮਗਰੋਂ ਕੀਤੀ ਹੈ।
         ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪੰਜਾਬ ਬਚਾਓ ਯਾਤਰਾ ਦੇ ਤਹਿਤ ਨਾਭਾ ਅਤੇ ਪਟਿਆਲਾ ਦਿਹਾਤੀ ਹਲਕਿਆਂ ਦਾ ਦੌਰਾ ਕੀਤਾ ਅਤੇ ਜਿਹਨਾਂ ਦੇ ਨਾਲ ਪਾਰਟੀ ਆਗੂ ਸ੍ਰੀ ਐਨ ਕੇ ਸ਼ਰਮਾ ਤੇ ਸਾਬਕਾ ਮੰਤਰੀ ਸ੍ਰੀ ਸੁਰਜੀਤ ਸਿੰਘ ਰੱਖੜਾ ਵੀ ਸਨ, ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਹਾਈ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਨੂੰ ਚੁਣੌਤੀ ਦਿੰਦੀ ਪਟੀਸ਼ਨ ਰੱਦ ਕਰਦਿਆਂ ਸਪਸ਼ਟ ਕੀਤਾ ਹੈ ਕਿ ਅਦਾਲਤ ਸਾਹਮਣੇ ਪੇਸ਼ ਸਬੂਤ ਤੋਂ ਸਪਸ਼ਟ ਹੈ ਕਿ ਕੇਜਰੀਵਾਲ ਨੇ 100 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਅਤੇ ਇਸ ਵਿਚੋਂ ਪੈਸਾ 2022 ਦੀਆਂ ਗੋਆ ਵਿਧਾਨ ਸਭਾ ਚੋਣਾਂ ਵਿਚ ਖਰਚਿਆ ਗਿਆ। ਉਹਨਾਂ ਕਿਹਾ ਕਿ ਗਵਾਹ ਬਣੇ ਲੋਕਾਂ ਦੇ ਨਾਲ-ਨਾਲ ਆਪ ਦੇ ਗੋਆ ਤੋਂ ਵਿਧਾਇਕ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਤੇ ਇਹ ਰਿਕਾਰਡ ਦਾ ਹਿੱਸਾ ਹੈ।
             ਬਾਦਲ ਨੂੰ ਨਾਭਾ ਤੇ ਪਟਿਆਲਾ ਦਿਹਾਤੀ ਹਲਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ ਜਿਸ ਦੌਰਾਨ ਮੱਖਣ ਸਿੰਘ ਲਾਲਕਾ ਤੇ  ਜਸਪਾਲ ਸਿੰਘ ਬਿੱਟੂ ਚੱਠਾ (ਹਲਕਾ ਇੰਚਾਰਜਾਂ) ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਸ਼ਾਮਿਲ ਸਨ, ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਸ਼ਰਾਬ ਘੁਟਾਲੇ ਵਿਚ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਜਦੋਂ ਕਿ ਇਹ ਘੁਟਾਲਾ ਵੀ ਦਿੱਲੀ ਦੀ ਤਰਜ਼ ’ਤੇ ਹੋਇਆ ਹੈ ਅਤੇ ਪੰਜਾਬ ਆਬਕਾਰੀ ਨੀਤੀ ਦਾ ਲਾਭ ਵੀ ਉਹਨਾਂ ਹੀ ਲੋਕਾਂ ਨੂੰ ਮਿਲਿਆ ਹੈ ਜਿਹਨਾਂ ਨੂੰ ਦਿੱਲੀ ਵਿਚ ਲਾਭ ਮਿਲਿਆ ਹੈ।
           ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਦੀ ਖ਼ਾਤਰ ਦਿੱਲੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ ਕਿਉਂਕਿ ਇਸ ਕੇਸ ਵਿਚ ਕੋਈ ਕਾਰਵਾਈ ਨਾ ਹੋਣ ਦਾ ਦੂਜਾ ਕੋਈ ਕਾਰਣ ਨਹੀਂ ਦਿਸਦਾ। ਬਾਦਲ ਨੇ ਕਿਹਾ ਕਿ ਬਦਲੇ ਵਿਚ ਮੁੱਖ ਮੰਤਰੀ ਨੇ ਹਰਿਆਣਾ ਪੁਲਿਸ ਦੇ ਉਹਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਿਹਨਾਂ ਨੇ ਪੰਜਾਬੀ ਨੌਜਵਾਨ ਸ਼ੁਭਕਰਨ ਸਿੰਘ ਦਾ ਕਤਲ ਕੀਤਾ ਤੇ ਅਨੇਕਾਂ ਹੋਰਨਾਂ ਨੂੰ ਚਲ ਰਹੇ ਕਿਸਾਨੀ ਅੰਦੋਲਨ ਦੌਰਾਨ ਜ਼ਖ਼ਮੀ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਲੋਕ ਦਿੱਲੀ ਆਧਾਰਿਤ ਪਾਰਟੀਆਂ ਦੇ ਨਾਲ ਨਾਲ ਉਹਨਾਂ ਸਭ ਨੂੰ ਰੱਦ ਕਰਨ ਜਿਹਨਾਂ ਨੇ ਪੰਜਾਬੀਆਂ ਦੇ ਹਿੱਤਾਂ ਦੇ ਉਲਟ ਕੇਂਦਰ ਨਾਲ ਗੁਪਤ ਸਮਝੌਤੇ ਕੀਤੇ ਹਨ।
           ਬਾਦਲ ਨੇ ਆਪ ਸਰਕਾਰ ਵੱਲੋਂ ਨਮੋਸ਼ੀ ਵਿਚ ਕਾਰਵਾਈਆਂ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾਕਿ  ਅਕਾਲੀ ਦਲ ਦੇ ਪੱਖ ਵਿਚ ਬੱਚੇ ਵੱਲੋਂ ਨਾਅਰੇ ਲਗਾਉਣ ਦੇ ਮਾਮਲੇ ਵਿਚ ਵੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਸਮਾਜ ਦਾ ਹਰ ਵਰਗ ਭਾਵੇਂ ਉਹ ਬੱਚੇ ਹੋਣ, ਉਹਨਾਂ ਦੇ ਮਾਪੇ ਹੋਣ ਜਾਂ ਫਿਰ ਬਜ਼ੁਰਗ ਹੋਣ ਸਾਰਿਆਂ ਦਾ ਹੀ ਆਪ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ। ਉਹਨਾਂ ਕਿਹਾ ਕਿ ਜੋ ਵੀ ਬੱਚੇ ਨੇ ਕਿਹਾ ਕਿ ਉਹ ਉਸਦੇ ਦਿਲ ਦੀ ਆਵਾਜ਼ ਸੀ ਕਿਉਂਕਿ ਲੋਕ ਆਪ ਸਰਕਾਰ ਦੇ ਰਾਜ ਤੋਂ ਅੱਕ ਗਏ ਹਨ ਤੇ ਉਹ ਭ੍ਰਿਸ਼ਟਾਚਾਰੀ ਤੇ ਪੰਜਾਬੀ ਵਿਰੋਧੀ ਪਾਰਟੀ ਨੂੰ ਬਾਹਰ ਦਾ ਰਾਹ ਵਿਖਾਉਣਾ ਚਾਹੁੰਦੇ ਹਨ। 

Advertisement
Advertisement
Advertisement
Advertisement
Advertisement
Advertisement
error: Content is protected !!