ਰਘਵੀਰ ਹੈਪੀ , ਬਰਨਾਲਾ 10 ਅਪ੍ਰੈਲ 2024
ਸ਼ਹਿਰ ‘ਚ ਸ਼ਰੇਆਮ ਬੇਖੌਫ ਘੁੰਮਦੇ ਅਪਰਾਧੀਆਂ ਦੇ ਹੌਂਸਲੇ ਇੱਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਉਹ ਘਰ ਦੇ ਬਾਹਰ ਖੜੀ ਇੱਕ ਕਾਰ ਦੇ ਸ਼ੀਸ਼ੇ ਤੋੜ ਕੇ, ਉਸ ਵਿੱਚੋਂ ਲੱਖਾਂ ਰੁਪਏ ਦੀ ਰਕਮ ਲੈ ਕੇ ਫਰਾਰ ਹੋ ਗਏ। ਇਹ ਵਾਰਦਾਤ ਨੂੰ ਮੋਟਰਸਾਈਕਲ ਸਵਾਰ ਦੋ ਅਪਰਾਧੀਆਂ ਨੇ ਨੰਗੇ ਮੂੰਹ ਹੀ, ਬਾਅਦ ਦੁਪਹਿਰ ਕਰੀਬ ਢਾਈ ਵਜੇ ਐਸ.ਡੀ. ਕਾਲਜ਼ ਨੇੜਲੇ ਰੇਲਵੇ ਫਾਟਕ ਕੋਲ ਸਥਿਤ ਗੋਬਿੰਦ ਕਲੋਨੀ ਗਲੀ ਨੰਬਰ 1 ਵਿੱਚ ਅੰਜਾਮ ਦਿੱਤਾ ਹੈ। ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਵੀ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੀ ਮੌਕਾ ਵਾਰਦਾਤ ਤੇ ਪਹੁੰਚ ਕੇ,ਦੋਸ਼ੀਆਂ ਦੀ ਤਲਾਸ਼ ਵਿੱਚ ਜੁਟ ਗਈ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਕੁਮਾਰ ਗੋਇਲ ਉਰਫ ਬਿੱਲੂ ਆੜਤੀਆ ਨੇ ਦੱਸਿਆ ਕਿ ਉਸ ਦਾ ਬੇਟਾ ਕੁਸ਼ਾਲ ਗੋਇਲ ਬੈਂਕ ਵਿੱਚੋਂ ਪੰਜ ਲੱਖ ਰੁਪਏ ਕੈਸ਼ ਕਢਵਾ ਕੇ ਲਿਆਇਆ ਸੀ, ਜਦੋਂਕਿ 2 ਲੱਖ 70 ਹਜ਼ਾਰ ਰੁਪਏ, ਉਸ ਨੇ ਕਿਸੇ ਨੂੰ ਦੇਣੇ ਸਨ, ਦੇ ਕੇ ਸਕੂਟਰੀ ਪਰ,ਘਰ ਆ ਗਿਆ। ਉਸ ਨੇ ਕਾਰ ਲੈ ਕੇ, ਸ਼ੈਲਰ ਵਾਲਾ ਜਾਣਾ ਸੀ, ਪਰੰਤੂ ਉਹ ਕਾਰ ਵਿੱਚ 2 ਲੱਖ 70 ਹਜ਼ਾਰ ਰੁਪਏ ਕੈਸ਼ ਰੱਖ ਕੇ, ਬਾਥਰੂਮ ਕਰਨ ਲਈ ਘਰ ਦਾਖਿਲ ਹੋਇਆ। ਜਦੋਂ ੳਹ ਬਾਥਰੂਮ ਕਰਕੇ, ਘਰੋਂ ਸਾਹਮਣੇ ਖੜੀ ਕਾਰ ਵੱਲ ਪਹੁੰਚਿਆਂ ਤਾਂ ਕਾਰ ਦੇ ਸ਼ੀਸ਼ੇ ਟੁੱਟੇ ਪਏ ਸਨ ਅਤੇ ਕੈਸ਼ ਉੱਥੇ ਨਹੀਂ ਸੀ। ਜਦੋਂ ਘਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੇਖੀ ਤਾਂ ਪਤਾ ਲੱਗਿਆ ਕਿ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ, ਦੋ ਵਿਅਕਤੀਆਂ ਨੇ ਕਾਰ ਦਾ ਸ਼ੀਸ਼ਾ ਤੋੜਿਆ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਇਹ ਪੂਰਾ ਘਟਨਾਕ੍ਰਮ 48 ਸਕਿੰਟ ਵਿੱਚ ਹੀ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈੇ। ਪੁਲਿਸ ਮੌਕਾ ਵਾਰਦਾਤ ਪਰ ਪਹੁੰਚ ਕੇ, ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਖੰਗਾਲ ਰਹੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਪਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਦਈ ਦੇ ਬਿਆਨ ਦੇ ਅਧਾਰ ਪਰ, ਅਣਪਛਤਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਅਧਾਰ ਤੇ ਦੋਸ਼ੀਆਂ ਦੀ ਸ਼ਨਾਖਤ ਕਰਕੇ,ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।